ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਪ੍ਰੋ: ਸਾਧੂ ਸਿੰਘ ਨੇ ਨੈਸ਼ਨਲ ਹਾਈਵੇਅ ’ਤੇ ਫੋਰ ਲੇਨ ਪ੍ਰੌਜੈਕਟ ਦੀਆਂ ਖਾਮੀਆਂ ਵੱਲ ਦਿਵਾਇਆ ਕੰਪਨੀ ਦਾ ਧਿਆਨ
* ਸ਼ਹਿਰ ’ਚ ਲੰਘਦੇ ਤਿੰਨ ਕਿਲੋਮੀਟਰ ਲੰਬੇ ਬਣਨ ਵਾਲੇ ਪੁਲ ਵਿਚ ਲੋੜੀਂਦੇ ਲਾਂਘੇ ਨਾ ਛੱਡਣ ਕਾਰਨ ਸ਼ਹਿਰਵਾਸੀਆਂ ਦੀ ਦਿੱਕਤਾ ’ਚ ਹੋਵੇਗਾ ਭਾਰੀ ਵਾਧਾ- ਪ੍ਰੋ: ਸਾਧੂ ਸਿੰਘ
ਮੋਗਾ,8 ਅਗਸਤ (ਜਸ਼ਨ)-ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਪ੍ਰੋ: ਸਾਧੂ ਸਿੰਘ ਨੇ ਮੋਗਾ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਫੋਰ ਲੇਨ ਦੀ ਉਸਾਰੀ ਕਰਨ ਵਾਲੀ ਅਧਿਕਾਰਤ ਸੰਸਥਾ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੂੰ ਪੱਤਰ ਲਿਖ ਕੇ ਫੋਰ ਲੇਨ ਦੇ ਪ੍ਰੌਜੈਕਟ ਦੀਆਂ ਖਾਮੀਆਂ ਵੱਲ ਧਿਆਨ ਦਿਵਾਇਆ ਹੈ। ਸ: ਸਾਧੂ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੇ ਖੁਦ ਲੁਧਿਆਣਾ ਤੋਂ ਤਲਵੰਡੀ ਤੱਕ ਬਣਨ ਵਾਲੇ ਇਸ ਫੋਰ ਲੇਨ ਪ੍ਰੌਜੈਕਟ ਦਾ ਨਿਰੀਖਣ ਕੀਤਾ ਹੈ ਅਤੇ ਇਹ ਮਹਿਸੂਸ ਕੀਤਾ ਹੈ ਕਿ ਇਸ ਪ੍ਰੌਜੈਕਟ ਵਿਚ ਕਾਫੀ ਸਾਰੇ ਬਦਲਾਅ ਕਰਨ ਦੀ ਜ਼ਰੂਰਤ ਹੈ । ਉਹਨਾਂ ਆਖਿਆ ਕਿ ਮੋਗਾ ਦੇ ਮੇਨ ਬਿਜਲੀ ਘਰ ਤੋਂ ਲੈ ਕੇ ਦੁੱਨੇਕੇ ਵਾਲੀ ਨਹਿਰ ਤੱਕ ਤਿੰਨ ਕਿਲੋਮੀਟਰ ਲੰਬੇ ਬਣਨ ਵਾਲੇ ਪੁਲ ਵਿਚ ਲੋੜੀਂਦੇ ਲਾਂਘੇ ਨਹੀਂ ਛੱਡੇ ਗਏ । ਦਰਵੇਸ਼ ਸਿਆਸਤਦਾਨ ਨੇ ਆਖਿਆ ਕਿ ਦੱਤ ਰੋਡ ,ਬਿਜਲੀ ਘਰ ਅਤੇ ਫਰੈਂਡਜ਼ ਕਲੋਨੀ ਦੇ ਸਾਹਮਣੇ ਛੋਟੇ ਲਾਂਘੇ ਛੱਡਣ ਦੀ ਜ਼ਰੂਰਤ ਹੈ ਕਿਉਂਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਪੈਦਲ ਚੱਲਣ ਵਾਲਿਆਂ ਨੂੰ ਅੰਦਾਜ਼ਨ ਇਕ-ਇਕ ਕਿਲੋਮੀਟਰ ਪੈਦਲ ਚੱਲ ਕੇ ਹੀ ਸ਼ਹਿਰ ਦੇ ਇਕ ਪਾਸੇ ਤੋਂ ਦੂਜੇ ਪਾਸੇ ਜਾਣਾ ਪਵੇਗਾ। ਸ: ਸਾਧੂ ਸਿੰਘ ਨੇ ਆਖਿਆ ਕਿ ਹੋਰ ਤਾਂ ਹੋਰ ਇਹ ਉੱਚਾ ਪੁਲ ਸ਼ਹਿਰ ਦੀ ਸੰਘਣੀ ਆਬਾਦੀ ਵਿਚੋਂ ਲੰਘਦਾ ਹੈ ਅਤੇ ਸ਼ਹਿਰ ਦੀਆਂ ਭੀੜ ਭੜੱਕੇ ਵਾਲੀਆਂ ਸੜਕਾਂ ’ਤੇ ਅਕਸਰ ਜਾਮ ਲੱਗੇ ਰਹਿੰਦੇ ਹਨ । ਅਜਿਹੇ ਹਾਲਾਤ ਵਿਚ ਖੁਦਾ ਨਾ ਖਾਸਤਾ ਜੇ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਅਪਾਤਕਾਲੀਨ ਬਚਾਅ ਕਾਰਜਾਂ ਲਈ ਫੋਰ ਲੇਨ ਦੀਆਂ ਇਹ ਕਮੀਆਂ ਘਾਤਕ ਸਿੱਧ ਹੋਣਗੀਆਂ । ਉਹਨਾਂ ਆਖਿਆ ਕਿ ਫੋਰ ਲੇਨ ਦੀ ਉਸਾਰੀ ਦਾ ਮੌਜੂਦਾ ਦਿ੍ਰਸ਼ ਮਨੁੱਖੀ ਜੀਵਨ ਅਤੇ ਵਪਾਰ ਲਈ ਨਵੇਂ ਖਤਰੇ ਪੈਦਾ ਕਰਨ ਵੱਲ ਇਸ਼ਾਰਾ ਕਰਦਾ ਹੈ ਇਸ ਕਰਕੇ ਇਸ ਪ੍ਰੌਜੈਕਟ ਦੀਆਂ ਖਾਮੀਆਂ ਨੂੰ ਦੂਰ ਕਰਦਿਆਂ ਲੋੜੀਂਦੀਆਂ ਤਬਦੀਲੀਆਂ ਕੀਤੇ ਜਾਣ ਦੀ ਲੋੜ ਹੈ ਤਾਂ ਕਿ ਆਰਥਿਕ ,ਪ੍ਰਬੰਧਕੀ ਅਤੇ ਸਮਾਜਿਕ ਉਲਝਣਾਂ ਦੇ ਸੂਚਾਰੂ ਹੱਲ ਵੱਲ ਕਦਮ ਵਧਾਏ ਜਾ ਸਕਣ।