ਹਲਕੇ ਦੀ ਅਮਨ ਸ਼ਾਂਤੀ ਬਰਕਾਰ ਰੱਖਣ ਲਈ ਵਿਧਾਇਕ ਡਾ.ਹਰਜੋਤ ਨੇ ਕੀਤੀ ਅਪੀਲ
*ਕਿਹਾ, ਕੋਰਟ ਦੇ ਫੈਸਲੇ ਨੂੰ ਸ਼ਾਂਤਮਈ ਢੰਗ ਨਾਲ ਪ੍ਰਵਾਨ ਕਰਨ ਲੋਕ
ਮੋਗਾ, 21 ਅਗਸਤ (ਜਸ਼ਨ): ਆਉਣ ਵਾਲੀ 25 ਅਗਸਤ ਨੂੰ ਡੇਰਾ ਸਿਰਸਾ ਮੁਖੀ ਤੇ ਆਉਣ ਵਾਲੇ ਕੋਰਟ ਦੇ ਫੈਸਲੇ ਦਾ ਲੋਕਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਮੰਨਣਾ ਚਾਹੀਦਾ ਹੈ। ਇਸਦੇ ਮੱਦੇਨਜ਼ਰ ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਨੇ ਲੋਕਾਂ ਨੂੰ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਾਰ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਗਲਤ ਅਨਸਰਾਂ ਵਲੋਂ ਅਜਿਹੇ ਮੌਕਿਆਂ ਦਾ ਫਾਇਦਾ ਉਠਾਇਆ ਜਾਂਦਾ ਹੈ ਅਤੇ ਬਦਲੇ ਦੀ ਭਾਵਨਾ ਨਾਲ ਆਮ ਲੋਕਾਂ ਦਾ ਨੁਕਸਾਨ ਕੀਤਾ ਜਾਂਦਾ ਹੈ। ਡਾ. ਹਰਜੋਤ ਨੇ ਕਿਹਾ ਕਿ ਪੰਜਾਬ ਤਾਂ ਪਹਿਲਾਂ ਹੀ ਕਾਲੇ ਦੌਰ ਚੋ ਗੁਜ਼ਰ ਚੁੱਕਿਆ ਹੈ ਅਤੇ ਪੰਜਾਬ ਨੇ ਬਹੁਤ ਲੰਬਾ ਸਮਾਂ ਸੰਤਾਪ ਭੋਗਿਆ ਹੈ। ਇਸ ਲਈ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ ਅਤੇ ਕੋਰਟ ਜੋ ਵੀ ਫੈਸਲਾ ਦੇਵੇ ਉਸਤੇ ਭਟਕਣਾ ਨਹੀਂ ਚਾਹੀਦਾ। ਡਾ. ਹਰਜੋਤ ਨੇ ਲੋਕਾਂ ਨੂੰ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਆਪਣੀਆਂ ਭਾਵਨਾਵਾਂ ਤੇ ਕਾਬੂ ਰੱਖਣਾ ਚਾਹੀਦਾ ਹੈ, ਕਿਉਕਿ ਮੌਕਾਪ੍ਰਸਤ ਲੋਕ ਅਜਿਹੇ ਮੌਕਿਆਂ ਦਾ ਫਾਇਦਾ ਉਠਾ ਕੇ ਆਪਣੀ ਨਿੱਜੀ ਦੁਸ਼ਮਨੀ ਕੱਢਦੇ ਹਨ, ਜਿਸ ਨਾਲ ਨੁਕਸਾਨ ਆਮ ਲੋਕਾਂ ਦਾ ਹੀ ਹੁੰਦਾ ਹੈ।