ਨਸ਼ਾ ਤਸਕਰ ਤੋਂ ਹੈਰੋਇਨ ਤੇ ਨਗਦ ਫਿਰੌਤੀ ਲੈਣ ਵਾਲੇ ਪੰਜ ਪੁਲਿਸ ਮੁਲਾਜ਼ਮ ਤੇ ਤਿੰਨ ਪ੍ਰਾਈਵੇਟ ਬੰਦੇ ਐਸ.ਟੀ.ਐਫ. ਵੱਲੋਂ ਕਾਬੂ  

ਚੰਡੀਗੜ 5 ਅਗਸਤ (ਜਸ਼ਨ) ਮੁੱਖ ਮੰਤਰੀ ਪੰਜਾਬ ਵੱਲੋਂ ਗਠਿਤ ਸਪੈਸ਼ਲ ਟਾਸਕ ਫੋਰਸ ਨੇ ਨਸ਼ਿਆਂ ਦੇ ਖਾਤਮੇ ਵਿਰੁੱਧ ਵਿੱਢੀ ਜੰਗ ਦੌਰਾਨ ਅੱਜ ਕਾਊਂਟਰ ਇੰਟੈਲੀਜੈਂਸ ਪੰਜਾਬ ਨਾਲ ਸਬੰਧਿਤ ਪੰਜ ਪੁਲਿਸ ਮੁਲਾਜ਼ਮਾਂ ਅਤੇ ਉਨਾਂ ਦੇ ਤਿੰਨ ਸਾਥੀਆਂ ਨੂੰ ਕਾਬੂ ਕਰ ਲਿਆ ਜਿਨਾਂ ਨੇ ਆਪਣੇ ਆਪ ਨੂੰ ਐਸ.ਟੀ.ਐਫ. ਫ਼ਾਜ਼ਿਲਕਾ ਯੂਨਿਟ ਨਾਲ ਸਬੰਧਿਤ ਹੋਣ ਦਾ ਦਾਬਾ ਮਾਰ ਕੇ ਇੱਕ ਬਦਨਾਮ ਨਸ਼ਾ ਤਸਕਰ ਤੋਂ 300 ਗ੍ਰਾਮ ਹੈਰੋਇਨ ਖੋਹ ਲਈ ਅਤੇ ਅੱਠ ਲੱਖ ਰੁਪਏ ਦੀ ਫਿਰੋਤੀ ਲੈਣ ਉਪਰੰਤ ਉਸ ਨੂੰ ਬਿਨਾ ਕਿਸੇ ਕਾਰਵਾਈ ਤੋਂ ਰਿਹਾਅ ਕਰ ਦਿੱਤਾ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਸ੍ਰੀ ਹਰਪ੍ਰੀਤ ਸਿੰਘ ਸਿੱਧੂ ਏ.ਡੀ.ਜੀ.ਪੀ.-ਕਮ-ਮੁੱਖੀ ਐਸ.ਟੀ.ਐਫ. ਅਤੇ ਏ.ਡੀ.ਜੀ.ਪੀ. ਬਾਰਡਰ ਰੇਂਜ ਨੇ ਦੱਸਿਆ ਕਿ ਟਾਸਕ ਫੋਰਸ ਵੱਲੋਂ ਨਸ਼ਿਆਂ ਦੇ ਖਾਤਮੇ ਅਤੇ ਨਸ਼ਿਆਂ ਦੀ ਵਰਤੋਂ ਰੋਕਣ ਵਿਰੁੱਧ ਜਾਰੀ ਮੁਹਿੰਮ ਦੌਰਾਨ ਜਿੱਥੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਉਥੇ ਹੀ ਨਸ਼ਾ ਤਸਕਰਾਂ ਅਤੇ ਪੁਲਿਸ ਕਰਮਚਾਰੀਆਂ ਦੇ ਨਾਪਾਕ ਗੱਠਜੋੜ ਨੂੰ ਤੋੜਨ ਲਈ ਵੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਦੀਆਂ ਤਾਜ਼ਾ ਗਿ੍ਰਫ਼ਤਾਰੀਆਂ ਅਤੇ ਨਸ਼ਿਆਂ ਦੇ ਪ੍ਰਚਲਣ ਖਿਲਾਫ਼ ਕੀਤੀ ਸਖਤੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਸ.ਟੀ.ਐਫ. ਨੂੰ ਸੌਂਪੀ ਅਹਿਮ ਜਿੰਮੇਵਾਰੀ ਪ੍ਰਤੀ ਪੂਰਨ ਪ੍ਰਤੀਬੱਧਤਾ ਅਤੇ ਨਤੀਜਾਜਨਕ ਕਾਰਵਾਈ ਦਾ ਪ੍ਰਗਟਾਵਾ ਹੈ। ਉਨਾਂ ਦੱਸਿਆ ਕਿ ਬੀਤੀ ਰਾਤ ਐਸ.ਟੀ.ਐਫ. ਦੇ ਐਸ.ਏ.ਐਸ. ਨਗਰ ਯੂਨਿਟ ਦੇ ਐਸ.ਪੀ. ਰਾਜਿੰਦਰ ਸਿੰਘ ਸੋਹਲ ਨੂੰ ਸੂਚਨਾ ਮਿਲੀ ਸੀ ਕਿ ਕਾਊਂਟਰ ਇੰਟੈਲੀਜੈਂਸ ਪੰਜਾਬ ਨਾਲ ਸਬੰਧਿਤ ਪੁਲਿਸ ਮੁਲਾਜ਼ਮਾਂ ਦੀ ਟੀਮ ਨੇ ਆਪਣੇ ਆਪ ਨੂੰ ਐਸ.ਟੀ.ਐਫ. ਫ਼ਾਜ਼ਿਲਕਾ ਯੂਨਿਟ ਨਾਲ ਸਬੰਧਿਤ ਹੋਣ ਦਾ ਦਾਬਾ ਮਾਰ ਕੇ ਨਰਿੰਦਰ ਸਿੰਘ ਬਾਠ ਨਾਮ ਦੇ ਬਦਨਾਮ ਨਸ਼ਾ ਤਸਕਰ ਤੋਂ 300 ਗ੍ਰਾਮ ਹੈਰੋਇਨ ਖੋਹ ਲਈ ਅਤੇ ਅੱਠ ਲੱਖ ਰੁਪਏ ਦੀ ਫਿਰੌਤੀ ਲੈਣ ਉਪਰੰਤ ਉਸ ਨੂੰ ਬਿਨਾ ਕਿਸੇ ਕਾਰਵਾਈ ਤੋਂ ਰਿਹਾਅ ਕੀਤਾ ਹੈ।  ਉਨਾਂ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਦੀ ਇਸ ਪੁਲਿਸ ਪਾਰਟੀ ਵਿੱਚ ਸਬ ਇੰਸਪੈਕਟਰ ਸੁਸ਼ੀਲ ਕੁਮਾਰ (ਨੰ. 99/ਇੰਟੈਲੀਜੈਂਸ, ਸਿਪਾਹੀ ਗਗਨਦੀਪ ਸਿੰਘ (ਨੰ. 950)/ਸ਼੍ਰੀ ਮੁਕਤਸਰ ਸਾਹਿਬ) ਦੋਵੇਂ ਕਾਊਂਟਰ ਇਟੈਲੀਜੈਂਸ ਸਬ-ਯੂਨਿਟ ਮਾਨਸਾ, ਹੌਲਦਾਰ ਜਰਨੈਲ ਸਿੰਘ (ਨੰ. 299/36 ਪੀ.ਏ.ਪੀ.) ਅਤੇ ਸਿਪਾਹੀ ਹਰਜੀਤ ਸਿੰਘ (ਨੰ. 2070 ਤੀਜੀ ਆਈ.ਆਰ.ਬੀ.) ਦੋਵੇਂ ਕਾਊਂਟਰ ਇਟੈਲੀਜੈਂਸ ਸਬ-ਯੂਨਿਟ ਸ਼੍ਰੀ ਮੁਕਤਸਰ ਸਾਹਿਬ ਸ਼ਾਮਲ ਸਨ। ਇਾ ਸਾਰੇ ਮੁਲਾਜ਼ਮ ਸਬ ਇੰਸਪੈਕਟਰ ਸੁਸ਼ੀਲ ਕੁਮਾਰ ਅਤੇ ਤਿੰਨ ਹੋਰ ਪ੍ਰਾਈਵੇਟ ਵਿਅਕਤੀਆਂ ਨਾਲ ਕੀਤੀ ਸਾਜ਼ਿਸ਼ ਤਹਿਤ ਆਪਣੇ ਕਿਸੇ ਉਚ ਅਧਿਕਾਰੀ ਦੀ ਬਿਨਾਂ ਇਜ਼ਾਜ਼ਤ ਹਾਸਲ ਕੀਤਿਆਂ ਲਾਲੜੂ ਇਲਾਕੇ ਵਿਚ ਚਲੇ ਗਏ ਜੋ ਕਿ ਇਨਾਂ ਦੀ ਹੱਦ ਤੋਂ ਬਾਹਰਲਾ ਇਲਾਕਾ ਹੈ। ਇਥੇ ਉਨਾਂ ਆਪਣੇ ਆਪ ਨੰੂ ਐਸ.ਟੀ.ਐਫ ਫਾਜ਼ਿਲਕਾ ਯੂਨਿਟ ਦੇ ਕਰਮਚਾਰੀ ਦੱਸਦੇ ਹੋਏ ਨਸ਼ਾ ਤਸਕਰ ਨਰਿੰਦਰ ਸਿੰਘ ਬਾਠ ਨੰੂ ਜਬਰਦਸਤੀ ਗੱਡੀ ਵਿਚ ਬਿਠਾ ਕੇ ਫਤਹਿਗੜ ਸਾਹਿਬ ਵੱਲ ਲੈ ਗਏ। ਉਨਾਂ ਦੱਸਿਆ ਕਿ ਰਸਤੇ ਵਿਚ ਉਨਾਂ ਨੇ ਤਸਕਰ ਨਰਿੰਦਰ ਸਿੰਘ ਰਾਹੀਂ ਉਸ ਦੇ ਦੋੋਸਤ ਨੰੂ ਚੰਡੀਗੜ ਫੋਨ ਕਰਵਾਕੇ ਅੱਠ ਲੱਖ ਰੁਪਏ ਨਕਦੀ ਮੰਗਵਾ ਲਈ। ਉਪਰੰਤ ਇਹ ਟੋਲੀ ਨੇ ਨਰਿੰਦਰ ਸਿੰਘ ਕੋਲੋਂ 8 ਲੱਖ ਦੀ ਨਕਦੀ ਅਤੇ ਉਸ ਤੋਂ ਬਰਾਮਦ ਕੀਤੀ 300 ਗ੍ਰਾਮ ਹੈਰੋਇਨ ਲੈਣ ਉਪਰੰਤ ਇਸ ਨਸ਼ਾ ਤਸਕਰ ਨੰੂ ਛੱਡ ਦਿੱਤਾ। ਇਸ ਘਟਨਾ ਮੌਕੇ ਇਨਾਂ ਪੁਲਿਸ ਮੁਲਾਜਮਾਂ ਨਾਲ ਤਿੰਨ ਹੋਰ ਪ੍ਰਾਈਵੇਟ ਵਿਅਕਤੀ ਗਗਨਦੀਪ ਸਿੰਘ ਮਾਨ ਪੁੱਤਰ ਗੁਰਦਾਸ ਸਿੰਘ ਵਾਸੀ ਖਰੜ, ਸੁਖਪ੍ਰੀਤ ਸਿੰਘ ਉਰਫ ਹੈਰੀ ਪੁੱਤਰ ਗੁਰੇਮਲ ਸਿੰਘ ਵਾਸੀ ਜਿਲਾ ਬਠਿੰਡਾ ਅਤੇ ਵਕੀਲ ਸਿੰਘ ਉਰਫ ਕਾਲਾ ਸਰਪੰਚ ਵਾਸੀ ਜਿਲਾ ਸ੍ਰੀ ਮੁਕਤਸਰ ਸਾਹਿਬ ਸ਼ਾਮਲ ਸਨ। ਸ੍ਰੀ ਸਿੱਧੂ ਨੇ ਦੱਸਿਆ ਕਿ ਇਸ ਸਬੰਧੀ ਐਸ.ਟੀ.ਐਫ ਵੱਲੋਂ ਐਸ.ਏ.ਐਸ. ਸਥਿਤ ਵਿਸ਼ੇਸ਼ ਥਾਣੇ ਵਿਚ ਐਨ.ਡੀ.ਪੀ.ਐਸ. ਐਕਟ ਦੀ ਧਾਰਾਵਾਂ 21, 29, 61, 85 ਅਤੇ ਭਾਰਤੀ ਦੰਡਵਾਲੀ ਦੀਆਂ ਧਾਰਾਵਾਂ 365, 384, 120-ਬੀ ਤਹਿਤ ਮੁਕੱਦਮਾ ਨੰਬਰ 4 ਮਿਤੀ 4-8-2017 ਤਹਿਤ ਦਰਜ਼ ਕਰਕੇ ਹੋਰ ਤਫਤੀਸ਼ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਸਾਰੇ ਦੋਸ਼ੀ ਗਿ੍ਰਫਤਾਰ ਕੀਤੇ ਜਾ ਚੁੱਕੇ ਹਨ ਜਿਨਾਂ ਨੇ ਪੁੱਛਗਿੱਛ ਦੌਰਾਨ ਆਪਣਾ ਜ਼ੁਰਮ  ਕਬੂਲ ਕਰਦਿਆਂ ਦੱਸਿਆ ਹੈ ਕਿ 300 ਗ੍ਰਾਮ ਹੈਰੋਈਨ ਵਿੱਚੋਂ ਕੁੱਝ ਹਿੱਸਾ ਉਨਾਂ ਨੇ ਅੱਗੇ ਵੇਚ ਦਿੱਤਾ ਹੈ। ਸ੍ਰੀ ਸਿੱਧੂ ਨੇ ਦੱਸਿਆ ਕਿ ਉਕਤ ਸਮਗਲਰ ਨਰਿੰਦਰ ਸਿੰਘ ਬਾਠ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦਾ ਧੰਦਾ ਕਰਦਾ ਆ ਰਿਹਾ ਹੈ ਅਤੇ ਮਿਤੀ 31-07-2017 ਨੂੰ ਇਕ ਨਾਈਜ਼ੀਰੀਅਨ ਨਾਗਰਿਕ ਅੱਬੂ ਹੈਨਰੀ ਕੋਲੋਂ ਨਸ਼ਾ ਫੜੇ ਜਾਣ ’ਤੇ ਨਰਿੰਦਰ ਸਿੰਘ ਬਾਠ ਵਿਰੁੱਧ ਵੀ ਮੁਕੱਦਮਾ ਨੰ. 03, ਮਿਤੀ 31-07-2017 ਨੂੰ ਐਨ.ਡੀ.ਪੀ.ਐਸ ਐਕਟ ਦੀ ਧਾਰਾ 21/61/85 ਤਹਿਤ ਥਾਣਾ ਐਸ.ਟੀ.ਐਫ. ਜਿਲਾ ਐਸ.ਏ.ਐਸ ਨਗਰ ਵਿਖੇ ਦਰਜ ਹੋਇਆ ਹੈ। ਇਸ ਮੁਕੱਦਮੇ ਵਿਚ ਦੋਸ਼ੀਆਂ ਪਾਸੋਂ 550 ਗ੍ਰਾਮ ਹੈਰੋਇਨ, 4 ਲੱਖ ਰੁਪਏ ਨਗਦ ਅਤੇ ਇਕ ਫਾਰਚੂਨਰ ਗੱਡੀ ਨੰਬਰ ਪੀ ਬੀ 65-ਜ਼ੈਡ-0176 ਵੀ ਬਰਾਮਦ ਕੀਤੀ ਗਈ ਸੀ।