ਗਗਨਾ ਹਠੂਰ ਗਰੁੱਪ ਦਾ ਗੈਂਗਸਟਰ ਤਲਵਿੰਦਰ ਸਿੰਘ ਉਰਫ ਮਨਦੀਪ ਉਰਫ਼ ਨਿੱਕੂ ਗਿ੍ਰਫਤਾਰ 

ਮੋਗਾ,8 ਅਗਸਤ (ਜਸ਼ਨ):-ਮੋਗਾ ਪੁਲਿਸ ਨੇ ਅੱਜ ਉਸ ਸਮੇਂ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਗੈਂਗਸਟਰ ਗਗਨਾ ਹਠੂਰ ਗਰੁੱਪ ਦੇ ਗੈਂਗਸਟਰ ਤਲਵਿੰਦਰ ਸਿੰਘ ਉਰਫ ਮਨਦੀਪ ਉਰਫ਼ ਨਿੱਕੂ ਨੂੰ ਗਿ੍ਰਫਤਾਰ ਕਰ ਲਿਆ ਗਿਆ। ਇਸ ਮੌਕੇ ਪੁਲਿਸ ਨੇ ਨਿੱਕੂ ਕੋਲੋਂ 1 ਕਿਲੋ ਨਸ਼ੀਲਾ ਪਾੳੂਡਰ ਅਤੇ 32 ਬੋਰ ਪਿਸਤੌਲ ਵੀ ਬਰਾਮਦ ਕੀਤਾ। ਮੋਗਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸੀਨੀਅਰ ਕਪਤਾਨ ਪੁਲਿਸ ਮੋਗਾ ਸ: ਰਾਜਜੀਤ ਸਿੰਘ ਨੇ ਦੱਸਿਆ ਕਿ ਐੱਸ ਪੀ INVESTIGATION ਸ: ਵਜੀਰ ਸਿੰਘ ਅਤੇ ਡੀ ਐੱਸ ਪੀ INVESTIGATION ਸ: ਸਰਬਜੀਤ ਸਿੰਘ ਬਾਹੀਆ ਦੀ ਅਗਵਾਈ ਹੇਠ ਥਾਣਾ ਬੱਧਣੀ ਕਲਾਂ ਦੇ ਮੁੱਖ ਅਫਸਰ ਕਿੱਕਰ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਜੀਰਾ ਰੋਡ ਸੂਏ ਦੇ ਪੁਲ ’ਤੇ ਨਾਕਾਬੰਦੀ ਕੀਤੀ ਹੋਈ ਸੀ । ਇਸ ਦੌਰਾਨ ਨਿੱਕੂ ਪਿੰਡ ਲੋਹਾਰੇ ਵਾਲੇ ਪਾਸਿਓਂ ਆਇਆ ਪਰ ਜਦ ਪੁਲਿਸ ਵੱਲੋਂ ਉਸ ਨੂੰ ਰੁੱਕਣ ਦਾ ਇਸ਼ਾਰਾ ਕੀਤਾ ਗਿਆਂ ਤਾਂ ਉਸ ਨੇ ਪੁਲਿਸ ਨੂੰ ਦੇਖਦਿਆਂ ਆਪਣਾ ਮੋਟਰਸਾਈਕਲ ਵਾਪਸ ਮੋੜ ਕੇ ਭੱਜਣ ਦੀ ਕੋਸ਼ਿਸ ਕੀਤੀ ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।  ਇਸ ਮੌਕੇ ਉਸ ਕੋਲੋਂ ਨਸ਼ੀਲੇ ਪਾੳੂਡਰ ਅਤੇ ਪਿਸਤੌਲ ਦੇ ਨਾਲ ਨਾਲ 50 ਹਜ਼ਾਰ ਰੁਪਏ ਵੀ ਬਰਾਮਦ ਹੋਏ। ਐੱਸ ਐੱਸ ਪੀ ਨੇ ਸੁਧਾਰ ਵਾਸੀ ਨਿੱਕੂ ਬਾਰੇ ਦੱਸਦਿਆਂ ਆਖਿਆ ਕਿ ਉਹ ਜੀ ਐੱਚ ਜੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਚ ਪੜਦਿਆਂ ਦਸਵੀਂ ਜਮਾਤ ਵਿਚ ਹੀ ਪੜਾਈ ਛੱਡ ਕੇ ਖੇਤੀ ਕਰਨ ਲੱਗ ਪਿਆ ਸੀ ਪਰ 2006 ਵਿਚ ਥਾਣਾ ਸੁਧਾਰ ਦੇ ਹੌਲਦਾਰ ਚਮਕੌਰ ਸਿੰਘ ਦੇ ਸੱਟਾਂ ਮਾਰਨ ਦੇ ਕੇਸ ਵਿਚ ਉਸ ਨੂੰ ਜੇਲ ਭੇਜ ਦਿੱਤਾ ਗਿਆ ਸੀ ਜਿੱਥੇ ਉਸ ਦੀ ਜਾਣ ਪਹਿਚਾਣ ਚਰਨਜੀਤ ਸਿੰਘ ਰਿੰਕੂ ਬੀਹਲਾ ਨਾਲ ਹੋ ਗਈ ਅਤੇ ਫਿਰ 2009 ਵਿਚ ਜੇਲ ਤੋਂ ਬਾਹਰ ਆਉਣ ਉਪਰੰਤ ਕਾਲਾ ਧੂੜਕੋਟ ,ਗਗਨਦੀਪ ਸਿੰਘ ਗਗਨਾ ਹਠੂਰ ਅਤੇ ਰਿੰਕੂ ਬੀਹਲਾ ਨਾਲ ਤਾਲਮੇਲ ਵੱਧਣ ਨਾਲ ਨਿੱਕੂ ਦੇ ਕਦਮ ਗੈਂਗਸਟਰਾਂ ਦੀ ਦੁਨੀਆਂ ਵਿਚ ਹੋਰ ਅੱਗੇ ਵੱਧ ਗਏ ,ਇਸ ਦੌਰਾਨ ਪੁਲਿਸ ਵੱਲੋਂ ਦਰਜ ਕੇਸਾਂ ਦੇ ਆਧਾਰ ’ਤੇ ਨਿੱਕੂ ਨੂੰ 2014 ਵਿਚ ਮੁੜ ਜੇਲ ਭੇਜ ਦਿੱਤਾ ਗਿਆ ਇਸ ਦੌਰਾਨ ਉਸ ਨੇ ਬਿਹਾਰ ਦੇ ਮੁਕੇਸ਼ ਕੁਮਾਰ ਨਾਲ ਤਾਲਮੇਲ ਕਰਕੇ 32 ਬੋਰ ਦਾ ਪਿਸਤੌਲ ਮੰਗਵਾਇਆ ਅਤੇ ਇਸੇ ਪਿਸਤੌਲ ਨਾਲ 2016 ਵਿਚ ਜੇਲ ਤੋਂ ਬਾਹਰ ਆਉਣ ਉਪਰੰਤ ਗਗਨਾ ਹਠੂਰ ,ਨਵੀ ਬੁੱਟਰ ਅਤੇ ਹੋਰਨਾਂ ਨਾਲ ਮਿਲ ਕੇ ਮੋਗਾ ਕੈਸ਼ ਵੈਨ ਵਿਚੋਂ 60 ਲੱਖ ਰੁਪਏ ਦੀ ਲੁਟ ਖੋਹ ਕੀਤੀ।  ਐੱਸ ਐੱਸ ਪੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ  ਕਿ ਗੈਂਗਸਟਰ ਨਿੱਕੂ ਖਿਲਾਫ਼ ਥਾਣਾ ਸੁਧਾਰ ,ਸਿਟੀ ਸਾੳੂਥ ਮੋਗਾ,ਜੈਤੋ,ਬਾਜਾਖਾਨਾ,ਬਠਿੰਡਾ ਅਤੇ ਨਿਹਾਲ ਸਿੰਘ ਵਾਲਾ ਆਦਿ ਥਾਣਿਆਂ ਵਿਚ ਲੁੱਟ ਖੋਹ ਅਤੇ ਹੋਰ ਗੰਭੀਰ ਮਾਮਲੇ ਦਰਜ ਹਨ ਜਿਹਨਾਂ ਵਿਚੋਂ ਮੋਗਾ ਵਿਖੇ 23 ਮਈ 2016 ਨੂੰ ਬੈਂਕ ਵੈਨ ’ਤੇ ਫਾਇਰਿੰਗ ਕਰਕੇ 60 ਲੱਖ ਰੁਪਏ ਲੁੱਟਣ ਦਾ ਮਾਮਲਾ ਪ੍ਰਮੁੱਖ ਰੂਪ ਵਿਚ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਇਸ ਘਟਨਾ ਦੌਰਾਨ ਗੋਲੀਆਂ ਲੱਗਣ ਕਾਰਨ ਗਾਰਡ ਦੀ ਮੌਤ ਹੋ ਗਈ ਸੀ। ਪੁਲਿਸ ਵੱਲੋਂ ਜਾਰੀ ਪ੍ਰੈਸ ਨੋਟ ਮੁਤਾਬਕ ਇਸ ਘਟਨਾ ਲਈ ਵਰਤੀ ਗਈ ਵਰਨਾ ਕਾਰ ਬਾਜਾਖਾਨਾ ਨੇੜਿਓਂ ਖੋਹੀ ਗਈ ਸੀ ਅਤੇ ਇਕ ਕਾਰ ਬਠਿੰਡਾ ਥਰਮਲ ਪਲਾਂਟ ਕੋਲੋਂ ਖੋਹੀ ਗਈ ਸੀ ਅਤੇ ਇਸੇ ਤਰਾਂ ਇਸ ਗੈਂਗ ਵੱਲੋਂ ਇਕ ਕਾਰ ਆਈ ਟਵੰਟੀ ਨਿਹਾਲ ਸਿੰਘ ਵਾਲਾ ਖੇਤਰ ’ਚੋਂ ਖੋਹੀ ਗਈ ਸੀ ਜਿਸ ਨੂੰ ਬਾਅਦ ਵਿਚ ਨਿੱਕੂ ਨੇ ਮੰਡੀ ਅਹਿਮਦਗੜ ਨੇੜੇ ਅੱਗ ਲਗਾ ਕੇ ਸਾੜ ਦਿੱਤਾ। ਇਹ ਵੀ ਵਰਨਣਯੋਗ ਹੈ ਕਿ ਬੀਤੀ 5 ਅਗਸਤ ਨੂੰ ਬਠਿੰਡਾ ਜੋਨ ਦੇ ਆਈ ਜੀ ਮੁਖਵਿੰਦਰ ਸਿੰਘ ਛੀਨਾ ਵੱਲੋਂ ਮੋਗਾ ਪੁਲਿਸ ਨਾਲ ਲੰਬਾ ਸਮਾਂ ਵਿਚਾਰ ਵਟਾਂਦਰਾ ਕਰਦਿਆਂ ਮੋਗਾ ਵਿਚ ਗੈਂਗਸਟਰਾਂ ਦੀਆਂ ਸਰਗਰਮੀਆਂ ਨੂੰ ਠੱਲ ਪਾਉਣ ਦੀ ਹਦਾਇਤ ਕੀਤੀ ਗਈ ਸੀ