ਖੇਤੀ ਮਾਹਿਰਾਂ ਨੇ ਦਿੱਤਾ ਕੁਦਰਤੀ ਸਰੋਤ ਬਚਾਉਣ ਦਾ ਹੋਕਾ

ਨੱਥੂਵਾਲਾ ਗਰਬੀ ,18 ਅਗਸਤ (ਪੱਤਰ ਪਰੇਰਕ)-ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਜਿਲ੍ਹਾ ਮੋਗਾ ਦੇ ਮੁੱਖ ਖੇਤੀਬਾੜੀ ਅਫਸਰ ਡਾ: ਪਰਮਜੀਤ ਸਿੰਘ ਬਰਾੜ ਦੀਆਂ ਹਦਾਇਤਾਂ ਤੇ ਚਲਾਈ ਕਿਸਾਨ ਸੰਪਰਕ ਮੁਹਿੰਮ ਅਧੀਨ ਬਲਾਕ ਖੇਤੀਬਾੜੀ ਅਫਸਰ ਡਾ: ਜਰਨੈਲ ਸਿੰਘ ਬਰਾੜ ਦੀ ਅਗਵਾਈ ਹੇਠ  ਖੇਤੀ ਮਾਹਿਰਾਂ ਵੱਲੋਂ ਮਾਹਲਾ ਕਲਾਂ ਦੀ ਸਹਿਕਾਰੀ ਸਭਾ ਵਿੱਚ ਇੱਕ ਵਿਸ਼ਾਲ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਵਿੱਚ ਆਏ ਕਿਸਾਨਾਂ ਨੂੰ ਖੇਤੀ ਮਾਹਿਰਾਂ ਡਾ: ਨਵਦੀਪ ਸਿੰਘ ਜੌੜਾ, ਡਾ: ਗੁਰਮਿੰਦਰ ਸਿੰਘ ਬਰਾੜ ਅਤੇ ਡਾ: ਧਰਮਵੀਰ ਸਿੰਘ ਕੰਬੋ ਨੇ ਕਿਸਾਨਾਂ ਨੂੰ ਬੇਤਹਾਸਾ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ, ਧਰਤੀ ਹੇਠਲੇ ਪਾਣੀ ਦੀ ਵਿਵੇਕਹੀਣ ਵਰਤੋਂ ਪ੍ਰਤਿ ਸੁਚੇਤ ਕਰਦਿਆਂ, ਵਿਗਿਆਨਿਕ ਵਿਧੀਆਂ ਰਾਹੀ ਕੁਦਰਤੀ ਸਰੋਤਾਂ ਨੂੰ ਬਚਾਉਣ ਹਿੱਤ ਸਰਵਪੱਖੀ ਕੀਟ ਪ੍ਰਬੰਧ, ਪਾਣੀ ਦੀ ਸੰਜਮ ਨਾਲ ਵਰਤੋਂ ਦੀਆਂ ਤਕਨੀਕਾਂ, ਖਾਦਾਂ ਦੀ ਸੰਤੁਲਤ ਵਰਤੋਂ, ਨੈਸ਼ਨਲ ਗਰੀਨ ਟਿ੍ਰਬਿਊਨਲ ਦੀਆਂ ਹਦਾਇਤਾ ਤੇ ਝੋਨੇ ਦੀ ਪਰਾਲੀ ਨੂੰ ਨਾ ਸਾੜਨ, ਪਰਾਲੀ ਨੂੰ ਖੇਤ ਵਿੱਚ ਵਾਹੁਣ ਦੀਆਂ ਤਕਨੀਕਾਂ ਆਦਿ ਬਾਰੇ ਕਿਸਾਨ ਭਰਾਵਾਂ ਨਾਲ ਵਿਸਥਾਰ ਪੂਰਵਿਕ ਵਿਚਾਰ ਸਾਂਝੇ ਕੀਤੇ। ਇਸ ਮੌਕੇ ਤੇ ਬੈਂਕ ਮੈਨੇਜਰ ਹਰਮਿੰਦਰਪਾਲ ਸਿੰਘ ਗਿੱਲ, ਸੁਸਾਇਟੀ ਸਕੱਤਰ ਜਸਪਾਲ ਸਿੰਘ ਅਤੇ ਦਲੀਪ ਸਿੰਘ ਨੇ ਜਿੱਥੇ ਸਹਿਕਾਰੀ ਸਭਾਵਾਂ ਨੂੰ ਮਜਬੂਤ ਕਰਨ ਦਾ ਸੱਦਾ ਦਿੱਤਾ, ਉੱਥੇ ਹੀ ਕਿਸਾਨ ਭਰਾਵਾਂ ਨੂੰ ਖੇਤੀ ਮਾਹਿਰਾਂ ਦੀਆਂ ਸਿਫਾਰਸ਼ਾਂ ਤੇ ਅਮਲ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਵਰਿੰਦਰ ਸਿੰਘ ਨੇ ਆਏ ਹੋਏ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਨਰਦੇਵ ਸਿੰਘ ਬੀ.ਟੀ.ਐਮ, ਲਖਵੀਰ ਸਿੰਘ ਰਾਊਕੇਂ, ਮਨਮਨਿੰਦਰ ਸਿੰਘ, ਬਲਕਾਰ ਸਿੰਘ, ਲਖਵੀਰ ਸਿੰਘ, ਜਸਵੀਰ ਸਿੰਘ , ਮਲਕੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਵੀਰ ਹਾਜ਼ਰ ਸਨ।