ਕਾਂਗਰਸ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਬਲਖੰਡੀ ਨੇ ਆਜ਼ਾਦੀ ਦੀ 71ਵੀਂ ਵਰੇਗੰਢ ਦੀ ਹਲਕਾ ਵਾਸੀਆਂ ਨੂੰ ਦਿੱਤੀ ਵਧਾਈ 

ਧਰਮਕੋਟ ,15 ਅਗਸਤ (ਜਸ਼ਨ)- ਕਾਂਗਰਸ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਬਲਖੰਡੀ ਨੇ ਆਜ਼ਾਦੀ ਦਿਵਸ ਮੌਕੇ ਹਲਕਾ ਵਾਸੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਮਹਾਨ ਆਜ਼ਾਦੀ ਘੁਲਾਟੀਆਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਨੌਛਾਵਰ ਕੀਤੀਆਂ ਅਤੇ ਉਹਨਾਂ ਦੇ ਡੁੱਲੇ ਖੂਨ ਦਾ ਮੁੱਲ ਅਸੀਂ ਕਦੇ ਵੀ ਅਦਾ ਨਹੀਂ ਕਰ ਸਕਦੇ ਪਰ ਦੇਸ਼ ਪ੍ਰਤੀ ਬਣਦੇ ਆਪਣੇ ਫਰਜ਼ਾਂ ਦੀ ਪੂਰਤੀ ਕਰਕੇ ਅਸੀਂ ਦੇਸ਼ ਨੂੰ ਤਰੱਕੀ ਦੇ ਰਾਹ ’ਤੇ ਲੈ ਜਾਣ ਲਈ ਆਪਣਾ ਯੋਗਦਾਨ ਪਾ ਸਕਦੇ ਹਾਂ । ਮਾਰਕੀਟ ਕਮੇਟੀ ਕੋਟ ਈਸੇ ਖਾਂ ਦੇ ਸਾਬਕਾ ਚੈਅਰਮੈਨ ਜਸਵਿੰਦਰ ਸਿੰਘ ਬਲਖੰਡੀ ਨੇ ਆਖਿਆ ਕਿ ਕਾਂਗਰਸ ਪਾਰਟੀ ਨੇ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਵਿਚ ਦੇਸ਼ ਦੀ ਤਰੱਕੀ ਅਤੇ ਸਮਾਜ ਦੀ ਭਲਾਈ ਵਿਚ ਅਹਿਮ ਯੋਗਦਾਨ ਪਾਇਆ। ਉਹਨਾਂ ਕਿਹਾ ਕਿ ਭਾਰਤੀ ਬੁੱਧੀਜੀਵੀਆਂ ਨੇ ਇਕੱਠੇ ਹੋ ਕੇ ਇਕ ਆਵਾਜ਼ ਵਿਚ ਆਜ਼ਾਦੀ ਦੀ ਮੰਗ ਕੀਤੀ ਅਤੇ ਸਾਰੇ ਧਰਮਾਂ ਅਤੇ ਖੇਤਰਾਂ ਦੇ ਲੋਕਾਂ ਨੂੰ ਇਕੱਠਾ ਕਰਕੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ । ਬਲਖੰਡੀ ਨੇ ਆਖਿਆ ਕਿ ਆਜ਼ਾਦੀ ਤੋਂ ਬਾਅਦ ਕਾਂਗਰਸ ਦੇ ਨੇਤਾਵਾਂ ਨੇ ਭਾਰਤੀ ਲੋਕਾਂ ਦੇ ਦਿਲਾਂ ਵਿਚ ਕੌਮੀਅਤ ਦੀ ਭਾਵਨਾ ਪੈਦਾ ਕੀਤੀ ਅਤੇ ਸੰਸਾਰ ਦੇ ਸਭ ਤੋਂ ਮਹਾਨ ਸੰਵਿਧਾਨ ਨੂੰ ਲਾਗੂ ਕਰਕੇ ਭਾਰਤ ਵਿਚ ਲੋਕਤੰਤਰਿਕ ਢਾਂਚੇ ਨੂੰ ਮਜਬੂਤ ਕੀਤਾ। ਬਲਖੰਡੀ ਨੇ ਆਖਿਆ ਕਿ ਦੇਸ਼ ਨੂੰ ਆਜ਼ਾਦ ਹੋਇਆ ਭਾਵੇਂ 70 ਸਾਲ ਬੀਤ ਗਏ ਹਨ ਪਰ ਅਜੇ ਵੀ ਦੇਸ਼ ਵਿਚ ਕਈ ਸੁਧਾਰ ਲਿਆਉਣੇ ਅਜੇ ਬਾਕੀ ਹਨ । ਉਹਨਾਂ ਕਿਹਾ ਕਿ ਦੇਸ਼ ਨੂੰ ਤਰੱਕੀ ਦੇ ਰਾਹ ਤੋਰਨ ਵਿਚ ਸਾਡੇ ਨੌਜਵਾਨ ਅਹਿਮ ਭੂਮਿਕਾ ਨਿਭਾਅ ਸਕਦੇ ਹਨ ਇਸ ਲਈ ਨੌਜਵਾਨਾਂ ਨੂੰ ਆਪਣੀ ਮਿਹਨਤ ਅਤੇ ਕਾਬਲੀਅਤ ਦੇ ਬਲਬੂਤੇ ’ਤੇ ਦੇਸ਼ ਨੂੰ ਬੁਲੰਦੀਆਂ ਵੱਲ ਲੈ ਜਾਣ ਲਈ ਅਹਿਮ ਰੋਲ ਅਦਾ ਕਰਨਾ ਚਾਹੀਦਾ ਹੈ । ਜਸਵਿੰਦਰ ਸਿੰਘ ਬਲਖੰਡੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ 10 ਸਾਲ ਬਾਅਦ ਸੂਬੇ ਵਿਚ ਬਦਲਾਅ ਲਿਆ ਕੇ ਕਾਂਗਰਸ ਦੇ ਹੱਕ ਵਿਚ ਫਤਵਾ ਦਿੱਤਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਵੱਲੋਂ ਮਿਲੇ ਭਰਵੇਂ ਸਮਰੱਥਨ ਦਾ ਮੁੱਲ ਮੋੜਦਿਆਂ ਪੰਜਾਬ ਦੀ ਰਾਜਨੀਤੀ ਵਿਚ ਨਵੇਂ ਸੁਧਾਰ ਲਿਆਂਦੇ ਹਨ । ਉਹਨਾਂ ਕਿਹਾ ਕਿ ਕੈਪਟਨ ਵੱਲੋਂ ਕੀਤੇ ਸੁਧਾਰਾਂ ਵਿਚ ਵੀ ਆਈ ਪੀ ਕਲਚਰ ਖਤਮ ਕਰਨਾ, ਸੂਬੇ ਦੀਆਂ ਹੋਣਹਾਰ ਸ਼ਖਸੀਅਤਾਂ ਨੂੰ ਮਾਣ ਸਨਮਾਨ ਬਖਸ਼ਣਾ ਅਤੇ ਪ੍ਰਸ਼ਾਸਨਿਕ ਸੁਧਾਰ ਲਿਆਉਣ ਨਾਲ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੇ ਹਰਮਨ ਪਿਆਰੇ ਮੁੱਖ ਮੰਤਰੀ ਬਣ ਗਏ ਹਨ  । ਬਲਾਕ ਪ੍ਰਧਾਨ ਜਸਵਿੰਦਰ ਬਲਖੰਡੀ ਨੇ ਆਖਿਆ ਕਿ ਹਲਕਾ ਧਰਮਕੋਟ ਦੇ ਵਾਸੀਆਂ ਨੇ ਦਰਵੇਸ਼ ਸਿਆਸਤਦਾਨ ਸੁਖਜੀਤ ਸਿੰਘ ਕਾਕਾ ਲੋਹਗੜ ਨੂੰ ਵਿਧਾਇਕ ਬਣਾ ਕੇ ਜਿਥੇ ਲੋਹਗੜ ਪਰਿਵਾਰ ਨੂੰ ਮਾਣ ਬਖਸ਼ਿਆ ਹੈ ਉੱਥੇ ਵਿਕਾਸ ਪੱਖੋਂ ਪੱਛੜਿਆ ਧਰਮਕੋਟ ਖੇਤਰ ਹੁਣ ਕਾਕਾ ਲੋਹਗੜ ਦੀ ਅਗਵਾਈ ਵਿਚ  ਵਿਕਾਸ ਦੀਆਂ ਨਵੀਆਂ ਮੰਜ਼ਿਲਾਂ ਸਰ ਕਰੇਗਾ।