ਸੁਵਿਧਾ ਕਰਮਚਾਰੀ ਯੂਨੀਅਨ ਵੱਲੋਂ ਸੂਬਾ ਪੱਧਰੀ ਕੰਨਵੈਨਸ਼ਨ ਹੋਈ
ਮੋਗਾ,6 ਅਗਸਤ (ਜਸ਼ਨ)-ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਵਲੋਂ ਅੱਜ ਕਾਮਰੇਡ ਨਛੱਤਰ ਸਿੰਘ ਯਾਦਗਾਰੀ ਹਾਲ, ਮੋਗਾ ਵਿਖੇ ਸੂਬਾ ਪੱਧਰੀ ਕੰਨਵੈਸ਼ਨ ਕੀਤੀ ਗਈ। ਇਸ ਕੰਨਵੈਸ਼ਨ ਵਿੱਚ ਸੂਬਾ ਭਰ ਦੇ ਸੁਵਿਧਾ ਕਰਮਚਾਰੀਆਂ ਨੇ ਵੱਡੇ ਪੱਧਰ ਤੇ ਭਾਗ ਲਿਆ। ਲਗਭਗ ਪਿਛਲੇ 11 ਮਹੀਨਿਆਂ ਤੋਂ ਸੰਘਰਸ਼ ਦੇ ਰਾਹ ’ਤੇ ਚੱਲ ਰਹੇ ਸੁਵਿਧਾ ਕਰਮਚਾਰੀ ਆਪਣੇ ਭਵਿੱਖ ਦੀ ਤਾਲਾਸ਼ ’ਚ ਜ਼ੂਝ ਰਹੇ ਹਨ। ਅਕਾਲੀ/ਭਾਜਪਾ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਕਰਕੇ 1100 ਸੁਵਿਧਾ ਕਰਮਚਾਰੀ ਬੇਰੁਜ਼ਗਾਰੀ ਦਾ ਸ਼ਿਕਾਰ ਹੋ ਰਹੇ ਹਨ। ਚੋਣਾਂ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਪ੍ਰਮੁੱਖ ਆਗੂਆਂ ਵਲੋਂ ਅਖ਼ਬਾਰਾਂ ਤੇ ਸ਼ੋਸ਼ਲ ਮੀਡੀਆਂ ਰਾਹੀਂ ਬਿਆਨ ਜਾਰੀ ਕਰਦੇ ਹੋਏ ਸੁਵਿਧਾ ਕਰਮਚਾਰੀਆਂ ਦੇ ਪੱਖ ਵਿਚ ਹਾਅ ਦਾ ਨਾਅਰਾ ਮਾਰਿਆ ਸੀ ਅਤੇ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਆਉਣ ਤੇ ਸੁਵਿਧਾ ਕਰਮਚਾਰੀਆਂ ਨੂੰ ਪਹਿਲ ਦੇ ਆਧਾਰ ਤੇ ਬਹਾਲ ਕਰਕੇ ਪੱਕਾ ਰੋਜ਼ਗਾਰ ਦਿੱਤਾ ਜਾਵੇਗਾ ਪ੍ਰੰਤੂ ਕੈਪਟਨ ਸਰਕਾਰ ਦੇ ਵਾਅਦੇ ਤੇ ਬਿਆਨ ਲਗਭਗ 5 ਮਹੀਨੇ ਬੀਤ ਜਾਣ ਮਗਰੋਂ ਵੀ ਸੱਚ ਸਾਬਿਤ ਹੁੰਦੇ ਨਜ਼ਰ ਨਹੀਂ ਆ ਰਹੇ। ਸੂਬਾ ਪ੍ਰਧਾਨ ਰਵਿੰਦਰ ਰਵੀ ਅਤੇ ਜਨਰਲ ਸਕੱਤਰ ਵਰਿੰਦਰਪਾਲ ਸਿੰਘ ਨੇ ਸੰਬੋਧਨ ਕਰਦਿਆਂ ਅਗਲੀ ਰਣਨੀਤੀ ਦਾ ਐਲਾਨ ਕੀਤਾ ਤੇ ਦੱਸਿਆ ਕਿ 15 ਅਗਸਤ ਨੂੰ ਜਥੇਬੰਦੀ ਵਲੋਂ ਜ਼ਿਲਾ ਪੱਧਰ ਤੇ ਝੰਡਾ ਲਹਿਰਾਉਣ ਵਾਲੇ ਮੁੱਖ ਮਹਿਮਾਨ ਨੂੰ ਆਪਣਾ ਮੰਗ-ਪੱਤਰ ਸੌਂਪਿਆ ਜਾਵੇਗਾ ਅਤੇ ਜ਼ਿਲਾ ਪੱਧਰੀ ਰੋਸ ਮਾਰਚ ਕੀਤਾ ਜਾਵੇਗਾ ਅਤੇ 19 ਅਗਸਤ ਨੂੰ ਪਟਿਆਲਾ ਵਿਖੇ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ ਉਲੀਕੇ ਗਏ ਪ੍ਰੋਗਰਾਮ ਵਿੱਚ ਵੱਡੇ ਪੱਧਰ ’ਤੇ ਸੁਵਿਧਾ ਕਰਮਚਾਰੀਆਂ ਵਲੋ ਸ਼ਮੂਲੀਅਤ ਕੀਤੀ ਜਾਵੇਗੀ। ਉਨਾਂ ਕਿਹਾ ਕਿ ਜੇਕਰ 19 ਅਗਸਤ ਦੀ ਰੈਲੀ ਤੋਂ ਪਹਿਲਾਂ-ਪਹਿਲਾਂ ਸੁਵਿਧਾ ਕਰਮਚਾਰੀਆਂ ਨੂੰ ਬਹਾਲ ਕਰਨ ਦੇ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਜਲਦ ਹੀ ਕੈਪਟਨ ਸਾਹਿਬ ਦੀ ਰਿਹਾਇਸ਼ ਪਟਿਆਲਾ ’ਚ ਅਣ-ਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਚੇਅਰਮੈਨ ਸ: ਸੱਜਣ ਸਿੰਘ ਅਤੇ ਪ੍ਰੈੱਸ ਸਕੱਤਰ ਰਜਿੰਦਰ ਸੰਧਾ ਵਲੋਂ ਇਸ ਕੰਨਵੈਸ਼ਨ ਵਿੱਚ ਉਚੇਚੇ ਤੋਰ ਤੇ ਭਾਗ ਲਿਆ ਗਿਆ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਚੰਨ ਪ੍ਰੀਤ, ਮੀਤ ਪ੍ਰਧਾਨ ਜਸਵਿੰਦਰ ਸਿੰਘ, ਮੀਤ ਪ੍ਰਧਾਨ ਨਿਰਮਲ ਸਿੰਘ, ਮੁੱਖ ਸਲਾਹਕਾਰ ਵਿਨੋਦ ਸਿੰਗਲਾ, ਖ਼ਜ਼ਾਨਚੀ ਰਜੇਸ਼ ਕੁਮਾਰ, ਪ੍ਰੈੱਸ ਸਕੱਤਰ ਰਮੇਸ਼ ਕੁਮਾਰ ਆਦਿ ਹਾਜ਼ਰ ਸਨ।