ਸੂਬੇ ਦੀ ਸ਼ਾਂਤੀ ਨੂੰ ਕਿਸੇ ਵੀ ਕੀਮਤ ’ਤੇ ਭੰਗ ਨਹੀਂ ਕਰਨ ਦਿੱਤਾ ਜਾਵੇਗਾ ਮੁੱਖ ਮੰਤਰੀ ਵੱਲੋਂ ਰਾਮ ਰਹੀਮ ਦੇ ਮਾਮਲੇ ’ਚ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਐਲਾਨ

*ਸ਼ਾਂਤੀ ਭੰਗ ਕਰਨ ਵਾਲਿਆਂ ਅਤੇ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਪੁਲਿਸ ਨੂੰ ਸਖਤ ਕਾਰਵਾਈ ਕਰਨ ਦੇ ਨਿਰਦੇਸ਼

ਨਵੀਂ ਦਿੱਲੀ, 22 ਅਗਸਤ (ਪੱਤਰ ਪਰੇਰਕ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਵਿਰੁੱਧ ਬਲਾਤਕਾਰ ਦੇ ਮਾਮਲੇ ਵਿੱਚ ਅਦਾਲਤ ਦੇ ਆਉਣ ਵਾਲੇ ਫੈਸਲੇ ਦੇ ਸਬੰਧ ਵਿੱਚ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਤੋੜਨ ਵਿਰੁੱਧ ਕਿਸੇ ਵੀ ਤਰਾਂ ਦੀ ਕੋਸ਼ਿਸ਼ ਵਿਰੁੱਧ ਸਖਤ ਚੇਤਾਵਨੀ ਦਿੱਤੀ ਹੈ। ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦੇਵੇਗੀ ਅਤੇ ਉਨਾਂ ਨੇ ਇਸ ਤਰਾਂ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਸੂਬਾ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਸੁਰੱਖਿਆ ਬਣਾਈ ਰੱਖਣ ਲਈ ਕੇਂਦਰ ਸਰਕਾਰ ਵੱਲੋਂ ਕੇਂਦਰੀ ਫੋਰਸ ਦੀਆਂ 75 ਕੰਪਨੀਆਂ ਪ੍ਰਾਪਤ ਹੋਈਆਂ ਹਨ ਅਤੇ ਅਦਾਲਤ ਦੇ ਫੈਸਲੇ ਤੋਂ ਬਾਅਦ ਕਿਸੇ ਵੀ ਤਰਾਂ ਦੀ ਗੜਬੜ ਰੋਕਣ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਾਰੇ ਕਦਮ ਚੁੱਕੇ ਜਾ ਰਹੇ ਹਨ। ਸੂਬੇ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਅਦਾਲਤ ਦੇ ਫੈਸਲੇ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਹਰਿਆਣਾ ਪੁਲਸ ਵੱਲੋਂ ਡੇਰਾ ਮੁਖੀ ਦੇ ਵਿਰੁੱਧ ਦਰਜ ਕੀਤੇ ਬਲਾਤਕਾਰ ਦੇ ਕੇਸ ਦੇ ਸਬੰਧ ਵਿੱਚ ਪੰਚਕੂਲਾ ਅਦਾਲਤ ਵੱਲੋਂ 25 ਅਗਸਤ ਨੂੰ ਫੈਸਲਾ ਦਿੱਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਪੁਲਸ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਨਿੱਜੀ ਤੌਰ ’ਤੇ ਨਾਜੁਕ ਇਲਾਕਿਆਂ ਦਾ ਦੌਰਾ ਕਰਨ ਅਤੇ ਕਿਸੇ ਵੀ ਅਣ-ਸੁਖਾਵੀਂ ਘਟਨਾ ਨੂੰ ਵਾਪਰਣ ਤੋਂ ਰੋਕਣ ਲਈ ਪੂਰੀ ਤਰਾਂ ਸੁਰੱਖਿਆ ਪ੍ਰਬੰਧ ਯਕੀਨੀ ਬਨਾਉਣ।  ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਅੱਜ ਸਵੇਰੇ ਬਠਿੰਡਾ ਅਤੇ ਹਰਿਆਣਾ ਦੀ ਸਰਹੱਦ ਨਾਲ ਲਗਦੇ ਹੋਰ ਨਾਜ਼ੁਕ ਜ਼ਿਲਿਆਂ ਦਾ ਦੌਰਾ ਕਰਨ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਨਿਰਦੇਸ਼ ਦਿੱਤੇ ਹਨ। ਸ੍ਰੀ ਅਰੋੜਾ ਨੇ ਬਠਿੰਡਾ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਪੁਲਿਸ ਮੁਲਾਜ਼ਮਾਂ ਨੂੰ ਚੌਕਸ ਰਹਿਣ ਅਤੇ ਸੂਬੇ ਵਿੱਚ ਹਰ ਹਾਲਤ ਵਿੱਚ ਸ਼ਾਂਤੀ ਤੇ ਸਦਭਾਵਨਾ ਨੂੰ ਕਾਇਮ ਰੱਖਣ ਦੇ ਨਿਰਦੇਸ਼ ਦਿੱਤੇ। ਬਠਿੰਡਾ ਤੋਂ ਇਲਾਵਾ ਡੀ.ਜੀ.ਪੀ. ਨੇ ਮਾਨਸਾ, ਮੋਗਾ, ਪਟਿਆਲਾ, ਲੁਧਿਆਣਾ ਦਿਹਾਤੀ, ਫਤਹਿਗੜ ਸਾਹਿਬ ਅਤੇ ਮੋਹਾਲੀ ਦਾ ਵੀ ਦੌਰਾ ਕੀਤਾ।    ਹਿਫਾਜ਼ਤੀ ਕਦਮਾਂ ਵਜੋਂ ਡੀ.ਜੀ.ਪੀ. ਨੇ ਡੀ.ਜੀ.ਪੀ. ਲਾਅ ਐਂਡ ਆਰਡਰ ਅਤੇ ਡੀ.ਜੀ.ਪੀ. ਇੰਟੈਲੀਜੈਂਸ ਦੇ ਨਾਲ ਜ਼ਿਲਾ ਮੈਜੀਸਟ੍ਰੇਟਾਂ ਅਤੇ ਐਸ.ਐਚ.ਓ. ਪੱਧਰ ਤੱਕ ਦੇ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਨੀਮ ਫੌਜੀ ਬਲਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਸੁਰੱਖਿਆ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਅਤੇ ਹੋਰ ਗਰੁੱਪਾਂ/ਵਿਅਕਤੀਆਂ ਦੀਆਂ ਯੋਜਨਾਵਾਂ ਬਾਰੇ ਉਪਲਬਧ ਹੋਈ ਸੂਚਨਾ ਸਬੰਧੀ ਵਿਸਤ੍ਰਤ ਖੂਫੀਆ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੀ ਗਈ। ਕਾਨੂੰਨ ਵਿਵਸਥਾ ਨੂੰ ਪੂਰੀ ਤਰਾਂ ਬਣਾਈ ਰੱਖਣ ਲਈ ਅਤੇ ਕਿਸੇ ਵੀ ਸੂਰਤ ਵਿੱਚ ਲੋਕਾਂ ਦੀ ਜਾਇਦਾਦ ਅਤੇ ਜੀਵਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੀਟਿੰਗ ਦੌਰਾਨ ਹਿਫਾਜ਼ਤੀ ਸੁਰੱਖਿਆ ਕਦਮਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਡੀ.ਜੀ.ਪੀ. ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਾਰੇ ਕਦਮ ਚੁੱਕਣ ਅਤੇ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਪਰੇਸ਼ਾਨੀ ਤੋਂ ਬਚਾਉਣ ਲਈ ਯਕੀਨੀ ਬਣਾਉਣ ਵਾਸਤੇ ਆਖਿਆ। ਉਨਾਂ ਕਿਹਾ ਕਿ ਗੜਬੜ ਪੈਦਾ ਕਰਨ ਵਾਲੇ ਸ਼ਰਾਰਤੀ ਤੱਤਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਡੀ.ਜੀ.ਪੀ. ਨੇ ਰਾਸ਼ਟਰ ਵਿਰੋਧੀ ਸ਼ਕਤੀਆਂ ਘਿਨੌਣੇ ਇਰਾਦਿਆਂ ਬਾਰੇ ਪੁਲਿਸ ਅਧਿਕਾਰੀਆਂ ਨੂੰ ਜਾਣੂੰ ਕਰਾਇਆ ਜੋ ਕਿ ਸੂਬੇ ਵਿੱਚ ਸ਼ਾਂਤੀ ਨਾਲ ਰਹਿ ਰਹੇ ਵੱਖ-ਵੱਖ ਭਾਈਚਾਰਿਆਂ ਵਿੱਚ ਦਰਾਰ ਪੈਦਾ ਕਰਨੀ ਚਾਹੁੰਦੇ ਹਨ। ਇਸੇ ਦੌਰਾਨ ਬਠਿੰਡਾ ਦੇ ਸਿਰਸੇ ਨਾਲ ਲੱਗਦੇ ਇਲਾਕੇ ਵਿੱਚ ਵੱਡੀ ਪੱਧਰ ’ਤੇ ਪੁਲਿਸ ਤਾਇਨਾਤ ਕੀਤੀ ਗਈ ਹੈ। ਸਿਰਸਾ ਡੇਰਾ ਸੱਚਾ ਸੌਦਾ ਦਾ ਹੈਡ ਕੁਆਟਰ ਹੈ। ਪੁਲਿਸ ਨੇ ਸੀ.ਆਰ.ਪੀ.ਐਫ. ਅਤੇ ਰੈਪਿਡ ਐਕਸ਼ਨ ਫੋਰਸ ਨਾਲ ਮਿਲ ਕੇ ਫਲੈਗ ਮਾਰਚ ਕੀਤਾ। ਇਸ ਤਰਾਂ ਦਾ ਮਾਰਚ ਮੋਗਾ ਵਿਖੇ ਵੀ ਕੀਤਾ ਗਿਆ। ਪੁਲਿਸ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਨਾਲ ਸੰਪਰਕ ਵਿੱਚ ਹੈ ਅਤੇ ਉਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਡੀ.ਜੀ.ਪੀ. ਨੂੰ ਨਾਜ਼ੁਕ ਖੇਤਰਾਂ ਦਾ ਹਵਾਈ ਸਰਵੇ ਕਰਨ ਲਈ ਪੰਜਾਬ ਸਰਕਾਰ ਵੱਲੋਂ ਹੈਲੀਕਪਟਰ ਮੁਹਈਆ ਕਰਾਇਆ ਗਿਆ ਹੈ ਅਤੇ ਉਨਾਂ ਨੂੰ ਨਾਜ਼ੁਕ ਇਲਾਕਿਆਂ ਦੇ ਜ਼ਮੀਨੀ ਹਾਲਤਾਂ ’ਤੇ ਨੇੜੀਓਂ ਨਿਗਾ ਰੱਖਣ ਲਈ ਨਿਰਦੇਸ਼ ਦਿੱਤੇ ਗਏ ਹਨ।   ਮੁੱਖ ਮੰਤਰੀ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਸੁਰੱਖਿਆ, ਖੂਫੀਆ ਅਤੇ ਪ੍ਰਸ਼ਾਸਕੀ ਅਧਿਕਾਰੀਆਂ ਦੀ ਇਕ ਉੱਚ ਪੱਧਰੀ ਮੀਟਿੰਗ ਕੀਤੀ। ਉਨਾਂ ਨੇ ਸਾਰੇ ਅਧਿਕਾਰੀਆਂ ਨੂੰ ਅਫਵਾਹਾਂ ਫੈਲਾਉਣ ਜਾਂ ਭੜਕਾਊ ਬਿਆਨ ਦੇਣ ਜਾਂ ਕਾਰਜ ਕਰਨ ਵਾਲੇ ਤੱਤਾਂ ਨਾਲ ਸਖਤੀ ਨਾਲ ਨਿਪਟਣ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਸਾਰੀਆਂ ਸਿਆਸੀਆਂ ਪਾਰਟੀਆਂ ਦੇ ਆਗੂਆਂ ਨੂੰ ਆਪਣੀ ਸਿਆਸੀ ਪਹੁੰਚ ਤੋਂ ਉੱਪਰ ਉਠ ਕੇ ਸੂਬੇ ਵਿੱਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਬਣਾਈ ਰੱਖਣ ’ਚ ਮਦਦ ਦੇਣ ਦੀ ਅਪੀਲ ਕੀਤੀ।