ਮੋਗਾ ਪੁਲਿਸ ਨੇ ਡਕੈਤੀ ਦੀ ਯੋਜਨਾ ਬਣਾ ਰਹੇ 5 ਵਿਅਕਤੀ 6 ਪਿਸਤੌਲਾਂ ਸਮੇਤ ਕੀਤੇ ਕਾਬੂ
ਮੋਗਾ, 2 ਅਗਸਤ (ਜਸ਼ਨ)- ਮੋਗਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਡਕੈਤੀ ਦੀ ਯੋਜਨਾ ਬਣਾ ਰਹੇ 5 ਵਿਅਕਤੀਆਂ ਨੂੰ 6 ਪਿਸਤੌਲਾਂ ਸਮੇਤ ਕਾਬੂ ਕਰ ਲਿਆ। ਇਸ ਗੈਂਗ ਦਾ ਛੇਵਾਂ ਵਿਅਕਤੀ ਫਰਾਰ ਹੋਣ ਵਿਚ ਸਫਲ ਹੋ ਗਿਆ। ਪੁਲਿਸ ਨੇ ਇਹਨਾਂ ਵਿਅਕਤੀਆਂ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਇਹ ਡਕੈਤੀ ਦੀ ਯੋਜਨਾ ਬਣਾ ਰਹੇ ਸਨ। ਅੱਜ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸ ਪੀ ਦਿਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਬਾਘਾਪੁਰਾਣਾ ਨੇੜਲੇ ਪਿੰਡ ਚੰਨੂੰਵਾਲਾ ਦੀ ਨਹਿਰ ’ਤੇ ਯੋਜਨਾਂ ਬਣਾ ਰਹੇ ਹਨ । ਇਤਲਾਹ ਮਿਲਣ ’ਤੇ ਬਾਘਾਪੁਰਾਣਾ ਦੇ ਐੱਸ ਐੱਚ ਓ ਜੰਗਜੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਛਾਪਾਮਾਰੀ ਕਰਦਿਆਂ ਪੰਜਾਂ ਵਿਅਕਤੀਆਂ ਨੂੰ ਘੇਰੇ ਵਿਚ ਲੈ ਲਿਆ ਅਤੇ ਆਤਮ ਸਮਰਪਣ ਲਈ ਮਜਬੂਰ ਕਰਦਿਆਂ ਹਥਿਆਰਾਂ ਸਮੇਤ ਗਿ੍ਰਫਤਾਰ ਕਰ ਕੇ ਬਾਘਾਪੁਰਾਣਾ ਥਾਣੇ ਵਿਚ ਮਾਮਲਾ ਦਰਜ ਕਰ ਲਿਆ ।