ਟਰੱਕ ਯੂਨੀਅਨਾਂ ਖਤਮ ਕਰਨ ਦਾ ਇਤਿਹਾਸਕ ਫੈਸਲਾ ਪੰਜਾਬ ਦੇ ਹਿਤਾਂ ’ਚ-ਰਵਿੰਦਰ ਸਿੰਘ ਰਵੀ ਗਰੇਵਾਲ

ਮੋਗਾ 5 ਅਗਸਤ(ਜਸ਼ਨ)-‘ਸੂਬੇ ਵਿਚ ਵਪਾਰਕ ਗਤੀਵਿਧੀਆਂ ਨੂੰ ਸੁਖਾਲਾ ਬਣਾਉਣ ਦਾ ਮਾਹੌਲ ਸਿਰਜਣ ਅਤੇ ਪੰਜਾਬ ਨੂੰ ਅੱਵਲ ਸੂਬਾ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਰੱਕ ਯੂਨੀਅਨਾਂ ਨੂੰ ਖਤਮ ਕਰਨ ਦਾ ਫੈਸਲਾ ਪੰਜਾਬ ਦੇ ਹਿਤਾਂ ਵਿਚ ਹੈ ‘। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਰਵਿੰਦਰ ਸਿੰਘ ਐਡਵੋਕੇਟ ‘ਰਵੀ ਗਰੇਵਾਲ’ ਨੇ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਕਿਸੇ ਵੀ ਸੂਬੇ ਵਿਚ ਵਪਾਰ ਤੇ ਸਨਅਤ ਦੀ ਪ੍ਰਫੁਲਤਾ ਲਈ ਬਰਾਬਰ ਦੇ ਮੌਕੇ ਪੈਦਾ ਕਰਨ ਨੂੰ ਯਕੀਨੀ ਬਣਾਉਣ ਜ਼ਰੂਰੀ ਹੰੁਦਾ ਹੈ ਪਰ ਟਰੱਕ ਯੂਨੀਅਨਾਂ ਨਾਲ ਜੁੜੇ ਗਿਣਤੀ ਦੇ ਕੁਝ ਕੁ ਵਿਅਕਤੀ ਆਪਣੇ ਨਿੱਜੀ ਮੁਫਾਦਾਂ ਖਾਤਰ ਸੂਬਾ ਸਰਕਾਰ ਦਾ ਵਿਰੋਧ ਕਰਦਿਆਂ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦੇ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ । ਗਰੇਵਾਲ ਨੇ ਆਖਿਆ ਕਿ ਇਹੀ ਸਵਾਰਥੀ ਲੋਕ ਸ਼ਾਇਦ ਭੁੱਲ ਗਏ ਹਨ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਦੀਆਂ ਵਪਾਰ ਵਿਰੋਧੀ ਨੀਤੀਆਂ ਕਾਰਨ ਹੀ ਸਨਅਤਕਾਰਾਂ ਨੂੰ ਪੰਜਾਬ ਤੋਂ ਹਿਜਰਤ ਕਰਨੀ ਪਈ ਸੀ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਰੋਸਾ ਦਿਵਾਏ ਜਾਣ ’ਤੇ ਉਹਨਾਂ ਵਾਪਸੀ ਦਾ ਮਨ ਬਣਾਇਆ ਹੈ ਅਤੇ ਕੈਪਟਨ ਸਾਹਿਬ ਵੱਲੋਂ ‘ਸਭ ਤੋਂ ਪਹਿਲਾਂ ਵਪਾਰ’ ਦੇ ਸਿਧਾਂਤ ’ਤੇ ਪਹਿਰਾ ਦਿੰਦਿਆਂ ਕਾਰੋਬਾਰ ਤੇ ਸਨਅਤ ਨੂੰ ਸਿਖਰਾਂ ’ਤੇ ਲਿਜਾਣ ਲਈ ਮਦਦਗਾਰ ਦੀ ਭੂਮਿਕਾ ਅਦਾ ਕਰਨ ਦਾ ਵਚਨ ਪੰਜਾਬ ਲਈ ਸੁਖਦ ਮਾਹੌਲ ਸਿਰਜਣ ਵੱਲ ਵੱਡੇ ਕਦਮ ਵਜੋਂ ਜਾਣਿਆ ਜਾਵੇਗਾ। ਰਵੀ ਗਰੇਵਾਲ ਨੇ ਮੁੱਖ ਮੰਤਰੀ ਵੱਲੋਂ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਅਤੇ ਭਰਾ ਮਾਰੂ ਜੰਗ ਦਾ ਅਖਾੜਾ ਬਣੀਆਂ ਟਰੱਕ ਯੂਨੀਅਨਾਂ ਨੂੰ ਖਤਮ ਕਰਨ ਦੇ ਇਤਿਹਾਸਕ ਫੈਸਲੇ ਲੈਣ ਲਈ ਉਨਾਂ ਦਾ ਧੰਨਵਾਦ ਕੀਤਾ ਜਿਸ ਸਦਕਾ  ਸੂਬੇ ਵਿੱਚ ਸਨਅਤੀ ਤਰੱਕੀ ਦੀ ਰਫ਼ਤਾਰ ਤੇਜ਼ ਹੋਵੇਗੀ। ਇਸ ਮੌਕੇ ਉਹਨਾਂ ਨਾਲ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਵਿਨੋਦ ਬਾਂਸਲ ਅਤੇ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ ।