ਜੰਗਲੀ ਖੇਤਰਾਂ ’ਚ ਤਾਰਬੰਦੀ ਕਰਨ ’ਤੇ 12 ਕਰੋੜ ਰੁਪਏ ਖਰਚੇ ਜਾਣਗੇ: ਸਾਧੂ ਸਿੰਘ ਧਰਮਸੋਤ 

ਚੰਡੀਗੜ, 17 ਅਗਸਤ:(ਪੱਤਰ ਪਰੇਰਕ)-ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਦੀਆਂ ਫਸਲਾਂ ਦੇ ਬਚਾਅ ਲਈ ਜੰਗਲੀ ਖੇਤਰਾਂ ’ਚ 57.38 ਕਿਲੋਮੀਟਰ ਲੰਬਾਈ ਦੀ ਤਾਰਬੰਦੀ ਕਰਨ ਦਾ ਫੈਸਲਾ ਕੀਤਾ ਹੈ ਜਿਸ ’ਤੇ ਅਨੁਮਾਨਿਤ 1212.87 ਲੱਖ ਰੁਪਏ ਦੀ ਲਾਗਤ ਆਵੇਗੀ। ਇਹ ਪ੍ਰਗਟਾਵਾ ਪੰਜਾਬ ਦੇ ਜੰਗਲਾਤ ਦੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕੀਤਾ। ਉਨਾਂ ਦੱਸਿਆ ਕਿ ਜੰਗਲੀ ਜੀਵ ਸੁਰੱਖਿਆ ਐਕਟ-1972 ਦੇ ਲਾਗੂ ਹੋਣ ਮਗਰੋਂ ਸੂਬੇ ’ਚ ਨੀਲ ਗਾਂ, ਜੰਗਲੀ ਸੂਰ ਅਤੇ ਸਾਂਬਰ ਆਦਿ ਜਾਤੀਆਂ ਦੀ ਅਬਾਦੀ ’ਚ ਵਾਧਾ ਹੋਇਆ ਹੈ। ਭਾਵੇਂ ਇਸ ਨੂੰ ਜੰਗਲੀ ਜੀਵ ਸੁਰੱਖਿਆ ਦੀ ਦਿ੍ਰਸ਼ਟੀ ਤੋਂ ਪ੍ਰਾਪਤੀ ਮੰਨਿਆ ਜਾਂਦਾ ਹੈ ਪਰ ਜੰਗਲੀ ਜੀਵਾਂ ਦੇ ਵਾਧੇ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਦੋਂ ਜੰਗਲੀ ਜੀਵ ਉਨਾਂ ਦੀ ਖੜੀ ਫਸਲ ਦਾ ਨੁਕਸਾਨ ਕਰ ਦਿੰਦੇ ਹਨ। ਜੰਗਲੀ ਜੀਵਾਂ ਤੇ ਮਨੁੱਖ ਦੇ ਇਸ ਸੰਘਰਸ਼ ’ਚ ਜੰਗਲੀ ਰੱਖਾਂ ਨੇੜਲੇ ਪਿੰਡਾਂ ਦੇ ਕਿਸਾਨਾਂ ਨੂੰ ਦਿਨ ਅਤੇ ਰਾਤ ਦੌਰਾਨ ਆਪਣੀ ਫਸਲ ਦੀ ਲਗਾਤਾਰ ਨਿਗਰਾਨੀ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਉਨਾਂ ਕਿਹਾ ਕਿ ਪਟਿਆਲਾ ਜ਼ਿਲੇ ’ਚ ਇਹ ਵੱਡੀ ਸਮੱਸਿਆ ਆਈ ਕਿਉਂਕਿ ਇੱਥੇ 6 ਜੰਗਲੀ ਰੱਖਾਂ ਹਨ। ਇਸਦੇ ਫਲਸਰੂਪ ਜ਼ਿਲਾ ਪਟਿਆਲਾ ਦੀਆਂ ਜੰਗਲੀ ਰੱਖਾਂ ਦੀ ਤਾਰਬੰਦੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਦੀ ਸਮੱਸਿਆ ਦੇ ਹੱਲ ਦੇ ਨਾਲ-ਨਾਲ ਜੰਗਲੀ ਜੀਵਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾ ਸਕੇ। ਉਨਾਂ ਦੱਸਿਆ ਕਿ ਪਟਿਆਲਾ ਮੰਡਲ ਵਿਖੇ ਪੈਂਦੇ ਬੀੜ ਭੋਰੇ ਅਗੋਲ, ਮਾਲੀਆਂ ਖੇੜੀ, ਬਹਾਦਰਗੜ, ਛੋਟੀ ਭੁੱਨਰਹੇੜੀ, ਖੇੜੀ ਗੁੱਜਰਾਂ ਅਤੇ ਬੀੜ ਮੀਰਾਂਪੁਰ ਤੇ ਗੋਗਪੁਰ ਜੰਗਲਾਤ ਖੇਤਰਾਂ ਦੀ ਤਾਰਬੰਦੀ ਦੇ ਪ੍ਰਾਜੈਕਟ ’ਤੇ ਉਪਰੋਕਤ ਅਨੁਮਾਨਿਤ ਰਕਮ ਖਰਚੀ ਜਾਵੇਗੀ। ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੰਗਲਾਤ ਵਿਭਾਗ ਵਲੋਂ ਜ਼ਿਲਾ ਹੁਸ਼ਿਆਰਪੁਰ ਦੀ ਤੱਖਣੀ ਰਹਿਮਾ ਪੁਰ ਜੰਗਲੀ ਰੱਖ ਵਿਖੇ 1.347 ਕਿਲੋਮੀਟਰ ਦੇ ਦਾਇਰੇ ਵਿੱਚ ਸੋਲਰ ਤਾਰਬੰਦੀ ਲਾਈ ਗਈ ਹੈ। ਸ. ਧਰਮਸੋਤ ਨੇ ਦੱਸਿਆ ਕਿ ਪਟਿਆਲਾ ਜ਼ਿਲੇ ’ਚ ਬੀੜ ਭੋਰੇ ਅਗੋਲ ਵਿਖੇ 300 ਲੱਖ ਦੀ ਲਾਗਤ ਨਾਲ 15.60 ਕਿਲੋਮੀਟਰ ਮਾਲੀਆਂ ਖੇੜੀ, ਬਹਾਦਰਗੜ, ਛੋਟੀ ਭੁੱਨਰਹੇੜੀ, ਖੇੜੀ ਗੁੱਜਰਾਂ ਦੇ ਜੰਗਲੀ ਖੇਤਰਾਂ ਵਿਖੇ 356.87 ਲੱਖ ਦੀ ਲਾਗਤ ਨਾਲ 16.22 ਕਿਲੋਮੀਟਰ ਅਤੇ ਗੋਗਪੁਰ ਜੰਗਲਾਤ ਖੇਤਰ ਵਿਖੇ 556 ਲੱਖ ਦੀ ਲਾਗਤ ਨਾਲ 25.56 ਕਿਲੋਮੀਟਰ ’ਚ ਤਾਰਬੰਦੀ ਕੀਤੀ ਜਾਵੇਗੀ। ਸ. ਧਰਮਸੋਤ ਨੇ ਦੱਸਿਆ ਕਿ ਪਟਿਆਲਾ ਜ਼ਿਲੇ ਬੀੜ ਭਾਦਸੋਂ, ਬੀੜ ਭੁਨਰਹੇੜੀ, ਬੀੜ ਮੋਤੀ ਬਾਗ, ਬੀੜ ਗੁਰਦਿਆਲਪੁਰਾ ਅਤੇ ਬੀੜ ਦੋਸਾਂਝ ਦੇ 3464.75 ਹੈਕਟੇਅਰ ਖੇਤਰ ਵਿਖੇ ਕੁੱਲ 57.30 ਕਿਲੋਮੀਟਰ ਲੰਬਾਈ ਖੇਤਰ ’ਚ ਤਾਰਬੰਦੀ ਕੀਤੀ ਗਈ ਹੈ ਜਿਸ ’ਤੇ 791.37 ਲੱਖ ਰੁਪਏ ਖਰਚੇ ਜਾ ਚੁੱਕੇ ਹਨ। ਉਨਾਂ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਬੀੜ ਭਾਦਸੋਂ ਦੇ 1022.63 ਹੈਕਟੇਅਰ ਖੇਤਰ ’ਚ 11.475 ਕਿਲੋਮੀਟਰ, ਬੀੜ ਭੁਨਰਹੇੜੀ ਦੇ 650 ਹੈਕਟੇਅਰ ਖੇਤਰ ’ਚ 11.220 ਕਿਲੋਮੀਟਰ, ਬੀੜ ਮੋਤੀ ਬਾਗ ਦੇ 654 ਹੈਕਟੇਅਰ ਖੇਤਰ ’ਚ 11.500 ਕਿਲੋਮੀਟਰ, ਬੀੜ ਗੁਰਦਿਆਲਪੁਰਾ ਦੇ 620.53 ਹੈਕਟੇਅਰ ਵਿਖੇ 10.611 ਮਿਲੋਮੀਟਰ ਅਤੇ ਬੀੜ ਦੋਸਾਂਝ ਦੇ 517.59 ਹੈਕਟੇਅਰ ’ਚ 12.500 ਕਿਲੋਮੀਟਰ ਖੇਤਰ ’ਚ ਤਾਰਬੰਦੀ ਕੀਤੀ ਜਾ ਚੁੱਕੀ ਹੈ।