’ਤੇ ਆਖੀਰ ਵਾਲ ਕੱਟਣ ਵਾਲਾ ਭੂਤ ਕਾਬੂ ਆ ਹੀ ਗਿਆ
ਸਮਾਲਸਰ,10 ਅਗਸਤ (ਜਸਵੰਤ ਗਿੱਲ)-ਸਮੁੱਚੇ ਪੰਜਾਬ ਵਿਚ ਵਾਲ ਕੱਟਣ ਦੀਆਂ ਘਟਨਾਵਾਂ ਨੇ ਜਿਥੇ ਗਰੀਬ ਲੋਕਾਂ ਨੂੰ ਖੌਫ਼ਜ਼ਦਾ ਕਰ ਛੱਡਿਆ ਸੀ ਉੱਥੇ ਬੁੱਧੀਜੀਵੀ ਵਰਗ ਪ੍ਰਸ਼ਾਸਨ ਦੇ ਮੂੰਹ ਵੱਲ ਦੇਖ ਰਿਹਾ ਸੀ ਕਿ ਵਹਿਮ ਭਰਮ ਪੈਦਾ ਕਰਨ ਵਾਲੀਆਂ ਇਹਨਾਂ ਘਟਨਾਵਾਂ ਦਾ ਪਰਦਾਫਾਸ਼ ਕਦ ਹੋਵੇਗਾ । ਸਰਕਾਰ ਵੱਲੋਂ ਤਾਂ ਭਾਂਵੇਂ ਅਜੇ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਪਰ ਤਰਕਸ਼ੀਲਾਂ ਨੇ ਇਕ ਵਾਰ ਫਿਰ ਲੋਕਾਂ ਨੂੰ ਤਾਂਤਰਿਕਾਂ ਅਤੇ ਬਾਬਿਆਂ ਦੀ ਸ਼ਰਨ ਜਾ ਕੇ ਆਪਣੀ ਲੁੱਟ ਕਰਵਾਉਣ ਤੋਂ ਬਚਾਉਣ ਲਈ ਵਾਲ ਕੱਟਣ ਵਾਲੇ ਭੂਤ ਦਾ ਪਰਦਾਫਾਸ਼ ਕਰ ਦਿੱਤਾ ਹੈ। ਨਜ਼ਦੀਕੀ ਪਿੰਡ ਵਾਂਦਰ ਵਿਖੇ ਬੀਤੇ ਦਿਨ ਇੱਕ ਔਰਤ ਦੇ ਵਾਲ ਕੱਟੇ ਜਾਣ ਦੀ ਘਟਨਾ ਸਾਹਮਣੇ ਆਈ ਸੀ ਤੇ ਔਰਤ ਵਾਲ ਕੱਟੇ ਜਾਣ ਪਿਛੇ ਕੋਈ ਕੈਮੀਕਲ ਜਾਂ ਫਿਰ ਭੂਤ ਪ੍ਰੇਤ ਦਾ ਨਾਮ ਲੈ ਰਹੀ ਸੀ।ਇਹ ਘਟਨਾ ਇਕੋਂ ਔਰਤ ਨਾਲ 12 ਘੰਟਿਆ ਵਿੱਚ ਤਿੰਨ ਵਾਰ ਵਾਪਰੀ ਅਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਪਰ ਕੁਝ ਘੰਟਿਆ ਬਾਅਦ ਹੀ ਤਰਕਸ਼ੀਲ ਸੁਸਾਇਟੀ ਬਰਗਾੜੀ ਵਿਖੇ ਮਨੋਰੋਗ ਦੇ ਮਾਹਰ ਡਾ.ਚੰਨਣ ਸਿੰਘ ਵਾਂਦਰ ਨੇ ਉਕਤ ਔਰਤ ਬਿੰਦਰ ਕੌਰ ਪਤਨੀ ਗੁਰਚਰਨ ਸਿੰਘ ਵਾਸੀ ਵਾਂਦਰ ਦੇ ਘਰ ਪਹੁੰਚ ਕੇ ਵਾਲ ਕੱਟਣ ਵਾਲਾ ਭੁਤ ਕਾਬੂ ਕਰ ਲਿਆ । ਉਨਾਂ ਨੇ ਥਾਣਾ ਸਮਾਲਸਰ ਦੇ ਥਾਣੇਦਾਰ ਚਮਕੌਰ ਸਿੰਘ ,ਮੁਲਾਜ਼ਮ ਵੀਰ ਸਿੰਘ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਔਰਤ ਅਤੇ ਪਰਿਵਾਰ ਦੇ ਮੈਂਬਰਾਂ ਤੋਂ ਸੱਚ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਨੇ ਵੀ ਪੈਰਾਂ ’ਤੇ ਪਾਣੀ ਨਹੀਂ ਪੈਣ ਦਿੱਤਾ ਪੰਰਤੂ ਜਦ ਡਾ. ਚੰਨਣ ਸਿੰਘ ਵਾਂਦਰ ਨੇ ਉਕਤ ਔਰਤ ਨਾਲ ਇਕੱਲਿਆਂ ਗੱਲ ਕੀਤੀ ਤਾਂ ਪਤਾ ਚੱਲਿਆਂ ਕਿ ਉਸ ਔਰਤ ਨੇ ਖੁਦ ਹੀ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਆਪਣੇ ਵਾਲ ਕੱਟੇ ਸਨ। ਪਹਿਲਾਂ ਉਸਨੇ ਰਾਤ ਨੂੰ ਪੈਣ ਸਮੇਂ ,ਫਿਰ ਸਵੇਰੇ ਅਤੇ ਮੁੜ 10 ਕੁ ਵਜੇ ਇਹ ਕੰਮ ਕੀਤਾ। ਡਾ.ਚੰਨਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਔਰਤ ਦਾ ਆਪਣੇ ਸਹੁਰੇ ਘਰਦਿਆਂ ਨਾਲ ਕਲੇਸ਼ ਰਹਿੰਦਾ ਹੈ ਅਤੇ ਆਪਣੇ ਘਰਦਿਆ ‘ਤੇ ਦਬਾਅ ਪਾਉਣ ਲਈ ਹੀ ਉਸਨੇ ਇਹ ਡਰਾਮਾ ਰੱਚਿਆ ਸੀ । ਡਾ: ਵਾਂਦਰ ਨੇ ਕਿਹਾ ਹੈ ਕਿ ਉਹ ਵਾਲ ਕੱਟਣ ਦੇ ਹੁਣ ਤੱਕ ਕਈ ਕੇਸ ਹੱਲ ਕਰ ਚੁੱਕੇ ਹਨ ਜਿਨਾਂ ਵਿੱਚ ਜ਼ਿਆਦਾ ਕੇਸ ਘਰੇਲੂ ਕਲੇਸ਼ ਵਾਲੇ ਤੇ ਕੁਝ ਮਾਨਸਿਕ ਪੇ੍ਰਸ਼ਾਨੀਆਂ ਵਾਲੇ ਸਾਹਮਣੇ ਆਏ ਹਨ। ਉਹਨਾਂ ਆਖਿਆ ਕਿ ਲੋਕਾਂ ਨੂੰ ਇਨਾਂ ਅਫਵਾਹਾਂ ਤੋਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਇਹ ਘਟਨਾਵਾ ਕਿਸੇ ਭੂਤ-ਪ੍ਰੇਤ ਕਰਕੇ ਨਹੀਂ ਸਗੋਂ ਸ਼ੈਤਾਨੀ ਦਿਮਾਗ ਕਰਕੇ ਵਾਪਰ ਰਹੀਆਂ ਹਨ। ਇਸ ਮੌਕੇ ਸਰਪੰਚ ਰੂਪ ਸਿੰਘ ਵਾਂਦਰ,ਪੰਚ ਬੂਟਾ ਸਿੰਘ ਸੁਖਾਨੰਦ,ਭਾਈ ਰਣਜੀਤ ਸਿੰਘ ਖਾਲਸਾ ਆਦਿ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਅਜਿਹੀ ਕਿਸੇ ਵੀ ਘਟਨਾ ਨੂੰ ਸੋਸ਼ਲ ਮੀਡੀਆਂ ‘ਤੇ ਪਾਉਣ ਤੋਂ ਪਹਿਲਾ ਸੱਚ ਜਾਣਨ ਦੀ ਕੋਸ਼ਿਸ ਕੀਤੀ ਜਾਵੇ ਕਿਉਂਕਿ ਸੋਸ਼ਲ ਮੀਡੀਆ ਤੇ ਵਧਾਅ ਚੜਾਅ ਕੇ ਪਾਈ ਜਾਂਦੀ ਪੋਸਟ ਕਾਰਨ ਇਲਾਕੇ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੁੰਦਾ ਹੈ। ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋੋਰਟਲ ਵੱੱਲੋੋਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਤੇ ਵੀ ਭੂਤ ਪਰੇਤ ਜਾਂ ਵਹਿਮ ਭਰਮ ਵਾਲੀ ਘਟਨਾ ਵਾਪਰਨ ’ਤੇ ਮੀਡੀਆ ਵਿਚ ਲਿਆਂਦੀ ਜਾਵੇ ਅਤੇ ਪ੍ਰਭਾਵਿਤ ਵਿਅਕਤੀ ਨੂੰ ਕਿਸੇ ਮਨੋਰੋਗੀ ਮਾਹਰ ਡਾਕਟਰ ਕੋਲ ਲੈ ਜਾਇਆ ਜਾਵੇ ਤਾਂ ਹੀ ਪੰਜਾਬੀਆਂ ਨੂੰ ਅਖੌਤੀ ਬਾਬਿਆਂ ਅਤੇ ਤਾਂਤਰਿਕਾਂ ਦੀ ਲੁੱਟ ਤੋਂ ਬਚਾਇਆ ਜਾ ਸਕੇਗਾ।