ਗੱਤਕਾ ਪ੍ਰਦਰਸ਼ਨ ਵਿੱਚ ਸੁਖਾਨੰਦ ਕਾਲਜ ਦੀ ਝੰਡੀ

ਸੁਖਾਨੰਦ -24 ਅਗਸਤ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਦੀ ਗੱਤਕਾ ਟੀਮ ਨੇ ਡਾ. ਸੁਖਜੀਤ ਢਿੱਲੋਂ ਮੁਖੀ ਖੇਡ ਵਿਭਾਗ ਅਤੇ ਸਹਾਇਕ ਪੋ੍ਰਫ਼ੈਸਰ ਕਿਰਨਜੀਤ ਕੌਰ ਦੀ ਅਗਵਾਈ ਹੇਠ ਮਾਛੀਵਾੜਾ ਵਿਖੇ ਆਯੋਜਿਤ ਚੌਥੀ ਪੰਜਾਬ ਸਟੇਟ ਗੱਤਕਾ ਚੈਂਪੀਅਨਸ਼ਿਪ ਵਿੱਚ ਸਿੰਗਲ ਸੋਟੀ ਵਿੱਚ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਕਾਲਜ ਟੀਮ ਨੇ ਪਹਿਲਾ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਜ਼ਿਕਰਯੋਗ ਹੈ ਕਿ ਇਸ ਚੈਂਪੀਅਨਸ਼ਿਪ ਵਿੱਚ 15 ਦੇ ਕਰੀਬ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਭਾਗ ਲਿਆ ਸੀ, ਜਿਸ ਵਿੱਚ ਸੁਖਾਨੰਦ ਕਾਲਜ ਦੀਆਂ ਵਿਦਿਆਰਥਣਾਂ ਮੋਹਰੀ ਰਹੀਆਂ। ਇਸ ਮਾਣ ਭਰੀ ਪ੍ਰਾਪਤੀ ਲਈ ਕਾਲਜ ਪ੍ਰਬੰਧਕੀ ਕਮੇਟੀ ਦੇ ਉੱਪ ਚੇਅਰਮੈਨ ਸ.  ਮੱਖਣ ਸਿੰਘ ਅਤੇ ਪਿੰ੍ਰਸੀਪਲ ਡਾ. ਸੁਖਵਿੰਦਰ ਕੌਰ ਨੇ ਹੋਣਹਾਰ ਖਿਡਾਰਣਾਂ, ਉਨ੍ਹਾਂ ਦੇ ਮਾਤਾ-ਪਿਤਾ, ਕੋਚ ਸ. ਹਰਦੀਪ ਸਿੰਘ ਖਾਲਸਾ ਅਤੇ ਖੇਡ ਵਿਭਾਗ ਨੂੰ ਤਹਿ ਦਿਲੋਂ ਵਧਾਈਆਂ ਦਿੱਤੀਆਂ। ਪਿ੍ਰੰਸੀਪਲ ਡਾ. ਸੁਖਵਿੰਦਰ ਕੌਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੱਤਕਾ ਸਾਡੇ ਪੰਜਾਬੀ ਵਿਰਸੇ ਦਾ ਅਨਿੱਖੜਵਾਂ ਅੰਗ ਰਿਹਾ ਹੈ ਅਤੇ ਸੁਖਾਨੰਦ ਕਾਲਜ ਹੋਰ ਖੇਡਾਂ ਦੇ ਬਰਾਬਰ, ਗੱਤਕਾ ਪ੍ਰਦਰਸ਼ਨ ਨੂੰ ਵੀ ਲਗਾਤਾਰ ਉਤਸ਼ਾਹ ਦੇਣ ਲਈ ਸੁਹਿਰਦ ਯਤਨ ਕਰ ਰਿਹਾ ਹੈ।