ਪੰਜਾਬ ਸਰਕਾਰ ਨੇ ਮਿਡ-ਡੇ-ਮੀਲ ਸਕੀਮ ਤਹਿਤ ਕੁੱਕ-ਕਮ-ਹੈਲਪਰਾਂ ਦੇ ਮਾਣਭੱਤੇ ਵਿੱਚ 500 ਰੁਪਏ ਦਾ ਕੀਤਾ ਵਾਧਾ-ਦਿਲਰਾਜ ਸਿੰਘ
ਮੋਗਾ 8 ਅਗਸਤ(ਜਸ਼ਨ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਮੁਲਾਜ਼ਮਾਂ ਅਤੇ ਰਾਜ ਵਾਸੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਇਸੇ ਦਿਸ਼ਾ ਵਿੱਚ ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ਮਿਡ-ਡੇ-ਮੀਲ ਸਕੀਮ ਤਹਿਤ ਕੰਮ ਕਰਦੇ ਕੁੱਕ-ਕਮ-ਹੈਲਪਰਾਂ ਦੇ ਮਾਣਭੱਤੇ ਵਿੱਚ 500 ਰੁਪਏ ਵਾਧਾ ਕੀਤਾ ਗਿਆ ਹੈ। ਜ਼ਿਲਾ ਮੋਗਾ ਦੇ ਸਕੂਲਾਂ ‘ਚ ਕੰਮ ਕਰਦੇ 1,483 ਕੁੱਕ-ਕਮ-ਹੈਲਪਰਾਂ ਨੂੰ ਜੁਲਾਈ ਮਹੀਨੇ ਦੇ ਵਧੇ ਹੋਏ ਮਾਣਭੱਤੇ ਦੀ ਰਾਸ਼ੀ 25,21,100 ਰੁਪਏ ਦਿੱਤੀ ਜਾ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਦਿੱਤੀ। ਉਨਾਂ ਦੱਸਿਆ ਕਿ ਪਿਛਲੀ ਸਰਕਾਰ ਵੱਲੋਂ 19 ਦਸੰਬਰ, 2016 ਨੂੰ ਮਿਡ-ਡੇ-ਮਿਲ ਸਕੀਮ ਦੇ ਕੁੱਕ-ਕਮ-ਹੈਲਪਰਾਂ ਦੇ ਮਾਣਭੱਤੇ ਵਿੱਚ 500 ਰੁਪਏ ਵਾਧੇ ਦਾ ਫੈਕੀਤਾ ਗਿਆ ਸੀ, ਪ੍ਰੰਤੂ ਇਸ ਨੂੰ ਅਮਲੀ ਰੂਪ ‘ਚ ਲਾਗੂ ਕਰਨ ਲਈ ਕੋਈ ਨੋਟੀਫ਼ੀਕੇਸ਼ਨ ਜਾਰੀ ਨਹੀਂ ਕੀਤਾ ਗਿਆ ਸੀ ਜਿਸ ਕਾਰਣ ਕੁੱਕ-ਕਮ-ਹੈਲਪਰਾਂ ਨੂੰ ਪੁਰਾਣਾ ਮਾਣਭੱਤਾ 1,200 ਰੁਪਏ ਪ੍ਰਤੀ ਮਹੀਨਾ ਹੀ ਮਿਲ ਰਿਹਾ ਸੀ। ਉਨਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਲਾਜ਼ਮ ਹਿੱਤਾਂ ਅਤੇ ਲੋਕ ਪੱਖੀ ਫੈਲੈਣ ਲਈ ਦਿੱਤੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਨੇ ਵਧੇ ਹੋਏ ਮਾਣਭੱਤੇ ਦਾ ਨੋਟੀਫ਼ੀਕੇਸ਼ਨ ਕਰਦਿਆਂ ਜੁਲਾਈ ਮਹੀਨੇ ਦਾ ਵਧਿਆ ਹੋਇਆ ਮਾਣਭੱਤਾ ਦਿੱਤਾ ਹੈ ਅਤੇ ਇਹ ਵਧਿਆ ਹੋਇਆ ਮਾਣਭੱਤਾ 1 ਜਨਵਰੀ, 2017 ਤੋਂ ਲਾਗੂ ਹੋਵੇਗਾ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ (ਸੈ ਤੇ ਐ) ਗੁਰਦਰਸ਼ਨ ਸਿੰਘ ਬਰਾੜ ਅਤੇ ਮਿਡ-ਡੇ-ਮੀਲ ਜ਼ਿਲਾ ਕੋ-ਆਰਡੀਨੇਟਰ ਮਨਜੀਤ ਸਿੰਘ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲੇ ਦੇ ਸਕੂਲਾਂ ਵਿੱਚ ਮਿਡ-ਡੇ-ਮੀਲ ਸਕੀਮ ਤਹਿਤ 1,483 ਕੁੱਕ-ਕਮ-ਹੈਲਪਰ ਕੰਮ ਕਰਦੇ ਹਨ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਇਨਾਂ ਨੂੰ 10 ਮਹੀਨਿਆਂ ਲਈ 1,200 ਰੁਪਏ ਪ੍ਰਤੀ ਮਹੀਨਾ ਮਾਣਭੱਤਾ ਦਿੱਤਾ ਜਾਂਦਾ ਸੀ ਅਤੇ ਹੁਣ 500 ਰੁਪਏ ਦੇ ਵਾਧੇ ਨਾਲ 1,700 ਰੁਪਏ ਪ੍ਰਤੀ ਮਹੀਨਾ ਮਾਣਭੱਤਾ ਮਿਲੇਗਾ। ਉਨਾਂ ਦੱਸਿਆ ਕਿ ਜੁਲਾਈ ਮਹੀਨੇ ਦਾ ਮਾਣਭੱਤਾ ਵਧਿਆ ਹੋਇਆ ਜਾਰੀ ਹੋ ਗਿਆ ਹੈ, ਜਦੋਂ ਕਿ ਪਿਛਲੇ ਮਹੀਨਿਆਂ ਦਾ ਵਧਿਆ ਹੋਇਆ ਮਾਣਭੱਤਾ ਏਰੀਅਰ ਦੇ ਰੂਪ ਵਿੱਚ ਜਲਦ ਹੀ ਜਾਰੀ ਹੋ ਜਾਵੇਗਾ।