ਨੌਜਵਾਨ ਦੀ ਹੱਤਿਆ ਦੇ ਮਾਮਲੇ ’ਚ ਦੋ ਨੂੰ ਉਮਰ ਕੈਦ ਅਤੇ ਜੁਰਮਾਨਾ

ਮੋਗਾ,18 ਅਗਸਤ (ਜਸ਼ਨ)-ਦਿਨ ਦਿਹਾੜੇ 22 ਸਾਲਾਂ ਨੌਜਵਾਨ ਦੀ ਕਿਰਚ ਮਾਰ ਕੇ ਹੱਤਿਆ ਕਰਨ ਦੇ ਦੋਸ਼ ’ਚ ਦੋ ਦੋਸ਼ੀਆਂ ਨੂੰ ਅਡੀਸ਼ਨਲ ਜਿਲਾ ਸ਼ੈਸ਼ਨ ਜੱਜ ਰਜਿੰਦਰ ਅਗਰਵਾਲ ਦੀ ਅਦਾਲਤ ਨੇ ਉਮਰ ਕੈਦ, 2-2 ਲੱਖ ਰੁਪਏ ਜੁਰਮਾਨਾ ਅਤੇ ਜੁਰਮਾਨਾ ਨਾ ਦੇਣ ’ਤੇ ਦੋਸ਼ੀਆਂ ਨੂੰ ਦੋ-ਦੋ ਸਾਲ ਦੀ ਹੋਰ ਕੈਦ ਕੱਟਣ ਦਾ ਫੈਸਲਾ ਸੁਣਾਇਆ ਹੈ। ਜਾਣਕਾਰੀ ਅਨੁਸਾਰ ਪਿੰਡ ਸੁਖਾਨੰਦ ਨਿਵਾਸੀ ਮਨਜੀਤ ਕੌਰ ਪਤਨੀ ਸੁਖਮੰਦਰ ਸਿੰਘ ਦੇ ਬਿਆਨਾਂ ’ਤੇ ਥਾਣਾ ਸਮਾਲਸਰ ਦੀ ਪੁਲਿਸ ਨੇ 5 ਜਨਵਰੀ 2016 ਨੂੰ ਇਸੇ ਪਿੰਡ ਦੇ ਦੋ ਨੌਜਵਾਨ ਇਕਬਾਲ ਸਿੰਘ ਉਰਫ ਮਾਹਲਾ ਪੁੱਤਰ ਜੱਗਾ ਸਿੰਘ ਅਤੇ ਸੁਖਦੀਪ ਸਿੰਘ ਪੁੱਤਰ ਰਾਮ ਸਿੰਘ ਦੇ ਖਿਲਾਫ ਮਨਜੀਤ ਕੌਰ ਦੇ ਲੜਕੇ ਸੁਖਪ੍ਰੀਤ ਸਿੰਘ ਦੀ ਹੱਤਿਆ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਸੀ। ਸੁਖਪ੍ਰੀਤ ਸਿੰਘ ਦਾ ਦੋਸ਼ੀਆਂ ਦੇ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਸੀ। ਜਿਸ ਦੇ ਚੱਲਦਿਆਂ ਦੋਸ਼ੀਆਂ ਨੇ ਸੁਖਪ੍ਰੀਤ ਨੂੰ ਪਿੰਡ ਦੀ ਦਾਣਾ ਮੰਡੀ ’ਚ ਬੁਲਾ ਲਿਆ ਅਤੇ ਉੱਥੇ ਕਿਰਚ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ। ਅਦਾਲਤ ਨੇ ਗਵਾਹਾਂ ਅਤੇ ਸਬੂਤਾਂ ਦੇ ਆਧਾਰ ’ਤੇ ਇਕਬਾਲ ਸਿੰਘ ਅਤੇ ਸੁਖਦੀਪ ਸਿੰਘ ਨੂੰ ਹੱਤਿਆ ਦਾ ਦੋਸ਼ੀ ਕਰਾਰ ਦਿੰਦਿਆਂ ਉਨਾਂ ਨੂੰ ਉਕਤ ਸਜ਼ਾ ਦਾ ਫੈਸਲਾ ਸੁਣਾਇਆ ਹੈ।