ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਰਮੇਸ਼ ਗਰੋਵਰ ਦੀ ਅਗਵਾਈ ਵਿਚ ਹੋਈ ਜ਼ਿਲਾ ਪੱਧਰੀ ਮੀਟਿੰਗ
* ਪਾਰਟੀ ਦਾ ਹਰ ਵਲੰਟੀਅਰ ਲੋਕ ਹਿਤਾਂ ਲਈ ਪਹਿਰੇਦਾਰ ਬਣ ਕੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਲੋਕ ਸੰਘਰਸ਼ ਦੀ ਕਰੇਗਾ ਅਗਵਾਈ --ਰਮੇਸ਼ ਗਰੋਵਰ
ਮੋਗਾ,5 ਅਗਸਤ (ਜਸ਼ਨ)- ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਰਮੇਸ਼ ਗਰੋਵਰ ਦੀ ਅਗਵਾਈ ਵਿਚ ਅੱਜ ਮੋਗਾ ਵਿਖੇ ਆਮ ਆਦਮੀ ਪਾਰਟੀ ਦੀ ਜ਼ਿਲਾ ਪੱਧਰੀ ਮੀਟਿੰਗ ਦੌਰਾਨ ਲੋਕ ਹਿਤਾਂ ਲਈ ਸੰਘਰਸ਼ ਦੀ ਨਵੇਂ ਸਿਰਿਓਂ ਵਿਓਂਤਬੰਦੀ ਕੀਤੀ ਗਈ ਤਾਂ ਕਿ ਅਕਾਲੀ ਭਾਜਪਾ ਰਾਜ ਦੇ ਸਤਾਏ ਤੇ ਹੁਣ ਕਾਂਗਰਸੀ ਆਗੂਆਂ ਦੇ ਲਾਰਿਆਂ ਤੋਂ ਨਿਰਾਸ਼ ਹੋਏ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਮੌਕੇ ਜ਼ਿਲਾ ਪ੍ਰਧਾਨ ਐਡਵੋਕੇਟ ਰਮੇਸ਼ ਗਰੋਵਰ ਤੋਂ ਇਲਾਵਾ ਗੁਰਦਿੱਤ ਸਿੰਘ ਜ਼ੋਨ ਇੰਚਾਰਜ ,ਮਨਜੀਤ ਸਿੰਘ ਵਿਧਾਇਕ ,ਐਡਵੋਕੇਟ ਨਸੀਬ ਬਾਵਾ ਐੱਮ ਸੀ ,ਨਵਦੀਪ ਸਿੰਘ ਸੰਘਾ,ਗੁਰਪ੍ਰੀਤ ਸਿੰਘ ਸੱਚਦੇਵਾ ਐੱਮ ਸੀ ,ਨਰਿੰਦਰ ਸਿੰਘ ਚਾਹਲ ਐਡਵੋਕੇਟ ,ਜਗਦੀਪ ਸਿੰਘ ਜੈਮਲਵਾਲਾ, ਅਜੇ ਕੁਮਾਰ ਅਤੇ ਪਾਰਟੀ ਨੂੰ ਮਜਬੂਤੀ ਦੇਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ। ਇਸ ਮੌਕੇ ਪਹੰੁਚੇ ਅਹਿਮ ਆਗੂਆਂ ਨੇ ਲੰਬੀਆਂ ਵਿਚਾਰਾਂ ਕੀਤੀਆਂ । ਇਸ ਮੌਕੇ ਐਡਵੋਕੇਟ ਰਮੇਸ਼ ਗਰੋਵਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਅਕਾਲੀ ਭਾਜਪਾ ਰਾਜ ਦੇ ਸਤਾਏ ਲੋਕਾਂ ਨੂੰ ਸੂਬੇ ਦੀ ਸੱਤਾ ਸੰਭਾਲਣ ਵਾਲੀ ਕਾਂਗਰਸ ਸਰਕਾਰ ਤੋਂ ਕੁਝ ਬੇਹਤਰ ਕਾਰਗੁਜ਼ਾਰੀ ਦੀ ਆਸ ਸੀ ਪਰ ਚਾਰ ਮਹੀਨਿਆਂ ਦੇ ਸਮੇਂ ਦੌਰਾਨ ਕੱਖ ਭੰਨ ਕੇ ਦੂਹਰਾ ਨਾ ਕਰਦਿਆਂ ਕਾਂਗਰਸੀ ਆਗੂਆਂ ਨੇ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ । ਉਹਨਾਂ ਆਖਿਆ ਕਿ ਨਾ ਰੇਤ ਮਾਫੀਏ ਨੂੰ ਨੱਥ ਪਈ ,ਨਾ ਨਸ਼ਾ ਬੰਦ ਹੋਇਆ ,ਨਾ ਰਿਸ਼ਵਤ ਨੂੰ ਠੱਲ ਪਈ ਅਤੇ ਨਾ ਹੀ ਮੋਗਾ ਜ਼ਿਲੇ ਦੇ ਵਿਕਾਸ ਦਾ ਕੋਈ ਨਵਾਂ ਪੰਨਾ ਲਿਖਿਆ ਜਾਣਾ ਸ਼ੁਰੂ ਹੋਇਆ । ਉਹਨਾਂ ਆਖਿਆ ਕਿ ਕਿਰਸਾਨੀ ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ ਅਤੇ ਜੇ ਕਿਸਾਨ ਅੱਜ ਵੀ ਨਿੱਤ ਦਿਨ ਖੁਦਕੁਸ਼ੀਆਂ ਕਰ ਰਹੇ ਨੇ ਤਾਂ ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਕਾਂਗਰਸ ਆਪਣੇ ਚੋਣ ਮਨੋਰਥ ਪੱਤਰ ਮੁਤਾਬਕ ਕਿਸਾਨਾਂ ਦੇ ਕਰਜ਼ੇ ਮੁਆਫ ਨਹੀਂ ਕਰ ਸਕੀ ਜਿਸ ਕਾਰਨ ਸੂਬੇ ਦੇ ਲੋਕ ਨਿਰਾਸ਼ਾ ਦੇ ਆਲਮ ਵਿਚ ਹਨ । ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਵੀ ਲੋਕਾਂ ਨੂੰ ਆਗਾਹ ਕੀਤਾ ਸੀ ਕਿ ਅਕਾਲੀ ਅਤੇ ਕਾਂਗਰਸੀ ਦੋਸਤਾਨਾ ਮੈਚ ਖੇਡ ਰਹੇ ਹਨ ਅਤੇ ਇਹਨਾਂ ਦਾ ਮਕਸਦ ਸਿਰਫ ਤੇ ਸਿਰਫ ਲੋਕਾਂ ਦੀ ਆਪਣੀ ‘ਆਮ ਆਦਮੀ ਪਾਰਟੀ’ ਨੂੰ ਸੱਤਾ ਤੋਂ ਬਾਹਰ ਰੱਖਣਾ ਹੈ ਜੋ ਕਿ ਸਮੇਂ ਨਾਲ ਸੱਚ ਬਣ ਕੇ ਲੋਕਾਂ ਸਾਹਮਣੇ ਆ ਗਿਆ ਹੈ । ਉਹਨਾਂ ਮੋਗਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੋਣਾਂ ਸਮੇਂ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਦਿੱਤੇ ਭਰਵੇਂ ਸਮੱਰਥਨ ਦਾ ਮੁੱਲ ਮੋੜਦਿਆਂ ਪਾਰਟੀ ਦਾ ਹਰ ਵਲੰਟੀਅਰ ਲੋਕ ਹਿਤਾਂ ਲਈ ਪਹਿਰੇਦਾਰ ਬਣ ਕੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਲੋਕ ਸੰਘਰਸ਼ ਦੀ ਅਗਵਾਈ ਕਰੇਗਾ।