ਰੋਡਵੇਜ਼ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਮੋਗਾ ਵਿਖੇ ਗੇਟ ਰੈਲੀ

*ਨਵੀਂ ਟ੍ਰਾਂਸਪੋਰਟ ਨੀਤੀ ਦੇ ਬਣਾਉਣ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ- ਚਾਹਲ

ਮੋਗਾ,10 ਅਗਸਤ (ਜਸ਼ਨ)-ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਅੱਜ ਇੱਥੇ ਪੰਜਾਬ ਰੋਡਵੇਜ਼ ਮੋਗਾ ਦੀ ਵਰਕਸ਼ਾਪ ਦੇ ਗੇਟ ਅੱਗੇ ਗੇਟ ਰੈਲੀ ਕੀਤੀ ਗਈ। ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ ਤੇ ਮੁੱਖ ਸਲਾਹਕਾਰ ਦਰਸ਼ਨ ਸਿੰਘ ਟੂਟੀ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੀ ਆਕਾਲੀ ਭਾਜਪਾ ਸਰਕਾਰ ਦੇ ਪਦ ਚਿੰਨ੍ਹਾਂ ਤੇ  ਚੱਲ ਰਹੀ ਹੈ ਤੇ ਨਵੀਂ ਟ੍ਰਾਂਸਪੋਰਟ ਨੀਤੀ ਬਣਾਉਣ ਦੇ ਨਾਂ’ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ’ਅਸੀਂ ਸਰਕਾਰੀ ਟ੍ਰਾਂਸਪੋਰਟ ਨੂੰ ਪ੍ਰਫੁੱਲਤ ਕਰਾਂਗੇ ਪ੍ਰੰਤੂ ਇਸ ਨੂੰ ਚੰਗੀ ਤਰ੍ਹਾਂ ਵਾਚਣ ਉਪਰੰਤ ਪਤਾ ਲੱਗਾ ਹੈ ਕਿ ਸਰਕਾਰੀ ਟ੍ਰਾਂਸਪੋਰਟ ਤੇ ਪ੍ਰਾਈਵੇਟ ਟ੍ਰਾਂਸਪੋਰਟ ਨੂੰ 50:50 ਦੀ ਰੇਸ਼ੋ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਦਕਿ ਪਹਿਲਾਂ ਇਹ 75:25  ਦੀ ਰੇਸ਼ੋ ਨਾਲ ਟ੍ਰਾਂਸਪੋਰਟ ਚੱਲ ਰਹੀ ਸੀ। ਇਸੇ ਤਰ੍ਹਾਂ ਸਰਕਾਰੀ ਟ੍ਰਾਂਸਪੋਰਟ ਦਾ 25% ਹਿੱਸਾ ਘਟਾ ਕੇ ਪ੍ਰਾਈਵੇਟ ਟ੍ਰਾਂਸਪੋਰਟਰਾਂ ਦੇ ਹੱਕਾਂ ਦੀ ਗੱਲ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਹੀ ਸਟੇਟ ਹਾਈਵੇਜ਼ ਉੱਪਰ ਵੀ ਪਹਿਲਾਂ ਸਰਕਾਰੀ ਪ੍ਰਾਈਵੇਟ ਟ੍ਰਾਂਸਪੋਰਟ 70:30 ਦੀ ਰੇਸ਼ੋ ਚੱਲ ਰਹੀ ਸੀ ਹੁਣ ਸਰਕਾਰ ਉਸ ਨੂੰ ਬਦਲ ਕੇ 40:60 ਦੀ ਰੇਸ਼ੋ ਕਰਨ ਜਾ ਰਹੀ ਹੈ। ਜਿਸ ਨੂੰ ਟ੍ਰਾਂਸਪੋਰਟ ਕਰਮਚਾਰੀ ਕਦਾਚਿਤ ਬ੍ਰਦਾਸ਼ਤ ਨਹੀਂ ਕਰਨਗੇ। ਇਸ ਲਈ ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਅੱਜ ਦੀ ਗੇਟ ਰੈਲੀ ਕਰਨ ਉਪਰੰਤ 21 ਅਗਸਤ ਨੂੰ ਦੁਬਾਰਾ ਫਿਰ ਗੇਟ ਰੈਲੀ ਤੇ 23 ਅਗਸਤ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਰੈਲੀ ਕਰਕੇ ਸਰਕਾਰ ਦੇ ਮਨਸੂਬਿਆਂ ਦਾ ਭਾਂਡਾ ਲੋਕਾਂ ਵਿੱਚ ਭੰਨਿਆ ਜਾਵੇਗਾ।    ਗੇਟ ਰੈਲੀ ਨੂੰ ਕਰਮਚਾਰੀ ਦਲ ਦੇ ਸੂਬਾਈ ਆਗੂ ਰਛਪਾਲ ਸਿੰਘ ਮੌਜਗੜ੍ਹ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੀ ਆਕਾਲੀ ਭਾਜਪਾ ਸਰਕਾਰ ਵੱਲੋਂ ਆਊਟ ਸੋਰਸ/ ਤੇ ਮਹਿਕਮੇ ਰਾਹੀਂ ਭਰਤੀ ਕੀਤੇ ਗਏ ਪਨਬੱਸ ਵਰਕਰਾਂ ਨੂੰ ਰੈਗੂਲਰ ਕਰਨ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ ਜਿਸ ਕਾਰਨ ਰੋਡਵੇਜ਼ ਕਾਮਾ/ ਪਨਬੱਸ ਕਾਮਾ ਸੰਘਰਸ਼ ਕਰਨ ਲਈ ਮਜ਼ਬੂਰ ਹੈ। ਇਸ ਤੋਂ ਇਲਾਵਾ ਪੈਨਸ਼ਨਰ ਆਗੂ ਚਮਕੌਰ ਸਿੰਘ ਡਗਰੂ ਨੇ ਸੰਬੋਧਨ ਕਰਦਿਆਂ ਕਿਹਾ ਸਰਕਾਰ ਵੱਲੋਂ ਡੀ.ਏ. ਦੀ ਕਿਸ਼ਤਾਂ ਦੇ ਬਕਾਏ, ਜਨਵਰੀ 2017 ਤੋਂ ਬਣਦੀ ਡੀ.ਏ. ਦੀ ਕਿਸ਼ਤ ਤੇ ਛੇਵਾਂ ਪੇ-ਕਮਿਸ਼ਨ ਬਣਾਉਣ ਲਈ ਵੀ ਸਰਕਾਰ ਬਿਲਕੁੱਲ ਚੁੱਪ ਹੈ। ਉਪਰੋਕਤ ਮੰਗਾਂ ਮਨਵਾਉਣ ਲਈ ਪੰਜਾਬ ਪੈਨਸ਼ਨਰ ਯੂਨੀਅਨ ਵੱਲੋਂ 12 ਅਗਸਤ ਨੂੰ ਜਲੰਧਰ ਵਿਖੇ ਜ਼ੋਨਲ ਰੈਲੀ ਕੀਤੀ ਜਾ ਰਹੀ ਹੈ। ਜਿਸ ਵਿੱਚ ਰੋਡਵੇਜ਼ ਕਾਮਾ/ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗਾ। ਗੇਟ ਰੈਲੀ ਨੂੰ ਸੰਬੋਧਨ ਕਰਦੇ ਹੋਏ ਇੰਦਰਜੀਤ ਸਿੰਘ ਭਿੰਡਰ ਸੀ.ਮੀਤ ਪ੍ਰਧਾਨ, ਜਨਰਲ ਸਕੱਤਰ ਸੁਰਿੰਦਰ ਸਿੰਘ ਬਰਾੜ ਏਟਕ, ਨੇ ਕਿਹਾ ਕਿ ਸਰਕਾਰ ਤੇ ਰੋਡਵੇਜ਼ ਦੇ ਉੱਚ ਅਧਿਕਾਰੀਆਂ ਵੱਲੋਂ ਕਿਲੋਮੀਟਰ ਸਕੀਮ ਬੱਸਾਂ ਪਾ ਕੇ ਰੋਡਵੇਜ਼ ਦਾ ਭੋਗ ਪਾਉਣ ਦਾ ਮਨਸੂਬਾ ਤਿਆਰ ਕੀਤਾ ਜਾ ਰਿਹਾ ਹੈ। ਜਿਸਦਾ ਐਕਸ਼ਨ ਕਮੇਟੀ ਜ਼ਬਰਦਸਤ ਵਿਰੋਧ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਰੋਡਵੇਜ਼ ਲਈ ਵੱਖਰੇ ਬੱਜਟ ਦਾ ਪ੍ਰਬੰਧ ਕਰਕੇ ਰੋਡਵੇਜ਼ ਦੇ ਫਲੀਟ ਵਿੱਚ ਨਵੀਆ ਬੱਸਾਂ ਪਾਈਆਂ ਜਾਣ ਤਾਂ ਜੋ ਨਵੀਂ ਭਰਤੀ ਕਰਕੇ ਬੇਰੋਜ਼ਗਾਰੀ ਖਤਮ ਕੀਤੀ ਜਾ ਸਕੇ। ਗੇਟ ਰੈਲੀ ਨੂੰ ਕਰਮਚਾਰੀ ਦਲ ਦੇ ਪ੍ਰਦੀਪ ਸਿੰਘ, ਦਪਿੰਦਰ ਸਿੰਘ, ਇੰਟਕ ਦੇ ਚੇਅਰਮੈਨ ਗੁਰਦੇਵ ਸਿੰਘ, ਖੁਸ਼ਪਾਲ ਰਿਸ਼ੀ, ਕੁਲਦੀਪ ਚੰਦ ਤੋਂ ਇਲਾਵਾ ਪਨਬੱਸ ਕੰਟਰੈਕਟ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।