ਸੇਵਾ ਕੇਂਦਰਾਂ ਰਾਹੀਂ ਗਮਾਡਾ ਨਾਲ ਸਬੰਧਤ 5 ਸੇਵਾਵਾਂ ਵੀ ਮਿਲਣਗੀਆਂ-ਡਿਪਟੀ ਕਮਿਸ਼ਨਰ

ਮੋਗਾ 21 ਅਗਸਤ(ਜਸ਼ਨ)-ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਲੋਕਾਂ ਨੂੂੰ ਇੱਕ ਛੱਤ ਹੇਠ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਚਲਾਏ ਜਾ ਰਹੇ ਸੇਵਾ ਕੇਂਦਰਾਂ ਰਾਹੀਂ ਗਮਾਡਾ ਨਾਲ ਸਬੰਧਤ ਸੇਵਾਵਾਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਸ ਤਹਿਤ ਕਿਸੇ ਵੀ ਜ਼ਿਲੇ ਦਾ ਵਸਨੀਕ ਗਮਾਡਾ ਨਾਲ ਸਬੰਧਤ ਸੇਵਾਵਾਂ ਉਸੇ ਜ਼ਿਲੇ ਵਿੱਚ ਸਥਿਤ ਸੇਵਾ ਕੇਂਦਰ ਰਾਹੀਂ ਅਰਜ਼ੀ ਦੇ ਕੇ ਪ੍ਰਾਪਤ ਕਰ ਸਕੇਗਾ।ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਮਾਡਾ (ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ) ਨਾਲ ਸਬੰਧਤ 5 ਸੇਵਾਵਾਂ ਹੁਣ ਜ਼ਿਲਾ ਮੋਗਾ ਦੇ 82 ਸੇਵਾ ਕੇਂਦਰਾਂ ਵਿੱਚ ਕਿਸੇ ਵੀ ਥਾਂ ’ਤੇ ਅਰਜ਼ੀ ਦੇ ਕੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਨਾਂ ਸੇਵਾਵਾਂ ਵਿੱਚ ਰਿਹਾਇਸ਼ੀ ਇਮਾਰਤੀ ਨਕਸ਼ੇ/ਸੋਧੇ ਇਮਾਰਤੀ ਨਕਸ਼ੇ ਦੀ ਪ੍ਰਵਾਨਗੀ, ਵਪਾਰਕ ਇਮਾਰਤੀ ਨਕਸ਼ੇ/ਸੋਧੇ ਨਕਸ਼ੇ ਦੀ ਪ੍ਰਵਾਨਗੀ, ਇਮਾਰਤ ਲਈ ਮੁਕੰਮਲਤਾ ਸਰਟੀਫ਼ਿਕੇਟ/ਕਬਜ਼ਾ ਸਰਟੀਫ਼ਿਕੇਟ, ਇਤਰਾਜ਼-ਹੀਣਤਾ ਸਰਟੀਫ਼ੀਕੇਟ/ਡੁਪਲੀਕੇਟ ਅਲਾਟਮੈਂਟ/ਰੀ-ਅਲਾਟਮੈਂਟ ਪੱਤਰ, ਜਲ ਸਪਲਾਈ ਤੇ ਸੀਵਰੇਜ ਕੁਨੈਕਸ਼ਨ ਸ਼ਾਮਿਲ ਕੀਤੇ ਗਏ ਹਨ। ਉਨਾਂ ਜ਼ਿਲੇ ਦੇ ਗਮਾਡਾ ਨਾਲ ਸਬੰਧਤ ਕੰਮ-ਕਾਰ ਵਾਲੇ ਲੋਕਾਂ ਨੂੰ ਇਹ ਸੇਵਾਵਾਂ ਲਈ ਹੁਣ ਸੇਵਾ ਕੇਂਦਰਾਂ ਦਾ ਲਾਭ ਲੈਣ ਦੀ ਅਪੀਲ ਕੀਤੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਦੇ ਨਾਗਰਿਕਾਂ ਨੂੰ ਘਰਾਂ ਦੇ ਨੇੜੇ ਹੀ ਵੱਖ-ਵੱਖ ਸਰਕਾਰੀ ਸੇਵਾਵਾਂ ਜ਼ਿਲੇ ‘ਚ ਸਥਿਤ 82 ਸੇਵਾ ਕੇਂਦਰਾਂ ‘ਤੇ ਸਮਾਂ-ਬੱਧ ਢੰਗ ਨਾਲ ਸਫ਼ਲਤਾ ਪੂਰਵਿਕ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਜ਼ਿਲੇ ਅੰਦਰ ਖੋਲੇ ਗਏ ਕੁੱਲ 82 ਸੇਵਾ ਕੇਂਦਰਾਂ ਵਿਚੋਂ 70 ਸੇਵਾ ਕੇਂਦਰ ਟਾਈਪ-3, 11 ਸੇਵਾ ਕੇਂਦਰ ਟਾਈਪ-2 ਅਤੇ ਇੱਕ ਸੇਵਾ ਕੇਦਰ ਟਾਈਪ-1 ਹੈ। ਉਨਾਂ ਦੱਸਿਆ ਕਿ ਇੰਨਾਂ ਸੇਵਾ ਕੇਂਦਰਾਂ ਵਿੱਚ ਆਮ ਲੋਕਾਂ ਨੂੰ ਸਵੇਰੇ 9.30 ਵਜੇ ਤੋਂ ਸ਼ਾਮ 6 ਵਜੇ ਤੱਕ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।