ਕੀ ਮਨਜੀਤ ਸਿੰਘ ਮਾਨ ਮਿਲਣਗੇ ਕੈਪਟਨ ਅਮਰਿੰਦਰ ਸਿੰਘ ਨੂੰ ,ਮੋਗੇ ਸ਼ਹਿਰ ਦੇ ਵਿਕਾਸ ਸਬੰਧੀ ????

ਮੋਗਾ,12 ਅਗਸਤ(ਜਸ਼ਨ):ਮੋਗਾ ਸ਼ਹਿਰ ਦਾ ਜ਼ਰਾ-ਜ਼ਰਾ ਵਿਕਾਸ ਲਈ ਤਰਸ ਰਿਹਾ ਹੈ ਅਤੇ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ, ਪਰ ਸ਼ਹਿਰ ਦੇ ਵਿਕਾਸ ਵੱਲ ਕਾਰਪੋਰੇਸ਼ਨ ਦਾ ਕੋਈ ਧਿਆਨ ਨਹੀਂ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਸੀਨੀਅਰ ਕਾਂਗਰਸੀ ਆਗੂ ਅਤੇ ਕੌਂਸਲਰ ਮਨਜੀਤ ਸਿੰਘ ਮਾਨ ਨੇ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕੀਤਾ। ਉਨਾਂ ਕਿਹਾ ਕਿ ਵਾਰਡ ਨੰਬਰ 2 ਸਮੇਤ ਸਮੁੱਚੇ ਸ਼ਹਿਰ ਦੀਆਂ ਸੜਕਾਂ ਟੁੱਟ ਚੁੱਕੀਆਂ ਹਨ ਅਤੇ ਸੀਵਰੇਜ਼ ਸਿਸਟਮ ਵਿੱਚ ਬਹੁਤ ਸੁਧਾਰ ਦੀ ਲੋੜ ਹੈ। ਉਨਾਂ ਕਿਹਾ ਕਿ ਪਿਛਲੇ 9 ਮਹੀਨੇ ਤੋਂ ਜਨਰਲ ਹਾੳੂਸ ਮੀਟਿੰਗ ਨਹੀਂ ਹੋ ਸਕੀ, ਕਿਉਂਕਿ ਪਿਛਲੇ ਥੋੜੇ ਸਮੇਂ ਵਿਚ ਹੀ ਚਾਰ ਕਮਿਸ਼ਨਰ ਬਦਲ ਚੁੱਕੇ ਹਨ। ਦੋ ਵਾਰ ਤਾਂ ਮੀਟਿੰਗ ਦੇ ਐਨ ਮੌਕੇ 28 ਜੂਨ ਅਤੇ 19 ਜੁਲਾਈ ਨੂੰ ਕਮਿਸ਼ਨਰ ਨਾ ਹੋਣ ਕਾਰਨ ਮੀਟਿੰਗ ਮੁਲਤਵੀ ਕਰਨੀ ਪਈ। ਉਨਾਂ ਕਿਹਾ ਕਿ ਅਜਿਹੇ ਹਾਲਾਤ ਦੇਖ ਕੇ ਤਾਂ ਇਹੋ ਕਿਹਾ ਜਾ ਸਕਦਾ ਹੈ ਕਿ ਕਦ ਬਦਲੇਗੀ ਕਿਸਮਤ ਮੋਗੇ ਦੀ। ਉਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਰਾਹੀਂ ਮੋਗੇ ਸ਼ਹਿਰ ਵਿਚ ਵਿਕਾਸ ਨਾ ਹੋਣ ਸਬੰਧੀ ਜਾਣਕਾਰੀ ਦਿੱਤੀ ਹੈ ਅਤੇ ਉਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਨਿੱਜੀ ਤੌਰ ਤੇ ਦਖਲ ਦੇਣ ਅਤੇ ਵਿਕਾਸ ਕਰਵਾਉਣ ਲਈ ਹੰਗਾਮੀ ਕਦਮ ਚੁੱਕਣ। ਮਾਨ ਨੇ ਕਿਹਾ ਕਿ ਉਹ ਨਿੱਜੀ ਤੌਰ ’ਤੇ ਵੀ ਕੈਪਟਨ ਸਾਹਿਬ ਨੂੰ ਜਲਦ ਮਿਲਣਗੇ ਅਤੇ ਸਾਰੇ ਹਾਲਾਤਾਂ ਤੋਂ ਜਾਣੂ ਕਰਵਾਉਣਗੇ। ਉਨਾਂ ਮੇਅਰ ਅਕਸ਼ਿਤ ਜੈਨ ਨੂੰ ਵੀ ਅਪੀਲ ਕੀਤੀ ਕਿ ਉਹ ਮੋਗਾ ਸ਼ਹਿਰ ਅੰਦਰ ਵਿਕਾਸ ਕਰਵਾਉਣ ਲਈ ਠੋਸ ਰਣਨੀਤੀ ਬਣਾਉਣ।