ਅੰਮਿ੍ਰਤਸਰ ਵਿਖੇ ਅਲੋਪ ਹੋ ਰਹੀਆਂ ਕਲਾਵਾਂ ਦਾ ਮਿੳੂਜ਼ੀਅਮ, ਆਰਟ ਗੈਲਰੀ ਤੇ ਫੂਡ ਸਟਰੀਟ ਸਥਾਪਤ ਕੀਤੀ ਜਾਵੇਗੀ: ਨਵਜੋਤ ਸਿੰਘ ਸਿੱਧੂ

ਚੰਡੀਗੜ, 21 ਅਗਸਤ(ਪੱਤਰ ਪਰੇਰਕ)-ਪੰਜਾਬ ਦੀਆਂ ਅਲੋਪ ਹੋ ਰਹੀਆਂ ਕਲਾਵਾਂ ਬਾਰੇ ਨਵੀਂ ਪੀੜੀ ਨੂੰ ਜਾਣੂੰ ਕਰਵਾਉਣ ਲਈ ਅੰਮਿ੍ਰਤਸਰ ਵਿਖੇ ਮਿੳੂਜ਼ੀਅਮ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰ, ਪੰਜਾਬੀ ਪਹਿਰਾਵੇ ਅਤੇ ਪੰਜਾਬੀ ਜੀਵਨ ਜਾਚ ਨਾਲ ਜੁੜੀਆਂ ਵਸਤਾਂ ਬਾਰੇ ਆਰਟ ਗੈਲਰੀ ਅਤੇ ਰਵਾਇਤੀ ਪੰਜਾਬੀ ਪਕਵਾਨਾਂ ਵਾਲੀ ਫੂਡ ਸਟਰੀਟ ਵੀ ਬਣਾਈ ਜਾਵੇਗੀ। ਇਹ ਗੱਲ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਪੰਜਾਬੀ ਸਾਹਿਤ, ਸੱਭਿਆਚਾਰ, ਸੰਗੀਤ ਤੇ ਫਿਲਮਾਂ ਨਾਲ ਜੁੜੇ ਚੋਟੀ ਦੇ ਸਾਹਿਤਕਾਰਾਂ, ਕਲਾਕਾਰਾਂ ਤੇ ਬੁੱਧੀਜੀਵੀਆਂ ਨਾਲ ਮੀਟਿੰਗ ਦੌਰਾਨ ਕਹੀ। ਸ. ਸਿੱਧੂ ਨੇ ਕਿਹਾ ਕਿ ਦੇਸ਼ ਦੀ ਵੰਡ ਬਾਰੇ ਅੰਮਿ੍ਰਤਸਰ ਦੇ ਟਾੳੂਨ ਹਾਲ ਵਿਖੇ ਪਾਰਟੀਸ਼ੀਅਨ ਮਿੳੂਜ਼ੀਅਮ ਬਣਾਇਆ ਗਿਆ ਹੈ। ਉਨਾਂ ਕਿਹਾ ਕਿ ਦਰਬਾਰ ਸਾਹਿਬ ਸ੍ਰੀ ਅੰਮਿ੍ਰਤਸਰ ਵਿਖੇ ਰੋਜ਼ਾਨਾ ਇਕ ਲੱਖ ਤੋਂ ਵੱਧ ਸ਼ਰਧਾਲੂ ਆਉਦਾ ਹੈ। ਉਨਾਂ ਕਿਹਾ ਕਿ ਇਸੇ ਵੱਡੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਅੰਮਿ੍ਰਤਸਰ ਵਿਖੇ ਅਲੋਪ ਹੋ ਰਹੀਆਂ ਕਲਾਵਾਂ, ਸਾਜ਼ ਅਤੇ ਵਸਤਾਂ ਦਾ ਮਿੳੂਜ਼ੀਅਮ ਬਣਾਇਆ ਜਾਵੇਗਾ ਜਿਸ ਵਿੱਚ  ਫੁਲਕਾਰੀਆਂ, ਬਾਗ, ਪਰਾਂਦੇ, ਜੁੱਤੀ, ਅਲਗੋਜ਼ੇ, ਤੂੰਬੀ, ਢੋਲ ਆਦਿ ਵੀ ਰੱਖੇ ਜਾਣਗੇ ਤਾਂ ਜੋ ਨਵੀਂ ਪੀੜੀ ਅਮੀਰ ਪੰਜਾਬੀ ਵਿਰਸੇ ਨਾਲ ਜੁੜ ਸਕੇ। ਉਨਾਂ ਕਿਹਾ ਕਿ ਆਰਟ ਗੈਲਰੀ ਵੀ ਬਣਾਈ ਜਾਵੇਗੀ ਅਤੇ ਰਵਾਇਤੀ ਪੰਜਾਬੀ ਵਸਤਾਂ ਨੂੰ ਸੋਵੀਨਾਰ ਦੇ ਰੂਪ ਵਿੱਚ ਸੈਲਾਨੀਆਂ ਦੀ ਖਰੀਦ ਲਈ ਰੱਖਿਆ ਜਾਵੇਗਾ ਜਿਸ ਨਾਲ ਇਨਾਂ ਵਸਤਾਂ ਨਾਲ ਜੁੜੇ ਕਾਰੀਗਾਰਾਂ ਨੂੰ ਆਰਥਿਕ ਲਾਭ ਵੀ ਹੋਵੇਗਾ। ਇਸੇ ਤਰਾਂ ਰਵਾਇਤੀ ਪੰਜਾਬੀ ਖਾਣੇ ਦੀ ਫੂਡ ਸਟਰੀਟ ਸਥਾਪਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸ. ਸਿੱਧੂ ਨੇ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਸੱਭਿਆਚਾਰ ਨੀਤੀ ਦੇ ਖਾਕੇ ਨੂੰ ਅੰਤਿਮ ਰੂਪ ਦਿੱਤਾ ਗਿਆ ਜਿਸ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਪਹਿਲਾਂ ਅੱਜ ਇਹ ਮੀਟਿੰਗ ਸੱਦੀ ਗਈ ਹੈ। ਉਨਾਂ ਦੱਸਿਆ ਕਿ ਨੀਤੀ ਦਾ ਖਰੜਾ ਸਾਰੇ ਹਾਜ਼ਰ ਵਿਦਵਾਨਾਂ ਤੇ ਕਲਾਕਾਰਾਂ ਨੂੰ ਭੇਜ ਦਿੱਤਾ ਸੀ ਜਿਸ ਬਾਰੇ ਅੱਜ ਵਿਚਾਰ ਕੀਤਾ ਜਾਣਾ ਹੈ। ਵੱਖ-ਵੱਖ ਮਾਹਿਰਾਂ ਵੱਲੋਂ ਦਿੱਤੇ ਸੁਝਾਵਾਂ ’ਤੇ ਮੌਕੇ ਉਪਰ ਵੀ ਵਿਚਾਰ ਵਟਾਂਦਰਾ ਹੋਇਆ। ਸੱਭਿਆਚਾਰ ਤੇ ਸੈਰ ਸਪਾਟਾ ਨੀਤੀ ਬਾਰੇ ਗੱਲ ਹੋਈ ਜਿੱਥੇ ਮਾਹਿਰਾਂ ਨੇ ਰਾਏ ਦਿੱਤੀ ਕਿ ਸੱਭਿਆਚਾਰ ਨੀਤੀ ਦਾ ਮਨੋਰਥ ਆਉਣ ਵਾਲੀ ਪੀੜੀ ਨੂੰ ਪੰਜਾਬ ਦੇ ਅਮੀਰ ਵਿਰਸੇ, ਸੱਭਿਆਚਾਰ ਤੇ ਸਾਹਿਤ ਨਾਲ ਜੋੜਨਾ ਹੈ ਜਦੋਂ ਕਿ ਸੈਰ ਸਪਾਟਾ ਨੀਤੀ ਦਾ ਮਨੋਰਥ ਪੰਜਾਬ ਵਿੱਚ ਸੈਲਾਨੀਆਂ ਦੀ ਆਮਦ ਵਧਾ ਕੇ ਸੂਬੇ ਦੀ ਆਰਥਿਕਤਾ ਨੂੰ ਅੱਗੇ ਤੋਰਨਾ ਹੈ। ਮੀਟੰਗ ਵਿੱਚ ਮਿਲੇ ਕੁਝ ਸੁਝਾਵਾਂ ’ਤੇ ਅਮਲ ਕਰਨ ਦਾ ਭਰੋਸਾ ਦਿੰਦਿਆਂ ਸ. ਸਿੱਧੂ ਨੇ ਐਲਾਨ ਕੀਤਾ ਕਿ ਸਥਾਨਕ ਸਰਕਾਰਾਂ ਵਿਭਾਗ ਅਧੀਨ ਆਉਦੇ ਸਾਰੇ ਸ਼ਹਿਰਾਂ ਤੇ ਕਸਬਿਆਂ ਵਿੱਚ ਸਾਈਨ ਬੋਰਡਾਂ ਉਪਰ ਪੰਜਾਬੀ ਭਾਸ਼ਾ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ। ਉਨਾਂ ਇਹ ਵੀ ਕਿਹਾ ਕਿ ਪੰਜਾਬੀ ਭਾਸ਼ਾਂ ਦੀ ਪ੍ਰਫੁੱਲਤਾ ਲਈ ਉਹ ਮੁੱਖ ਮੰਤਰੀ ਜੀ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨਾਲ ਮੀਟਿੰਗ ਕਰ ਕੇ ਸਾਂਝੇ ਰੂਪ ਵਿੱਚ ਮੁਹਿੰਮ ਚਲਾਉਣ ਲਈ ਗੱਲ ਕਰਨਗੇ। ਇਸ ਮੌਕੇ ਉਨਾਂ ਇਹ ਵੀ ਕਿਹਾ ਕਿ ਪੰਜਾਬੀ ਸਾਹਿਤ, ਸੱਭਿਆਚਾਰ, ਸੰਗੀਤ ਨੂੰ ਸਮਰਪਿਤ ਪੰਜਾਬ ਦੀਆਂ ਸਿਖਰਲੀਆਂ ਸੰਸਥਾਵਾਂ ਨੂੰ ਪੈਰਾਂ ’ਤੇ ਖੜਾ ਕਰਨ ਲਈ ਸਰਕਾਰ ਵੱਲੋਂ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ ਅਤੇ ਇਨਾਂ ਸੰਸਥਾਵਾਂ ਨੂੰ ਪੱਕੀ ਗਰਾਂਟ ਦੇਣ ਦੀ ਵਿਵਸਥਾ ਬਣਾਈ ਜਾਵੇਗੀ। ਇਸ ਤੋਂ ਇਲਾਵਾ ਪੰਜਾਬੀ ਦੇ ਮਹਾਨ ਲੇਖਕਾਂ, ਕਲਾਕਾਰਾਂ ਨਾਲ ਜੁੜੀਆਂ ਥਾਵਾਂ ਦੀ ਬਿਹਤਰ ਰੱਖ-ਰਖਾਵ ਅਤੇ ਇਨਾਂ ਨੂੰ ਯਾਦਗਾਰੀ ਬਣਾਉਣ ਲਈ ਇਕ ਟੂਰ ਪ੍ਰੋਗਰਾਮ ਉਲੀਕਿਆ ਜਾਵੇਗਾ। ਪੰਜਾਬ ਵਿੱਚ ਇਤਿਹਾਸਕ ਥਾਵਾਂ ’ਤੇ ਫਿਲਮਾਂ ਦੀ ਸ਼ੂਟਿੰਗ ਲਈ ਆਗਿਆ ਦੇਣ ਲਈ ਸਿੰਗਲ ਵਿੰਡੋ ਸਿਸਟਮ ਲਾਗੂ ਕਰਨ ਬਾਰੇ ਵੀ ਸਹਿਮਤੀ ਹੋਈ। ਇਸੇ ਤਰਾਂ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐਨ.ਐਫ.ਡੀ.ਸੀ.) ਦੇ ਤਰਜ਼ ’ਤੇ ਪੰਜਾਬ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਬਣਾਉਣ ਬਾਰੇ ਵੀ ਵਿਚਾਰਾਂ ਹੋਈਆਂ। ਬੱਚਿਆਂ ਲਈ ਬਾਲ ਫਿਲਮਾਂ ਅਤੇ ਐਨੀਮੇਸ਼ਨ ਫਿਲਮਾਂ ਬਣਾਉਣ ਬਾਰੇ ਵੀ ਚਰਚਾ ਹੋਈ। ਅੰਤ ਵਿੱਚ ਸ. ਸਿੱਧੂ ਨੇ ਕਿਹਾ ਕਿ ਇਨਾਂ ਸਾਰੇ ਸੁਝਾਵਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਲਿਖਤੀ ਯੋਜਨਾ ਸੌਂਪੀ ਜਾਵੇ ਤਾਂ ਜੋ ਇਨਾਂ ਨੂੰ ਸੱਭਿਆਚਾਰ ਨੀਤੀ ਦਾ ਹਿੱਸਾ ਬਣਾਇਆ ਜਾ ਸਕੇ। ਇਸ ਮੌਕੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਜਸਪਾਲ ਸਿੰਘ, ਡਾਇਰੈਕਟਰ ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋਂ, ਪਦਮ ਸ੍ਰੀ ਡਾ. ਸੁਰਜੀਤ ਪਾਤਰ, ਸਤਵਿੰਦਰ ਬਿੱਟੀ, ਪੰਮੀ ਬਾਈ, ਡਾ.ਸੁਨੀਤਾ ਧੀਰ, ਨਿੰਦਰ ਘੁਗਿਆਣਵੀ, ਗੁਰਮੀਤ ਬਾਵਾ, ਡਾ.ਲਖਵਿੰਦਰ ਜੌਹਲ, ਮਨਮੋਹਨ ਸਿੰਘ, ਪ੍ਰੋ. ਰਾਜਪਾਲ ਸਿੰਘ, ਡਾ.ਦੀਪਕ ਮਨਮੋਹਨ ਸਿੰਘ, ਦਰਸ਼ਨ ਔਲਖ, ਕੇਵਲ ਧਾਲੀਵਾਲ, ਦੀਵਾਨ ਮੰਨਾ, ਜੰਗ ਬਹਾਦਰ ਗੋਇਲ, ਸੁੱਖੀ ਬਰਾੜ, ਡਾ.ਸੁਰਜੀਤ, ਡਾ. ਬਲਦੇਵ ਸਿੰਘ ਧਾਲੀਵਾਲ, ਸ਼ਰਨਜੀਤ ਸਿੰਘ, ਮਨਪਾਲ ਟਿਵਾਣਾ ਤੇ ਤਾਰਾ ਸਿੰਘ ਸੰਧੂ ਵੀ ਹਾਜ਼ਰ ਸਨ।