ਪੀ ਪੀ ਸੀ ਸੀ ਦੇ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡਣ ਦੀ ਕਰਵਾਈ ਰਸਮੀਂ ਸ਼ੁਰੂਆਤ

ਮੋਗਾ,10 ਅਗਸਤ (ਜਸ਼ਨ) ਮੋਗਾ ਜ਼ਿਲੇ ਦੇ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡਣ ਦੀ ਰਸਮੀਂ ਸ਼ੁਰੂਆਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੈਪਟਨ ਸਰਕਾਰ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਬੇਹੱਦ ਸੰਜੀਦਗੀ ਨਾਲ ਕੰਮ ਕਰ ਰਹੀ ਹੈ । ਉਹਨਾਂ ਕਿਹਾ ਕਿ ਅੱਜ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡੀ ਜਾ ਰਹੀ ਹੈ ਅਤੇ ਇਹ ਕਣਕ 5 ਕਿਲੋ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਪ੍ਰਤੀ ਜੀਅ ਨੂੰ ਪਿਛਲੇ 6 ਮਹੀਨਿਆਂ ਦੀ ਕਣਕ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਜਨਤਾ ਵਿਚ ਆਧਾਰ ਗਵਾਅ ਚੁੱਕੀਆਂ ਵਿਰੋਧੀ ਧਿਰਾਂ ਵੱਲੋਂ ਪ੍ਰਚਾਰਿਆ ਜਾ ਰਿਹਾ ਸੀ ਕਿ ਕੈਪਟਨ ਸਰਕਾਰ ਵੱਲੋਂ ਸਸਤੀ ਕਣਕ ਸਕੀਮ ਬੰਦ ਕੀਤੀ ਜਾ ਰਹੀ ਹੈ ਅਤੇ ਗਰੀਬਾਂ ਨੂੰ ਹੁਣ ਸਸਤੀ ਕਣਕ ਨਹੀਂ ਮਿਲੇਗੀ ਪਰ ਕੈਪਟਨ ਸਰਕਾਰ ਨੇ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਆਪਣੇ ਵਿਸ਼ੇਸ਼ ਯਤਨ ਆਰੰਭੇ ਹੋਏ ਹਨ ਜਿਸ ਸਦਕਾ ਪੂਰੇ ਪੰਜਾਬ ਵਿਚ ਲਾਭਪਾਤਰੀਆਂ ਨੂੰ ਕਣਕ ਵੰਡਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਇੰਜ ਵਿਰੋਧੀਆਂ ਦੇ ਝੂਠ ਦਾ ਪਰਦਾਫਾਸ਼ ਹੋ ਚੁੱਕਾ ਹੈ। ਇੰਦਰਜੀਤ ਤਲਵੰਡੀ ਭੰਗੇਰੀਆਂ ਨੇ ਆਖਿਆ ਕਿ ਕੈਪਟਨ ਸਰਕਾਰ ਵੱਲੋਂ ਹਾੜੀ ਦੇ ਸੀਜ਼ਨ ਦੌਰਾਨ ਮੰਡੀਆਂ ਵਿਚ ਕਿਸਾਨਾਂ ਦੀ ਫਸਲ ਨੂੰ ਸ਼ਾਮ ਤੱਕ ਤੋਲ ਲਗਾ ਕੇ ਬੋਰੀਆਂ ਵਿਚ ਭਰ ਦਿੱਤਾ ਜਾਂਦਾ ਸੀ ਅਤੇ ਅਗਲੇ ਦਿਨ ਕਣਕ ਦੀ ਰਕਮ ਆੜਤੀਏ ਕੋਲ ਪੁੱਜ ਜਾਂਦੀ ਸੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਬਿਨਾਂ ਖੱਜਲ ਖੁਆਰੀ ਦੇ ਫਸਲ ਦੇ ਮਿਲੇ ਸਹੀ ਮੁੱਲ ਦੀ ਪ੍ਰਸ਼ੰਸਾ ਕਰਨ ਦੀ ਬਜਾਏ ਵਿਰੋਧੀ ਧਿਰਾਂ ਅਤੇ ਕਿਸਾਨ ਹਿਤੈਸ਼ੀ ਜਥੇਬੰਦੀਆਂ ਦੇ ਮਖੌਟੇ ਪਾਉਣ ਵਾਲੇ ਆਗੂਆਂ ਨੇ ਮੂੰਹ ਵਿਚ ਘੁੰਗਣੀਆਂ ਪਾਈ ਰੱਖੀਆਂ। ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ਆਖਿਆ ਕਿ ਸਰਕਾਰ ਵੱਲੋਂ ਬਿਨਾਂ ਕਿਸੇ ਰਾਜਸੀ ਭੇਦ ਭਾਵ ਦੇ ਕੋਆਪਰੇਟਿਵ ਅਦਾਰਿਆਂ ਦਾ ਕਰਜ਼ਾ ਮੁਆਫ਼ ਕਰਨ ਦਾ ਫੈਸਲਾ ਸ਼ਲਾਘਾਯੋਗ ਕਦਮ ਹੈ। ਉਹਨਾਂ ਦੱਸਿਆ ਕਿ ਅੱਜ ਵੰਡੀ ਗਈ ਕਣਕ ਨੂੰ ਲੈ ਕੇ ਲਾਭਪਾਤਰੀਆਂ ਵਿਚ ਖੁਸ਼ੀ ਦੀ ਲਹਿਰ ਸੀ ਅਤੇ ਉਹਨਾਂ ਨੇ ਕੈਪਟਨ ਸਰਕਾਰ ਦੀ ਵਚਨਬੱਧਤਾ ’ਤੇ ਆਪਣਾ ਭਰੋਸਾ ਪ੍ਰਗਟ ਕਰਦਿਆਂ ਸਰਕਾਰ ਦਾ ਧੰਨਵਾਦ ਕੀਤਾ।