ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਵੱਲੋਂ ਬੁਰਜ, ਬਰਗਾੜੀ ਅਤੇ ਬਹਿਬਲ ਕਲਾਂ ਦੀਆਂ ਘਟਨਾਵਾਂ ਦੀ ਮੁੜ ਜਾਂਚ ਸ਼ੁਰੂ
ਬਰਗਾੜੀ 17 ਅਗਸਤ (ਮਨਪ੍ਰੀਤ ਸਿੰਘ ਬਰਗਾੜੀ ਸਤਨਾਮ ਬੁਰਜ ਹਰੀਕਾ) -ਪਿਛਲੇ ਸਮੇਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ= ਚੋਰੀ ਹੋ ਜਾਣ ਬਾਅਦ ਕਸਬਾ ਬਰਗਾੜੀ ਵਿਖੇ ਇਸ ਦੇ ਅੰਗਾਂ ਨੂੰ ਗਲੀਆਂ ਵਿੱਚ ਖਲਾਰ ਕੇ ਬੇਅਦਬੀ ਕੀਤੇ ਜਾਣ ਅਤੇ ਬਹਿਬਲ ਕਲਾਂ ਵਿਖੇ ਸ਼ਾਤਮਈ ਧਰਨਾ ਵਿੱਚ ਨਾਮ ਜਪ ਰਹੀਆਂ ਸੰਗਤਾਂ ਉਪਰ ਪੁਲਿਸ ਪ੍ਰਸ਼ਾਸਨ ਵੱਲੋਂ ਅੰਨੇਵਾਹ ਚਲਾਈਆਂ ਗੋਲੀਆਂ ਨਾਲ ਦੋ ਸਿੰਘਾਂ ਦੇ ਸ਼ਹੀਦ ਹੋਣ ਜਾਣ ਕਾਰਨ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਅਤੇ ਨਿਰਾਸ਼ਤਾ ਪਾਈ ਜਾ ਰਹੀ ਸੀ ਇਨਾਂ ਘਟਨਾਂਵਾਂ ਨੂੰ ਲੈ ਕੇ ਪੰਥਕ ਆਗੂ ਅਤੇ ਸਿੱਖ ਬੁੱਧੀਜੀਵੀ ਜਾਂਚ ਕਮਿਸ਼ਨ ਬਣਾਏ ਜਾਣ ਦੀ ਮੰਗ ਕਰ ਰਹੇ ਸਨ। ਜੋ ਪਿਛਲੀ ਸਰਕਾਰ ਨੇ ਜਸਟਿਸ ਜੋਰਾ ਸਿੰਘ ਦੀ ਅਗਵਾਈ ਹੇਠ ਇਹ ਕਮੀਸ਼ਨ ਬਣਾਇਆ ਅਤੇ ਉਸ ਕਮਿਸ਼ਨ ਨੇ ਆਪਣੀ ਜਾਂਚ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਸੀ, ਜਿਸ ਤੋਂ ਸਿੱਖ ਜਗਤ ਅਸੰਤੁਸ਼ਟ ਸੀ ਅਤੇ ਜਸਟਿਸ ਕਾਟਜੂ ਕਮਿਸ਼ਨ ਦੀ ਜਾਂਚ ਰਿਪੋਰਟ ਨੂੰ ਲੋਕ ਠੀਕ ਮੰਨਦੇ ਹੋਏ ਵਿਸ਼ਵਾਸ਼ ਪ੍ਰਗਟਾ ਰਹੇ ਸਨ ਪ੍ਰੰਤੂ ਉਸ ਸਮੇਂ ਦੀ ਸਰਕਾਰ ਨੇ ਇਸ ਵੱਲ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਜੇਕਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਦੀ ਹੈ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਬੰਧਤ ਸਾਰੀਆਂ ਘਟਨਾਵਾਂ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ ਅਤੇ ਜਲਦ ਹੀ ਦੋਸ਼ੀਆਂ ਨੂੰ ਗਿ੍ਰਫਤਾਰ ਕਰਕੇ ਸਖਤ ਸਜਾਵਾਂ ਦਿੱਤੀਆਂ ਜਾਣਗੀਆਂ ਅਤੇ ਬਹਿਬਲ ਗੋਲੀ ਕਾਂਡ ਲਈ ਜਿੰਮੇਵਾਰ ਵਿਅਕਤੀਆਂ ਦੀ ਵੀ ਜਾਂਚ ਕਰਕੇ ਕਾਨੂੰਨ ਅਨੁਸਾਰ ਬਣਦੀ ਕਰਵਾਈ ਕੀਤੀ ਜਾਵੇਗੀ। ਉਨਾਂ ਨੇ ਆਪਣੇ ਵਾਅਦੇ ਅਨੁਸਾਰ ਹੁਣ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਹੇਠ ਜਾਂਚ ਕਮਿਸ਼ਨ ਬਣਾ ਦਿੱਤਾ ਜਿਸ ਨੇ ਤਿੰਨ ਦਿਨਾਂ ਦਾ ਫਰੀਦਕੋਟ ਦੌਰਾ ਰੱਖਿਆ ਆਪਣੇ ਦੌਰੇ ਦੇ ਦੂਜੇ ਦਿਨ ਅੱਜ ਉਹ ਆਪਣੀ ਇਸ ਜਾਂਚ ਦੇ ਸਬੰਧ ਵਿੱਚ ਪਿੰਡ ਬਹਿਬਲ ਕਲਾਂ ਪਹੁੰਚੇ ਜਿਥੇ ਉਨਾਂ ਗੋਲੀ ਕਾਂਡ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਹਾਜ਼ਰ ਲੋਕਾਂ ਤੋਂ ਇਸ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋ ਬਾਅਦ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਜਿਥੇ ਉਹ ਗੋਲੀ ਕਾਂਡ ਦੇ ਪੀੜਤ ਲੋਕਾਂ ਨੂੰ ਮਿਲੇ ਅਤੇ ਉਨਾਂ ਨੇ ਇਸ ਗੋਲੀ ਕਾਂਡ ਦੇ ਚਸ਼ਮਦੀਦ ਗਵਾਹਾਂ ਤੋਂ ਵਿਸਥਾਰ ਪੂਰਵਕ ਜਾਣਕਾਰੀ ਹਾਸਲ ਕਰਕੇ ਉਨਾਂ ਦੇ ਹਲਫਨਾਮੇ ਵੀ ਪ੍ਰਾਪਤ ਕੀਤੇ। ਇਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀ ਬਰਗਾੜੀ ਵਿਖੇ ਪਹੁੰਚ ਕੇ ਬੇਅਦਬੀ ਵਾਲੀਆਂ ਥਾਵਾਂ ਦਾ ਜਾਇਜ਼ਾ ਲਿਆ ਅਤੇ ਗੁਰੁਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਬੁੱਧ ਸਿੰਘ ਅਤੇ ਮੈਨੇਜਰ ਕੁਲਵਿੰਦਰ ਸਿੰਘ ਤੋਂ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਇਹ ਕਮਿਸ਼ਨ ਬੁਰਜ ਜਵਾਹਰ ਸਿੰਘ ਵਾਲਾ ਨੂੰ ਰਵਾਨਾ ਹੋ ਗਿਆ ਇਥੇ ਪਹੁੰਚ ਕੇ ਜਸਟਿਸ ਰਣਜੀਤ ਸਿੰਘ ਦੀ ਪੂਰੀ ਟੀਮ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਜਾਂਦੇ ਆਉਦੇ ਰਸਤਿਆਂ ਅਤੇ ਇਸ ਦੇ ਆਲੇ ਦੁਆਲੇ ਦੀ ਬੜੀ ਹੀ ਬਰੀਕੀ ਨਾਲ ਜਾਂਚ ਕੀਤੀ ਅਤੇ ਗੁਰਦੁਆਰਾ ਸਾਹਿਬ ਦੇ ਮੁਖ ਗ੍ਰੰਥੀ ਗੋਰਾ ਸਿੰਘ, ਕਮੇਟੀ ਪ੍ਰਧਾਨ ਰਣਜੀਤ ਸਿੰਘ ਖਾਲਸਾ ਅਤੇ ਮੈਬਰਾਂ ਤੋਂ ਵੀ ਜਾਣਕਾਰੀ ਹਾਸਲ ਕੀਤੀ। ਉਨਾਂ ਸਿੱਖ ਜਗਤ ਨੂੰ ਭਰੋਸਾ ਦਿਵਾਇਆ ਕਿ ਇਸ ਕਮੀਸ਼ਨ ਵੱਲੋਂ ਬਿਲਕੁਲ ਨਿਰਪੱਖ ਜਾਂਚ ਕੀਤੀ ਜਾਵੇਗੀ ਤਾਂ ਕਿ ਸਿੱਖ ਕੌਮ ਨੂੰ ਪੂਰਾ ਇੰਨਸਾਫ ਮਿਲ ਸਕੇ। ਇਸ ਸਮੇਂ ਪੰਥਕ ਆਗੂਆਂ ਨੇ ਕਿਹਾ ਕਿ ਇਸ ਕਮੀਸਨ ਤੋਂ ਸਾਨੂੰ ਬਹੁਤ ਆਸਾਂ ਹਨ ਉਮੀਦ ਹੈ ਇਹ ਸਿੱਖ ਜਗਤ ਦੀ ਆਂ ਭਾਵਨਾ ਤੇ ਖਰਾ ਉੱਤਰੇਗਾ ਇਸ ਸਮੇਂ ਜਸਵਿੰਦਰ ਸਿੰਘ ਸਾਹੋਕੇ, ਚਮਕੌਰ ਸਿੰਘ ਭਾਈਰੂਪਾ, ਡਾ. ਗੁਰਦੀਪ ਸਿੰਘ, ਰਣਜੀਤ ਸਿੰਘ ਵਾਂਦਰ, ਬਹਾਦਰ ਸਿੰਘ ਵਾਂਦਰ, ਸੁਖਰਾਜ ਸਿੰਘ ਨਿਆਮੀਵਾਲਾ, ਪ੍ਰੀਤਪਾਲ ਸਿੰਘ ਬਰਾੜ, ਰਵੀ ਸ਼ਰਮਾਂ , ਯਾਦਵਿੰਦਰ ਬਠਿੰਡਾ, ਰਣਜੀਤ ਸਿੰਘ ਪ੍ਰਧਾਨ, ਰੁਪਿੰਦਰ ਸਿੰਘ, ਜੱਸਾ ਸਿੰਘ ਪੰਚ, ਬਾਬੂ ਸਿੰਘ ਪੰਚ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਹਾਜ਼ਰ ਸਨ।