ਪੰਜਾਬ ਸਰਕਾਰ ਵਲੋਂ 9 ਤੋਂ 15 ਅਗਸਤ ਤੱਕ ‘ਖੁੱਲੇ ਵਿਚ ਜੰਗਲ ਪਾਣੀ ਜਾਣ ਤੋਂ ਮੁਕਤੀ’ ਸਪਤਾਹ,ਜਸਵਿੰਦਰ ਭੱਲਾ ਅਤੇ ਬਿੰਨੂ ਢਿਲੋਂ ‘ਮਿਸ਼ਨ ਸਵੱਛ ਅਤੇ ਸਵੱਸਥ ਪੰਜਾਬ’ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਹੋਣਗੇ

ਚੰਡੀਗੜ੍ਹ, 4 ਅਗਸਤ:(ਜਸ਼ਨ): ਪੰਜਾਬ ਸਰਕਾਰ ਵਲੋਂ 9 ਤੋਂ 15 ਅਗਸਤ ਤੱਕ ‘ਖੁੱਲੇ ਵਿਚ ਜੰਗਲ ਪਾਣੀ ਜਾਣ ਤੋਂ ਮੁਕਤੀ’ ਸਪਤਾਹ ਮਨਾਉਣ ਲਈ ਵੱਡੇ ਪੱਧਰ ਉੱਤੇ ਜਾਗਰੁਕਤਾ ਮੁਹਿੰਮ ਚਲਾਈ ਜਾਵੇਗੀ।
ਅੱਜ ਇੱਥੇ ਸੱਦੀ ਪ੍ਰੈਸ ਕਾਨਫਰੰਸ ਦੇ ਦੌਰਾਨ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਟੀਚਾ ਇਸ ਸਾਲ ਦੇ ਅੰਤ ਤੱਕ ਖੁੱਲੇ ਵਿਚ ਜੰਗਲ ਪਾਣੀ ਜਾਣ ਦੀ ਪ੍ਰਥਾ ਨੂੰ ਪੰਜਾਬ ਵਿਚੋਂ ਪੂਰੀ ਤਰਾਂ ਖਤਮ ਕਰਨ ਦਾ ਹੈ।
ਸ. ਬਾਜਵਾ ਨੇ ਇਸ ਮੌਕੇ ਦੱਸਿਆ ਕਿ ਮਿਸਨ ਸਵੱਛ ਅਤੇ ਸਵੱਸਥ ਪੰਜਾਬ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਮਸਹੂਰ ਕਾਮੇਡੀਅਨ ਅਤੇ ਫਿਲਮ ਅਦਾਕਾਰ ਜਸਵਿੰਦਰ ਭੱਲਾ ਅਤੇ ਬਿੰਨੂ ਢਿਲੋਂ ਨੂੰ ਇਸ ਮੁਹਿੰਮ ਨਾਲ ਨੂੰ ਜੋੜਨ ਦਾ ਫੈਸਲਾ ਕੀਤਾ ਗਿਆ ਹੈ। ਕਲਾ ਜਗਤ ਦੀਆਂ ਇਹ ਦੋਵੇਂ ਮਸਹੂਰ ਹਸਤੀਆਂ ਸੂਬੇ ਵਿਚ ਇਸ ਮੁਹਿੰਮ ਦੀਆਂ ਬ੍ਰਾਂਡ ਅੰਬੈਸਡਰ ਹੋਣਗੀਆਂ। ਉਨ੍ਹਾਂ ਨੇ ਇਸ ਮੌਕੇ ਇਨ੍ਹਾਂ ਦੋਵਾਂ ਕਲਾਕਾਰਾਂ ਵਲੋਂ ਪੰਜਾਬ ਨੂੰ ਸਾਫ ਸੁਥਰਾ ਅਤੇ ਸਿਹਤਮੰਦ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਨਾਲ ਜੁੜਨ ਲਈ ਦਿਖਾਈ ਪਹਿਲਕਦਮੀ  ਦੀ ਵੀ ਸ਼ਲਾਘਾ ਕੀਤੀ।
ਮੰਤਰੀ ਨੇ ਵਿਭਾਗ ਵਲੋਂ ਹੁਣ ਤੱਕ ਮਿਸਨ ਸਵੱਛ ਅਤੇ ਸਵੱਸਥ ਪੰਜਾਬ ਤਹਿਤ ਕੀਤੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਜਿਹੜੇ 9 ਜ਼ਿਲ੍ਹੇ ਖੁੱਲੇ ਵਿਚ ਜੰਗਲ ਪਾਣੀ ਤੋਂ ਮੁਕਤ ਹੋ ਚੱੁਕੇ ਹਨ, ਉਨ੍ਹਾਂ ਵਿਚ ਫਤਿਹਗੜ੍ਹ ਸਾਹਿਬ, ਲੁਧਿਆਣਾ, ਮੋਗਾ, ਮੁਹਾਲੀ, ਜਲੰਧਰ, ਕਪੂਰਥਲਾ, ਬਰਨਾਲਾ, ਫਰੀਦਕੋਟ ਅਤੇ ਐਸ.ਬੀ.ਐਸ ਨਗਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰ ਦੇ 52 ਬਲਾਕ ਅਤੇ 5953 ਪਿੰਡਾਂ ਨੂੰ ਅੱਜ ਤੱਕ ਖੁੱਲੇ ਵਿਚ ਜੰਗਲ ਪਾਣੀ ਤੋਂ ਮੁਕਤ ਐਲਾਨਿਆ ਜਾ ਚੱਕਾ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਹੁਣ ਤੱਕ 1,98,466 ਘਰਾਂ ਵਿਚ ਲੈਟਰੀਨਾਂ ਬਣਾਈਆਂ ਜਾ ਚੱੁਕੀਆਂ ਹਨ ਅਤੇ 1.21 ਲੱਖ ਲੈਟਰੀਨਾਂ ਬਣਾਉਣ ਦਾ ਕੰਮ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਲਾਭਪਾਰੀਆਂ ਨੂੰ ਲੈਟਰੀਨ ਦੇ ਨਾਲ ਗੁਸਲਖਾਨਾ ਵੀਬਣਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਜੋ ਇਸ ਦੀ ਯੋਗ ਵਰਤੋ ਕੀਤੀ ਜਾ ਸਕੇ। ਉਨ੍ਹਾਂ ਨਾਲ ਹੀ ਦੱਸਿਆ ਕਿ ਸਰਕਾਰੀ ਸਹਾਇਤਾ ਤੋਂ ਇਲਾਵਾ ਲਾਭਪਾਤਰੀਆਂ ਵਲੋਂ 5000 ਹਜ਼ਾਰ ਰੁਪਏ ਤੋਂ ਲੈ ਕੇ 15000 ਤੱਕ ਦਾ ਯੋਗਦਾਨ ਖੁਦ ਇਸ ਕਾਰਜ ਲਈ ਪਾਇਆ ਜਾ ਰਿਹਾ ਹੈ।
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਦੱਸਿਆ ਕਿ ਵਿਭਾਗ ਇਸ ਮੁਹਿੰਮ ਤਹਿਤ ਲੋਕਾਂ ਨੂੰ ਖੁੱਲੇ ਵਿਚ ਜੰਗਲ ਪਾਣੀ ਜਾਣ ਦੀ ਪ੍ਰਥਾ ਦੇ ਮਨੁੱਖੀ ਸਿਹਤ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਨੁੱਕੜ ਨਾਟਕਾਂ, ਵੀਡੀਓ ਵੈਨਾਂ, ਜਾਗਰੂਕਤਾ ਕੈਂਪਾਂ, ਰੈਲੀਆਂ, ਸੈਮੀਨਾਰਾਂ ਰਾਹੀਂ ਜਾਗਰੂਕ ਕਰੇਗਾ। ਇਸ ਤੋ ਇਲਾਵਾ ਯੂਥ ਕਲੱਬਾਂ, ਸਮਾਜਿਕ ਸੰਗਠਨਾਂ ਅਤੇ ਐਨ.ਜੀ.ਓ ਦੀ ਮੱਦਦ ਨਾਲ ਵੀ ਲੋਕਾਂ ਨੂੰ ਖੁੱਲੇ ਵਿਚ ਜੰਗਲ ਪਾਣੀ ਦੇ ਮਾੜੇ ਅਸਰਾਂ ਸਬੰਧੀ ਚੇਤੰਨ ਕੀਤਾ ਜਾਵੇਗਾ।
ਸ. ਬਾਜਵਾ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਸਿੱਖਿਆ ਵਿਭਾਗ ਨਾਲ ਰਲ ਕੇ ਸਕੂਲਾਂ ਅਤੇ ਕਾਲਜਾਂ ਵਿਚ ਸਾਂਝੇ ਪ੍ਰੋਗਰਾਮ ਚਲਾਏ ਜਾਣਗੇ, ਜਿਨ੍ਹਾਂ ਤਹਿਤ ਇਸ ਵਿਸ਼ੇ ਬਾਰੇ ਵਾਦ-ਵਿਵਾਦ, ਭਾਸ਼ਣ ਪ੍ਰਤੀਯੋਗਤਾ, ਪੇਂਟਿੰਗ ਅਤੇ ਕਵਿਤਾ ਉਚਾਰਣ ਮੁਕਾਬਲੇ ਕਰਵਾਏ ਜਾਣਗੇ। ਇਸ ਪ੍ਰੋਗਰਾਮ ਦੇ ਉਦੇਸ ਨੂੰ ਪ੍ਰਾਪਤ ਕਰਨ ਲਈ ਵਿਭਾਗ ਵੱਲੋਂ ਇਸ ਵਿਸ਼ੇ ਬਾਰੇ ਨਕਦ ਇਨਾਮੀ ਰਾਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ ਜਿਸ ਦੇ ਤਹਿਤ ਵਧੀਆ ਨਾਹਰੇ, ਰੇਡੀਓ ਜਿੰਗਲ, ਵੀਡੀਓ/ਐਨੀਮੇਟਡ ਫਿਲਮ ਅਤੇ ਡਿਜੀਟਲ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਜਾਣਗੇ।
ਇਸ ਮੁਹਿੰਮ ਤਹਿਤ ਹੀ ਵਾਤਾਵਰਣ ਨੂੰ ਸਾਫ ਸੁਥਰਾ ਤੇ ਹਰਾ ਭਰਾ ਬਣਾਉਣ ਲਈ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਵਲੋਂ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ 9 ਅਗਸਤ ਤੋਂ ਰੁੱਖ ਲਾਉਣ ਦੀ ਮੁਹਿੰਮ ਚਲਾਈ ਜਾਵੇਗੀ ਜਿਸ ਤਹਿਤ ਆਪਣੇ ਅਧੀਨ 8000 ਤੋਂ ਵੱਧ ਜਲ ਘਰਾਂ ਦੇ ਆਲੇ ਦੁਆਲੇ 1.25 ਲੱਖ ਦਰੱਖਤ ਲਗਾਏ ਜਾਣਗੇ।
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਇਸ ਮੌਕੇ ਮੀਡੀਆ ਰਾਹੀਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੂਬੇ ਨੂੰ ਸਾਫ ਸੂਥਰਾ ਅਤੇ ਸਿਹਤਮੰਦ ਬਣਾਉਣ ਅਤੇ ਇਸ ਸਾਲ ਦੇ ਅੰਤ ਤੱਕ ਰਾਜ ਨੂੰ ਖੁੱਲੇ ਵਿਚ ਜੰਗਲ ਪਾਣੀ ਤੋਂ ਮੁਕਤ ਕਰਨ ਲਈ ਵੱਧ ਤੋਂ ਵੱਧ ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਸਰਗਰਮ ਸਹਿਯੋਗ ਦੇਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾੜ, ਸ੍ਰੀ ਗੁਰਕਿਰਤ ਕਿ੍ਰਪਾਲ ਸਿੰਘ ਵਿਸੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ, ਵਿਭਾਗ ਦੇ ਮੁੱਖੀ ਸ੍ਰੀ ਅਸ਼ਵਨੀ ਕੁਮਾਰ, ਸ੍ਰੀ ਬਾਲ ਮੁਕੰਦ ਸ਼ਰਮਾ ਮਾਰਕਫੈਡ, ਕੈਬਨਿਟ ਮੰਤਰੀ ਸ. ਬਾਜਵਾ ਦੇ ਓ.ਐਸ.ਡੀ ਸ. ਗੁਰਦਰਸ਼ਨ ਸਿੰਘ ਬਾਹੀਆ, ਚੀਫ ਇੰਜਨੀਅਰ ਏ.ਕੇ ਕਲਸੀ, ਡਾਇਰੈਕਟਰ ਸੈਨੀਟੇਸ਼ਨ ਸ੍ਰੀ ਮੁਹੰਮਦ ਇਸ਼ਫਾਕ, ਡਾਇਰੈਕਟਰ ਵਾਟਰ ਕੁਆਲਟੀ ਸ੍ਰੀਮਤੀ ਵੀਨਾਕਸ਼ੀ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।