ਮੁੱਖ ਮੰਤਰੀ ਵੱਲੋਂ ਭਿ੍ਰਸ਼ਟਾਚਾਰ ਦੇ ਦੋਸ਼ ਹੇਠ ਜਲੰਧਰ ਦਾ ਮੁੱਖ ਖੇਤੀਬਾੜੀ ਅਫਸਰ ਬਰਖਾਸਤ ਕਰਨ ਦੇ ਹੁਕਮ

ਚੰਡੀਗੜ੍ਹ, 1 ਅਗਸਤ:(ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਲੰਧਰ ਦੇ ਮੁੱਖ ਖੇਤੀਬਾੜੀ ਅਫਸਰ (ਸੀ.ਏ.ਓ) ਜੁਗਰਾਜ ਸਿੰਘ ਨੂੰ ਬਰਖਾਸਤ ਕਰ ਦਿੱਤਾ ਹੈ। ਇਸ ਵੀਡੀਓ ਵਿਚ ਉਸ ਨੂੰ ਇੱਕ ਦੁਕਾਨਦਾਰ ਕੋਲੋਂ ਰਿਸ਼ਵਤ ਮੰਗਦੇ ਦਿਖਾਇਆ ਹੋਇਆ ਹੈ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਦੇ ਦੁਕਾਨਦਾਰ ਬਿੱਕਰ ਸਿੰਘ ਵੱਲੋਂ 11 ਜੁਲਾਈ ਨੂੰ ਬਣਾਈ ਇਸ ਵੀਡੀਓ ’ਤੇ ਗੰਭੀਰ ਨੋਟਿਸ ਲਿਆ ਹੈ। ਇਸ ਵੀਡੀਓ ਵਿਚ ਮੁੱਖ ਖੇਤੀਬਾੜੀ ਅਫਸਰ ਨੂੰ ਬਿੱਕਰ ਸਿੰਘ ਕੋਲੋਂ ਰਿਸ਼ਵਤ ਮੰਗਦੇ ਸਪਸ਼ਟ ਤੌਰ ’ਤੇ ਦਿਖਾਇਆ ਗਿਆ ਹੈ।
ਇਹ ਵੀਡੀਓ 16 ਜੁਲਾਈ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਹੋਈ ਅਤੇ ਅੱਗੇ ਤੋਂ ਅੱਗੇ ਵੱਡੀ ਪੱਧਰ ਉੱਤੇ ਫੈਲ ਗਈ। ਬੁਲਾਰੇ ਅਨੁਸਾਰ ਜਿਓਂ ਹੀ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਖੇਤੀਬਾੜੀ ਵਿਭਾਗ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਵਿਭਾਗ ਨੇ ਡਿਪਟੀ ਕਮਿਸ਼ਨਰ ਦੇ ਰਾਹੀਂ ਦੁਕਾਨਦਾਰ ਨਾਲ ਸੰਪਰਕ ਕੀਤਾ ਅਤੇ ਉਸ ਨੇ 19 ਜੁਲਾਈ ਨੂੰ ਆਪਣੇ ਦੋਸ਼ਾਂ ਸਬੰਧੀ ਇੱਕ ਹਲਫ਼ਨਾਮਾ ਪੇਸ਼ ਕੀਤਾ।
ਖੇਤੀਬਾੜੀ ਵਿਭਾਗ ਨੇ ਇਹ ਰਿਪੋਰਟ ਮੁੱਖ ਮੰਤਰੀ ਨੂੰ ਪੇਸ਼ ਕੀਤੀ ਜਿਨ੍ਹਾਂ ਕੋਲ ਖੇਤੀਬਾੜੀ ਵਿਭਾਗ ਦਾ ਵੀ ਚਾਰਜ ਹੈ। ਉਨ੍ਹਾਂ ਨੇ ਜੁਗਰਾਜ ਸਿੰਘ ਨੂੰ ਤੁਰੰਤ ਸੇਵਾਵਾਂ ਤੋਂ ਬਰਖਾਸਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਭਿ੍ਰਸ਼ਟਾਚਾਰ ਨੂੰ ਰੱਤੀ ਭਰ ਵੀ ਸਹਿਣ ਨਾ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਭਿ੍ਰਸ਼ਟਾਚਾਰ ਕਰਨ ਵਿਰੁੱਧ ਕਰਮਚਾਰੀਆਂ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਜਿਹੜਾ ਵੀ ਵਿਅਕਤੀ ਭਿ੍ਰਸ਼ਟਾਚਾਰ ਵਿਚ ਸ਼ਾਮਲ ਹੋਇਆ ਉਸ ਵਿਰੁੱਧ ਇਸੇ ਤਰ੍ਹਾਂ ਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜੁਗਰਾਜ ਸਿੰਘ ਦੀ ਬਰਖਾਸਤਗੀ ਦੇ ਹੁਕਮ ਵਧੀਕ ਮੁੱਖ ਸਕੱਤਰ (ਖੇਤੀਬਾੜੀ) ਸ੍ਰੀ ਐਮ.ਪੀ. ਸਿੰਘ ਵੱਲੋਂ ਪੰਜਾਬ ਸਿਵਲ ਸੇਵਾਵਾਂ (ਸਜ਼ਾ ਤੇ ਅਪੀਲ) ਰੂਲਜ਼, 1970 ਜੋ ਕਿ ਭਾਰਤੀ ਸੰਵਿਧਾਨ ਦੀ ਧਾਰਾ 311 (2) ਦੇ ਨਾਲ ਸਬੰਧਤ ਹੈ ਦੇ ਨਿਯਮ 5 ਹੇਠ ਜਾਰੀ ਕੀਤੇ ਗਏ ਹਨ।