ਮੋਗਾ ਵਿਖੇ ਜ਼ਿਲਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ‘ਤੇ ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਨੇ ਕੌਮੀ ਝੰਡਾ ਲਹਿਰਾਇਆ

ਮੋਗਾ 15 ਅਗਸਤ (ਜਸ਼ਨ)- ਭਾਰਤ ਦੇ ਆਜ਼ਾਦੀ ਪ੍ਰਵਾਨਿਆਂ ਵੱਲੋਂ ਸਮੇਂ-ਸਮੇਂ ’ਤੇ ਆਰੰਭੇ ਗਏ ਆਜ਼ਾਦੀ ਸੰਘਰਸ਼ਾਂ ਸਦਕਾ ਹੀ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ।    ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਨੇ 71ਵੇਂ ਆਜ਼ਾਦੀ ਦਿਹਾੜੇ ਮੌਕੇ ਸਥਾਨਕ ਦਾਣਾ ਮੰਡੀ ‘ਚ ਜ਼ਿਲਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨਾਂ ਕੌਮੀ ਝੰਡਾ ਲਹਿਰਾਇਆ ਗਿਆ ਅਤੇ ਪਰੇਡ ਤੋਂ ਸਲਾਮੀ ਲਈ। 
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਜ਼ਾਦੀ ਦੇ 70 ਵਰੇ ਮੁਕੰਮਲ ਕਰ ਲੈਣ ‘ਤੇ ਜ਼ਿਲਾ ਵਾਸੀਆਂ ਨੂੰ ਵਧਾਈ ਦਿੱਤੀ। ਉਨਾਂ ਵੱਲੋਂ ਲਗਭੱਗ 10 ਸੁਤੰਤਰਤਾ ਸੰਗਰਾਮੀ ਪ੍ਰੀਵਾਰਾਂ ਅਤੇ ਜ਼ਿਲੇ ਨਾਲ ਸਬੰਧਤ 26 ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿੰਨਾਂ ‘ਚ ਮਿਹਨਤੀ ਕ੍ਰਮਚਾਰੀ, ਗ੍ਰਾਮ ਪੰਚਾਇਤਾਂ ਤੇ ਹੋਣਹਾਰ ਵਿਦਿਆਰਥੀ ਸ਼ਾਮਲ ਸਨ। ਇਸ ਤੋਂ ਇਲਾਵਾ ਲੋੜਵੰਦ ਵਿਅਕਤੀਆਂ ਨੂੰ 20 ਟਰਾਈ-ਸਾਈਕਲ ਤੇ 10 ਸਿਲਾਈ ਮਸ਼ੀਨਾਂ ਦੀ ਵੰਡ ਵੀ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ ਦੌਰਾਨ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ‘ਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸਮੂਹ ਦੇਸ਼ ਭਗਤਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਜੰਗ-ਏ-ਅਜ਼ਾਦੀ ਵਿੱਚ ਸਾਡੇ ਮਹਾਨ ਸ਼ਹੀਦਾਂ ਦੇ ਬੇ-ਮਿਸਾਲ ਯੋਗਦਾਨ ’ਤੇ ਸਾਨੂੰ ਮਾਣ ਹੈ, ਕਿਉਂਕਿ ਉਨਾਂ ਦੀਆਂ ਅਦੁੱਤੀ ਅਤੇ ਲਾਮਿਸਾਲ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।ਇਸ ਮੌਕੇ ਸ. ਦਿਲਰਾਜ ਸਿੰਘ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਾਰਚ, 2017 ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਆਪਣੇ 4 ਮਹੀਨਿਆਂ ਦੇ ਕਾਰਜ-ਕਾਲ ਦੌਰਾਨ ਵੱਖ-ਵੱਖ ਖੇਤਰਾਂ ’ਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿਸੇਸ਼ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਅਤੇ ਰਾਜ ਵਿੱਚ ਅਪਰਾਧਿਕ ਤੱਤਾਂ ਨੂੰ ਨੱਥ ਪਾਉਣ ਲਈ ਮੁਹਿੰਮ ਚਲਾਈ ਗਈ ਹੈ, ਜਿਸ ਸਦਕਾ ਪੰਜਾਬ ਪੁਲਿਸ ਨੇ ਕਈ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੰਕਟ ਵਿਚ ਘਿਰੀ ਛੋਟੀ ਅਤੇ ਦਰਮਿਆਨੀ ਕਿਸਾਨੀ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਉਸਾਰੂ ਨੀਤੀਆਂ ਬਣਾਈਆਂ ਗਈਆਂ ਹਨ ਅਤੇ ਫ਼ਸਲਾਂ ਦੇ ਖਰਾਬੇ ਦਾ ਮੁਆਵਜ਼ਾ 8 ਹਜ਼ਾਰ ਰੁਪਏ ਤੋਂ ਵਧਾ ਕੇ 12 ਹਜ਼ਾਰ ਰੁਪਏ ਕੀਤਾ ਹੈ।ਸਰਕਾਰ ਵੱਲੋਂ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪ੍ਰੀਵਾਰਾਂ ਨੂੰ ਦੇਣ ਵਾਲੀ ਮੁਆਵਜ਼ਾ ਰਾਸ਼ੀ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤੀ ਗਈ ਹੈ। ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਸ਼ਹੀਦ ਭਗਤ ਸਿੰਘ ਰੋਜ਼ਗਾਰ ਉਤਪਤੀ ਸਕੀਮ, ਹਰਾ ਟਰੈਕਟਰ ਸਕੀਮ-25,000 ਟਰੈਕਟਰ ਅਤੇ ਯਾਰੀ ਇੰਟਰਪ੍ਰਾਇਜਜ਼ ਆਦਿ ਬਹੁਤ ਸਾਰੀਆਂ ਰੋਜ਼ਗਾਰ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਸੂਬੇ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਸਰਕਾਰ ਵੱਲੋ ਅਨੇਕਾਂ ਮਹੱਤਵ-ਪੂਰਣ ਫ਼ੈਸਲੇ ਲਏ ਗਏ ਹਨ।ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ 200 ਹੈਲਥ ਐਂਡ ਵੈੱਲਨੈਸ ਕਲੀਨਿਕ ਸਥਾਪਿਤ ਕਰਨ, ਮੋਹਾਲੀ ਵਿੱਚ ਨਵਾਂ ਮੈਡੀਕਲ ਕਾਲਜ, ਫ਼ਾਜ਼ਿਲਕਾ ਤੇ ਹੁਸ਼ਿਆਰਪੁਰ ਵਿਖੇ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਟਰਸ਼ਰੀ ਕੇਅਰ ਸੈਂਟਰ ਅਤੇ ਫਿਰੋਜ਼ਪੁਰ ਵਿਖੇ ਪੀ.ਜੀ.ਆਈ. ਦਾ ਸੈਟੇਲਾਈਟ ਸੈਂਟਰ ਸਥਾਪਿਤ ਕੀਤੇ ਜਾਣ ਦਾ ਫੈਵੀ ਲਿਆ ਗਿਆ ਹੈ। ਸਰਕਾਰ ਨੇ ਬਜ਼ੁਰਗਾਂ, ਵਿਧਵਾਵਾਂ, ਆਸ਼ਰਿਤ ਬੱਚਿਆਂ ਅਤੇ ਵਿਸ਼ੇਸ਼ ਵਿਅਕਤੀਆਂ ਨੂੰ ਦਿੱਤੀ ਜਾਂਦੀ ਵਿੱਤੀ ਸਹਾਇਤਾ 500 ਰੁਪਏ ਤੋਂ ਵਧਾ ਕੇ 750 ਰੁਪਏ ਕੀਤੀ ਹੈ।ਇਸੇ ਤਰਾਂ ਅਸ਼ੀਰਵਾਦ ਸਕੀਮ ਤਹਿਤ ਗਰੀਬ ਪ੍ਰੀਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਸਮੇਂ ਦਿੱਤੀ ਜਾਂਦੀ ਵਿੱਤੀ ਸਹਾਇਤਾ 15 ਹਜ਼ਾਰ ਰੁਪਏ ਤੋਂ ਵਧਾ ਕੇ 21 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਮਹਿਲਾ ਸ਼ਸ਼ਕਤੀਕਰਨ ਤਹਿਤ ਮਹਿਲਾਵਾਂ ਨੂੰ ਸਮਰੱਥ ਬਣਾਉਣ ਲਈ ਪੰਜਾਬ ਸਰਕਾਰ ਨੇ ਸਰਕਾਰੀ ਨੌਕਰੀਆਂ ਵਿੱਚ ਮਹਿਲਾਵਾਂ ਨੂੰ 33 ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ ਅਤੇ ਤੇਜ਼ਾਬੀ ਹਮਲਿਆਂ ਦੀਆਂ ਪੀੜਤ ਮਹਿਲਾਵਾਂ ਨੂੰ ਪ੍ਰਤੀ ਮਹੀਨਾ 8 ਹਜ਼ਾਰ ਰੁਪਏ ਭੱਤਾ ਦੇਣ ਦਾ ਫੈਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਮੋਗਾ ਜ਼ਿਲੇ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜ਼ਿਲੇ ਦੀ ਧੀ ਹਰਮਨਪ੍ਰੀਤ ਕੌਰ ਨੇ ਬੀਤੇ ਦਿਨੀਂ ਮਹਿਲਾ ਵਿਸ਼ਵ ਕੱਪ ਦੌਰਾਨ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਜ਼ਿਲੇ ਦਾ ਨਾਂ ਦੁਨੀਆਂ ਭਰ ‘ਚ ਰੋਸ਼ਨ ਕੀਤਾ, ਜਿਸ ਸਦਕਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿੱਥੇ ਇਸ ਖਿਡਾਰਨ ਨੂੰ ਪੰਜਾਬ ਪੁਲਿਸ ਵਿੱਚ ਡੀ.ਐਸ.ਪੀ ਵਜੋਂ ਨਿਯੁਕਤ ਕਰਨ ਦੀ ਪੇਸ਼ਕਸ ਕੀਤੀ ਗਈ ਹੈ, ਉੱਥੇ ਪੰਜ ਲੱਖ ਰੁਪਏ ਦਾ ਚੈਕ ਵੀ ਸੌਂਪਿਆ ਗਿਆ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਆਟਾ-ਦਾਲ ਸਕੀਮ ਦਾ ਜ਼ਿਲੇ ‘ਚ ਕਰੀਬ 5.56 ਲੱਖ ਮੈਂਬਰ ਲਾਭ ਉਠਾ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਡੇਅਰੀ ਧੰਦੇ ਨਾਲ ਜੋੜਨ ਲਈ ਕੀਤੇ ਗਏ ਵਿਸੇਸ਼ ਉਪਰਾਲਿਆਂ ਤਹਿਤ ਜ਼ਿਲੇ ਵਿੱਚ ਡੇਅਰੀ ਟ੍ਰੇਨਿੰਗ ਸੈਂਟਰ ਗਿੱਲ ਵਿਖੇ ਇਸ ਚਾਲੂ ਮਾਲੀ ਸਾਲ ਦੌਰਾਨ 80 ਸਿਖਿਆਰਥੀਆਂ ਨੂੰ ਡੇਅਰੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਵੱਖ-ਵੱਖ ਬੈਂਕਾਂ ਪਾਸੋ 40 ਡੇਅਰੀ ਯੂਨਿਟ ਸਥਾਪਿਤ ਕਰਵਾ ਕੇ 76 ਲੱਖ ਰੁਪਏ ਦੀ ਰਾਸ਼ੀ ਲਾਭਪਾਤਰੀਆਂ ਨੂੰ ਮਹੁੱਈਆ ਕਰਵਾਈ ਗਈ ਹੈ। ਉਨਾਂ ਦੱਸਿਆ ਕਿ     ਜ਼ਿਲੇ ‘ਚ ਸੁਰੂ ਕੀਤਾ ਗਿਆ ‘ਸਾਂਝੀ ਰਸੋਈ‘ ਦਾ ਨਿਵੇਕਲਾ ਪ੍ਰੋਜੈਕਟ ਸਫ਼ਲਤਾ ਪੂਰਵਕ ਚੱਲ ਰਿਹਾ ਹੈ। 31 ਮਈ, 2017 ਨੂੰ ਸ਼ੁਰੂ ਕੀਤੀ ਗਈ ਇਸ ਸਾਂਝੀ ਰਸੋਈ ‘ਚ 31 ਜੁਲਾਈ, 2017 ਤੱਕ ਲਗਭੱਗ 14,221 ਵਿਅਕਤੀ ਖਾਣਾ ਖਾ ਚੁੱਕੇ ਹਨ।ਜ਼ਿਲੇ ਵਿੱਚ ਬੁਢਾਪਾ, ਵਿਧਵਾ, ਅਪੰਗ ਅਤੇ ਆਸ਼ਰਿਤ ਬੱਚਿਆਂ ਨੂੰ ਦਿੱਤੀ ਜਾ ਰਹੀ ਪੈਨਸ਼ਨ ਸਕੀਮ ਤਹਿਤ ਕੁੱਲ 78,818 ਲਾਭਪਾਤਰੀ ਪੈਨਸ਼ਨ ਹਾਸਲ ਕਰ ਰਹੇ ਹਨ। ਇਸ ਮੌਕੇ ‘ਤੇ ਸ. ਦਿਲਰਾਜ ਸਿੰਘ ਨੇ ਮੋਗਾ ਜ਼ਿਲੇ ਨਾਲ ਸਬੰਧਤ ਆਜ਼ਾਦੀ ਘੁਲਾਟੀਏ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਅਤੇ ਗਦਰੀ ਬਾਬਾ ਨਿਧਾਨ ਸਿੰਘ ਚੁੱਘਾ ਵਰਗੇ ਯੋਧਿਆਂ ਨੂੰ ਵੀ ਸਜਦਾ ਕੀਤਾ। ਬਾਅਦ ‘ਚ ਡਿਪਟੀ ਕਮਿਸ਼ਨਰ ਵੱਲੋਂ ਪਰੇਡ ਵਿੱਚ ਹਿੱਸਾ ਲੈਣ ਵਾਲੇ ਪਰੇਡ ਕਮਾਂਡਰਾਂ ਅਤੇ ਵੱਖ-ਵੱਖ ਆਈਟਮਾਂ ‘ਚ ਭਾਗ ਲੈਣ ਵਾਲੇ ਸਕੂਲ ਮੁਖੀਆਂ ਤੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀ.ਐਸ.ਪੀ.(ਹੈਡ) ਬਲਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਪੰਜਾਬ ਪੁਲਿਸ, ਪੰਜਾਬ ਮਹਿਲਾ ਪੁਲਿਸ, ਪੰਜਾਬ ਹੋਮਗਾਰਡ ਅਤੇ ਐਨ.ਸੀ.ਸੀ ਦੇ ਵਿਦਿਆਰਥੀਆਂ ਦੀਆਂ ਪਰੇਡ ਟੁਕੜੀਆਂ ਨੇ ਮਾਰਚ ਪਾਸਟ ‘ਚ ਹਿੱਸਾ ਲਿਆ ਅਤੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪੀ.ਟੀ.ਸ਼ੋਅ ਵੀ ਪੇਸ਼ ਕੀਤਾ ਗਿਆ। ਇਸ ਜ਼ਿਲਾ ਪੱਧਰੀ ਆਜ਼ਾਦੀ ਦਿਵਸ ਸਮਾਗਮ ‘ਚ ਵੱਖ-ਵੱਖ ਸਕੂਲਾਂ ਅਤੇ ਡੀ.ਐਮ.ਕਾਲਜ ਮੋਗਾ ਦੇ 1500 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਇਸ ਤੋਂ ਇਲਾਵਾ ਜ਼ਿਲੇ ‘ਚ ਸਬ-ਡਵੀਜ਼ਨ ਪੱਧਰ ‘ਤੇ ਵੀ ਉਪ ਮੰਡਲ ਮੈਜਿਸਟ੍ਰੇਟ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਸ੍ਰੀਮਤੀ ਮਾਲਤੀ ਥਾਪਰ, ਵਿਧਾਇਕ ਮੋਗਾ ਡਾ: ਹਰਜੋਤ ਕਮਲ ਸਿੰਘ ਦੀ ਧਰਮ ਪਤਨੀ ਡਾ. ਰਾਜਿੰਦਰ ਕੌਰ ਕਮਲ,ਸੂਬਾ ਸਕੱਤਰ ਕਾਂਗਰਸ ਐਡਵੋਕੇਟ ਰਵਿੰਦਰ ਰਵੀ ਗਰੇਵਾਲ, ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਰਮੇਸ਼ ਕੁੱਕੂ,ਜ਼ਿਲਾ ਪ੍ਰਧਾਨ ਕਾਂਗਰਸ ਕਰਨਲ ਬਾਬੂ ਸਿੰਘ, ਸ਼ਹਿਰੀ ਪ੍ਰਧਾਨ ਕਾਂਗਰਸ ਵਿਨੋਦ ਬਾਂਸਲ, ਵੀਰਪਾਲ ਕੌਰ ਜੌਹਲ ਜ਼ਿਲਾ ਪ੍ਰਧਾਨ ਮਹਿਲਾ ਕਾਂਗਰਸ, ਜਨਰਲ ਸਕੱਤਰ ਡਾ: ਤਾਰਾ ਸਿੰਘ ਸੰਧੂ, ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ, ਸੀਨੀਅਰ ਪੁਲਿਸ ਕਪਤਾਨ ਰਾਜ ਜੀਤ ਸਿੰਘ ਹੁੰਦਲ, ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ, ਐਡੀਸ਼ਨਲ ਸ਼ੈਸਨ ਜੱਜ ਰਾਜਿੰਦਰ ਅਗਰਵਾਲ, ਲਖਵਿੰਦਰ ਕੌਰ, ਚਰਨਜੀਤ ਅਰੋੜਾ ਤੇ ਤਰਸੇਮ ਮੰਗਲਾ (ਸਾਰੇ ਐਡੀਸ਼ਨਲ ਜ਼ਿਲਾ ਤੇ ਸ਼ੈਸਨ ਜੱਜ), ਮੈਡਮ ਦੀਪਤੀ ਗੁਪਤਾ ਚੀਫ਼ ਵਧੀਕ ਜ਼ਿਲਾ ਤੇ ਸ਼ੈਸ਼ਨ ਜੱਜ, ਐਸ. ਪੀ (ਹੈਡ) ਬਲਵੀਰ ਸਿੰਘ, ਸਹਾਇਕ ਕਮਿਸ਼ਨਰ ਹਰਪ੍ਰੀਤ ਸਿੰਘ ਅਟਵਾਲ, ਜ਼ਿਲਾ ਸਿੱਖਿਆ ਅਫ਼ਸਰ (ਸੈ ਅਤੇ ਐ) ਗੁਰਦਰਸ਼ਨ ਸਿੰਘ ਬਰਾੜ,ਡਾ: ਗੁਰਕੀਰਤ ਸਿੰਘ ਗਿੱਲ,ਰਾਮਪਾਲ ਧਵਨ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਕੂਲ ਮੁਖੀ ਆਦਿ ਹਾਜ਼ਰ ਸਨ।