23 ਅਗਸਤ ਨੂੰ ਜਲੰਧਰ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ- ਐਕਸ਼ਨ ਕਮੇਟੀ
ਮੋਗਾ 21 ਅਗਸਤ(ਜਸ਼ਨ)-ਪੰਜਾਬ ਸਰਕਾਰ ਵੱਲੋਂ ਪ੍ਰਸਤਾਵਤ ਨਵੀਂ ਟ੍ਰਾਂਸਪੋਰਟ ਪਾਲਿਸੀ ਦੇ ਵਿਰੋਧ ਵਿੱਚ ਐਕਸ਼ਨ ਕਮੇਟੀ ਦੇ ਫੈਸਲੇ ਮੁਤਾਬਕ ਬੱਸ ਸਟੈਂਡ ਮੋਗਾ ਵਿਖੇ ਗੇਟ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਮੈਂਬਰ ਸਾਥੀ ਜਗਦੀਸ਼ ਸਿੰਘ ਚਾਹਲ ਅਤੇ ਰਛਪਾਲ ਸਿੰਘ ਮੌਜਗੜ੍ਹ ਨੇ ਦੱਸਿਆ ਕਿ ਸਰਕਾਰ ਵੱਲੋਂ ਨੈਸ਼ਨਲ ਹਾਈਵੇਜ਼ ਉੱਪਰ ਸਰਕਾਰੀ ਟ੍ਰਾਂਸਪੋਰਟ ਦਾ 25% ਕੋਟਾ ਘੱਟ ਕਰਨ ਅਤੇ ਸਟੇਟ ਹਾਈਵੇਜ਼ ਉੱਪਰ ਪਿਛਲੀ ਬਾਦਲ ਸਰਕਾਰ ਵਾਂਗ ਹੀ ਸਰਕਾਰੀ ਅਤੇ ਪ੍ਰਾਈਵੇਟ 40: 60 ਉੱਪਰ ਮੋਹਰ ਲਗਾਉਣ ਦਾ ਫੈਸਲਾ ਸਾਬਤ ਕਰਦਾ ਹੈ ਕਿ ਹਾਈਵੇਜ਼ ਰੂਟਾਂ ਦੀ ਗਿਣਤੀ ਵਿੱਚ ਪਹਿਲਾਂ ਨਾਲੋਂ ਵੱਡੀ ਪੱਧਰ ਤੇ ਵਾਧਾ ਹੋਇਆ ਹੈ। ਸਰਕਾਰ ਕਿਲੋਮੀਟਰ ਸਕੀਮ ਬੱਸਾਂ ਪਾਉਣ ਦੇ ਲਈ ਵੀ ਬਜਿੱਦ ਹੈ ਜਦਕਿ ਕਿਲੋਮੀਟਰ ਸਕੀਮ ਬੱਸਾਂ ਦੀ ਪਾਲਿਸੀ ਪਹਿਲਾਂ ਹੀ ਫੇਲ੍ਹ ਸਾਬਤ ਹੋਈ ਹੈ। ਕਿਲੋਮੀਟਰ ਸਕੀਮ ਬੱਸਾਂ ਪਾਉਣ ਨਾਲ ਮਹਿਕਮੇ ਦੀ ਆਮਦਨ ਨੂੰ ਖੋਰਾ ਲੱਗਦਾ ਹੈ ਅਤੇ ਭ੍ਰਿਸ਼ਟਾਚਾਰ ਨੂੰ ਵੀ ਬੜ੍ਹਾਵਾ ਮਿਲਦੀ ਹੈ। ਇਸ ਨਾਲ ਕੰਮ ਕਰਦੇ ਕਿਰਤੀਆਂ, ਡਰਾਈਵਰਾਂ ਅਤੇ ਵਰਕਸ਼ਾਪ ਸਟਾਫ਼ ਦੀ ਵੀ ਲੁੱਟ ਹੁੰਦੀ ਹੈ ਪਰ ਪ੍ਰਾਈਵੇਟ ਉਪਰੇਟਰਾਂ ਨੂੰ ਲਾਭ ਦੇਣ ਦੇ ਲਈ ਸਰਕਾਰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਲਈ ਤਿਆਰ ਨਹੀਂ ਹੈ। ਪੰਜਾਬ ਸਰਕਾਰ ਵੱਲੋਂ ਮਿੰਨੀ ਬੱਸਾਂ ਦੀ ਸੀਟਾਂ ਦੀ ਕਪੈਸਿਟੀ 32 ਤੋਂ 38 ਕਰਕੇ ਅਤੇ ਕਿਲੋਮੀਟਰਾਂ ਦੀ ਹੱਦ ਚੱਕ ਕੇ ( ਜੋ ਪਹਿਲਾਂ 25 ਕਿਲੋਮੀਟਰ ਤੱਕ ਸੀਮਿਤ ਸੀ) ਪ੍ਰਾਈਵੇਟ ਲਾਬੀ ਨੂੰ ਹੋਰ ਉਤਸ਼ਾਹਤ ਕਰਨ ਵੱਲ ਕਦਮ ਪੁੱਟ ਰਹੀ ਹੈ। ਮਿੰਨੀ ਬੱਸ ਦਾ ਨੈਸ਼ਨਲ ਹਾਈਵੇਜ਼ ਅਤੇ ਸਟੇਟ ਹਾਈਵੇਜ਼ ਉੱਪਰ 12 ਕਿਲੋਮੀਟਰ ਤੱਕ ਚੱਲਣ ਨਾਲ ਮਨਾਪਲੀ ਰੂਟਾਂ ਉੱਪਰ ਵੀ ਮਾੜਾ ਅਸਰ ਪਵੇਗਾ। ਪੰਜਾਬ ਰੋਡਵੇਜ਼ ਦੀ ਐਕਸ਼ਨ ਕਮੇਟੀ ਨੇ ਪ੍ਰਮੁੱਖ ਸਕੱਤਰ ਟ੍ਰਾਂਸਪੋਰਟ ਨੂੰ ਟ੍ਰਾਂਸਪੋਰਟ ਪਾਲਿਸੀ ਉੱਪਰ ਇਤਰਾਜ਼ ਅਤੇ ਮੀਟਿੰਗ ਲੈਣ ਦੀ ਵੀ ਲਿਖਤੀ ਬੇਨਤੀ ਕੀਤੀ ਹੈ ਪਰ ਅਜੇ ਤੱਕ ਸਰਕਾਰ ਵੱਲੋਂ ਮੀਟਿੰਗ ਬਾਰੇ ਸਮਾਂ ਨਾ ਦੇਣਾ ਸਾਬਤ ਕਰਦਾ ਹੈ ਕਿ ਸਰਕਾਰ ਐਕਸ਼ਨ ਕਮੇਟੀ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ। ਇਸ ਕਰਕੇ ਫੈਸਲਾ ਕੀਤਾ ਗਿਆ ਹੈ ਕਿ 23 ਅਗਸਤ 2017 ਨੂੰ ਬੱਸ ਸਟੈਂਡ ਜਲੰਧਰ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਅਗਲੇ ਸਖ਼ਤ ਐਕਸ਼ਨ ਦਾ ਐਲਾਨ ਵੀ ਕੀਤਾ ਜਾਵੇਗਾ। ਜਿਸਦੀ ਜ਼ਿੰਮੇਵਾਰੀ ਮਹਿਕਮੇ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਅੱਜ ਦੀ ਗੇਟ ਰੈਲੀ ਵਿੱਚ ਮੁੱਖ ਤੌਰ`ਤੇ ਸੂਬਾਈ ਆਗੂ ਸਾਥੀ ਦਰਸ਼ਨ ਸਿੰਘ ਟੂਟੀ, ਗੁਰਦੇਵ ਸਿੰਘ ਇੰਟਕ, ਇੰਦਰਜੀਤ ਭਿੰਡਰ, ਪਰਦੀਪ ਸਿੰਘ, ਪੋਹਲਾ ਸਿੰਘ ਬਰਾੜ, ਸੁਰਿੰਦਰ ਬਰਾੜ, ਖੁਸ਼ਪਾਲ ਸਿੰਘ, ਲਖਵੀਰ ਸਿੰਘ, ਸੂਬਾ ਸਿੰਘ, ਚਮਕੌਰ ਸਿੰਘ ਆਦਿ ਹਾਜ਼ਰ ਸਨ।