ਅਜ਼ਾਦੀ ਦਿਵਸ ਸਮਾਰੋਹ ਸਬੰਧੀ ਅਨਾਜ ਮੰਡੀ ਮੋਗਾ ਵਿਖੇ ਰੀਹਰਸਲਾਂ ਸ਼ੁਰੂ

ਮੋਗਾ 8 ਅਗਸਤ(ਜਸ਼ਨ)-ਸੁਤੰਤਰਤਾ ਦਿਵਸ ਸਬੰਧੀ ਜ਼ਿਲਾ ਪੱਧਰੀ ਸਮਾਰੋਹ ਮਨਾਉਣ ਲਈ ਸਕੂਲੀ ਵਿਦਿਆਰਥੀਆਂ ਵੱਲੋਂ ਸਥਾਨਕ ਅਨਾਜ ਮੰਡੀ ਦੀ ਗਰਾਊਂਡ ਵਿਖੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਅੱਜ ਇਸ ਸਮਾਰੋਹ ਸਬੰਧੀ ਵਿਦਿਆਰਥੀਆਂ ਵੱਲੋਂ ਪਹਿਲੇ ਦਿਨ ਮਾਰਚ ਪਾਸਟ, ਪੀ.ਟੀ.ਸ਼ੋਅ ਅਤੇ ਸੱਭਿਆਚਾਰਕ ਪ੍ਰੋਗਰਾਮ ਦੀਆਂ ਰੀਹਰਸਲਾਂ ਕੀਤੀਆਂ ਗਈਆਂ।    ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਸ. ਹਰਪ੍ਰੀਤ ਸਿੰਘ ਅਟਵਾਲ ਨੇ ਦੱਸਿਆ ਕਿ ਜ਼ਿਲਾ ਪੱਧਰੀ ਅਜ਼ਾਦੀ ਦਿਹਾੜਾ ਮਨਾਉਣ ਲਈ ਹਰ ਤਰਾਂ ਦੇ ਪ੍ਰਬੰਧ ਸਮੇਂ ਨਾਲ ਮੁਕੰਮਲ ਕਰ ਲਏ ਜਾਣਗੇ ਅਤੇ ਹਰ ਸਾਲ ਦੀ ਤਰਾਂ ਪੂਰੀ ਸ਼ਰਧਾ ਅਤੇ ਦੇਸ਼-ਭਗਤੀ ਦੀ ਭਾਵਨਾ ਨਾਲ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਿਭਾਈ ਜਾਵੇਗੀ। ਉਨਾਂ ਦੱਸਿਆ ਕਿ 13 ਅਗਸਤ ਨੂੰ ਫੁੱਲ ਡਰੈਸ ਰੀਹਰਸਲ ਕਰਵਾਈ ਜਾਵੇਗੀ, ਜਿਸ ਦਾ ਜਾਇਜ਼ਾ ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਅਤੇ ਐਸ.ਐਸ.ਪੀ ਸ. ਰਾਜ ਜੀਤ ਸਿੰਘ ਵੱਲੋਂ ਲਿਆ ਜਾਵੇਗਾ। ਅੱਜ ਰਿਹਰਸਲ ਦੌਰਾਨ ਜ਼ਿਲਾ ਲੋਕ ਸੰਪਰਕ ਅਫ਼ਸਰ ਤੇਜਾ ਸਿੰਘ, ਜ਼ਿਲਾ ਖੇਡ ਅਧਿਕਾਰੀ ਇੰਦਰਪਾਲ ਸਿੰਘ ਢਿੱਲੋਂ ਅਤੇ ਮੈਡਮ ਸੁਖਜੀਵਨ ਕੌਰ ਬਰਾੜ ਸਮੇਤ ਹੋਰਨਾਂ ਵੱਲੋਂ ਜਾਇਜ਼ਾ ਲਿਆ ਗਿਆ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਵੀ ਹਾਜ਼ਰ ਸਨ।