ਥਾਣਾ ਮੁਖੀ ਜਸਬੀਰ ਸਿੰਘ ਨੇ ਲੌਂਗੀਵਿੰਡ ਵਾਸੀਆਂ ਤੋਂ ਕੀਤੀ ਸਹਿਯੋਗ ਦੀ ਮੰਗ

ਕੋਟ ਈਸੇ ਖਾਂ : 11 ਅਗਸਤ(ਨਛੱਤਰ ਸਿੰਘ ਲਾਲੀ):ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ ਕੱਸੇ ਸ਼ਿਕੰਜੇ ਦੇ ਚੱਲਦਿਆਂ ਐੱਸ.ਐੱਸ.ਪੀ. ਮੋਗਾ ਰਾਜਜੀਤ ਸਿੰਘ ਹੁੰਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ ਕੋਟ ਈਸੇ ਖਾਂ ਦੇ ਮੁਖੀ ਇੰਸਪੈਕਟਰ ਜਸਬੀਰ ਸਿੰਘ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਲੋਕ ਲਹਿਰ ਖੜੀ ਕਰ ਲਈ ਪਿੰਡਾਂ ਅੰਦਰ ਮੀਟਿੰਗਾਂ ਕਰਕੇ ਲੋਕਾਂ ਤੋਂ ਸਹਿਯੋਗ ਪ੍ਰਾਪਤ ਕੀਤਾ ਜਾ ਰਿਹਾ ਹੈ। ਇਸੇ ਹੀ ਕੜੀ ਤਹਿਤ ਥਾਣਾ ਮੁਖੀ ਵੱਲੋਂ ਪਿੰਡ ਲੌਂਗੀਵਿੰਡ ਵਾਸੀਆਂ ਨਾਲ ਰਾਬਤਾ ਕਾਇਮ ਕਰਨ ਬੈਠਕ ਦਾ ਅਯੋਜਨ ਕੀਤਾ ਗਿਆ।ਇਸ ਮੌਕੇ ਸਰਪੰਚ ਕੁਲਬੀਰ ਸਿੰਘ ਲੌਂਗੀਵਿੰਡ ਸੀਨੀਅਰ ਕਾਂਗਰਸੀ ਆਗੂ , ਸੀਨੀਅਰ ਕਾਂਗਰਸੀ ਆਗੂ ਬਲਦੇਵ ਸਿੰਘ, ਦਵਿੰਦਰਪਾਲ ਸਿੰਘ ਡਿੰਪੀ ਕੰਗ, ਹਰਜੀਤ ਸਿੰਘ, ਪ੍ਰੀਤਮ ਸਿੰਘ, ਸਤਨਾਮ ਸਿੰਘ ਮੈਂਬਰ ਪੰਚਾਇਤ, ਜਸਵੰਤ ਸਿੰਘ ਮੈਂਬਰ ਪੰਚਾਇਤ, ਜਸਬੀਰ ਸਿੰਘ ਮੈਂਬਰ ਪੰਚਾਇਤ, ਮਨਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਨੰਬਰਦਾਰ ਗੁਰਪ੍ਰੀਤ ਸਿੰਘ, ਕਰਨਪ੍ਰੀਤ ਸਿੰਘ, ਚਮਕੌਰ ਸਿੰਘ, ਅਮਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ। ਬੈਠਕ ਦੌਰਾਨ ਪਿੰਡ ਵਾਸੀਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਥਾਣਾ ਮੁਖੀ ਜਸਬੀਰ ਸਿੰਘ ਨੇ ਕਿਹਾ ਕਿ ਜਵਾਨੀ ਨੂੰ ਕੋਹੜ ਰੂਪੀ ਨਸ਼ੇ ਦੀ ਦਲ-ਦਲ ’ਚੋਂ ਕੱਢਣ ਲਈ ਪੁਲਿਸ ਨੂੰ ਪਬਲਿਕ ਦਾ ਸਹਿਯੋਗ ਬੇ-ਹੱਦ ਜਰੂਰੀ ਹੈ ਜੇਕਰ ਅਸੀਂ ਆਪਸੀ ਤਾਲਮੇਲ ਚੰਗੀ ਤਰਾਂ ਬਿਠਾ ਲਈਏ ਤਾਂ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਸੁਰੱਖਿਅਤ ਬਣਾਉਣ ਦੇ ਨਾਲ-ਨਾਲ ਸਮਾਜ ਵਿਰੁੱਧੀ ਅਨਸਰਾਂ ਨੂੰ ਨੱਥ ਪਾ ਕੇ ਕਾਨੂੰਨ ਮੁਤਾਬਿਕ ਸਖਤ ਸਜਾ ਦਿਵਾ ਸਕਦੇ ਹਾਂ। ਉਨਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿਉ ਤਾਂ ਕਿ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਥਾਣਾ ਮੁਖੀ ਵੱਲੋਂ ਕੀਤੀ ਗਈ ਭਾਵਨਾਤਮਿਕ ਅਪੀਲ ’ਤੇ ਸਮੂਹ ਨਗਰ ਨਿਵਾਸੀਆਂ ਨੇ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿਵਾਇਆ।