ਆਈ.ਟੀ.ਆਈ ਦੀਆਂ ਪ੍ਰੀਖਿਆਵਾਂ ਵਿਚ ਨਕਲ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਚੰਨੀ

* ਤਕਨੀਕੀ ਸਿੱਖਿਆ ਮੰਤਰੀ ਅਤੇ ਵਿਭਾਗ ਦੇ ਸੀਨੀਆਰ ਅਧਿਕਾਰੀ ਖੁਦ ਪ੍ਰੀਖਿਆ ਕੇਂਦਰਾਂ ਦੀ ਕਰਨਗੇ ਅਚਨਚੇਤ ਚੈਕਿੰਗ

ਚੰਡੀਗੜ੍ਹ, 1 ਅਗਸਤ: (ਜਸ਼ਨ):ਪੰਜਾਬ ਵਿਚ ਚੱਲ ਰਹੀਆਂ ਆਈ.ਟੀ.ਆਈ ਦੀਆਂ ਪ੍ਰੀਖਿਆਵਾਂ ਦੌਰਾਨ ਨਕਲ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਸਰਕਾਰੀ ਕੰਮ ਕਾਜ ਵਿਚ ਵਿਘਨ ਪਾਉਣ ਵਾਲਿਆਂ ਅਤੇ ਨਕਲ ਕਰਵਾਉਣ ਵਾਲਿਆਂ ਖਿਲਾਫ ਵਿਭਾਗੀ ਕਾਰਵਾਈ ਦੇ ਨਾਲ ਨਾਲ ਪੁਲਿਸ ਕਾਰਵਾਈ ਵੀ ਕੀਤੀ ਜਾਵੇਗੀ।ਪਟਿਆਲਾ ਅਤੇ ਮੋਗਾ ਦੀਆਂ ਵਿਖੇ ਕੁਝ ਲੋਕਾਂ ਵਲੋਂ ਆਈ.ਟੀ.ਆਈ ਦੀਆਂ ਪ੍ਰੀਖਿਆਵਾਂ ਵਿਚ ਵਿਘਨ ਪਾਉਣ ਦਾ ਗੰਭੀਰ ਨੋਟਿਸ ਲੈਦਿਆਂ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਵਿਸੇਸ਼ ਮੀਟਿੰਗ ਸੱਦੀ, ਜਿਸ ਦੌਰਾਨ ਹਦਾਇਤਾਂ ਜਾਰੀ ਕੀਤੀਆਂ ਕਿ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਿੱਜੀ ਤੌਰ ‘ਤੇ ਸਾਰੇ ਪ੍ਰੀਖਿਆ ਕੇਂਦਰਾਂ ਦੀ ਅਚਨਚੇਤ ਚੈਕਿੰਗ ਕਰਨ, ਖਾਸ ਕਰਕੇ ਚੰਡੀਗੜ ਤੋਂ ਦੂਰ ਦੁਰਾਡੇ ਪ੍ਰੀਖਿਆ ਕੇਂਦਰ ਜਰੂਰ ਚੈਕ ਕੀਤੇ ਜਾਣ ਜਿਸ ਦੀ ਰੋਜ਼ਾਨਾ ਰਿਪੋਰਟ ਉਨ੍ਹਾਂ ਤੱਕ ਭੇਜੀ ਜਾਵੇ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਖੁਦ ਵੀ ਪ੍ਰੀਖਿਆ ਕੇਂਦਰਾਂ ਦੀ ਅਚਨਚੇਤ ਚੈਕਿੰਗ ਕਰਨਗੇ ਅਤੇ ਨਕਲ ਕਰਨ ਜਾਂ ਕਰਵਾਉਣ ਵਾਲਿਆਂ ਦੇ ਖਿਲਾਫ ਪੂਰੀ ਸਖਤੀ ਵਰਤੀ ਜਾਵੇਗੀ।ਸ. ਚੰਨੀ ਨੇ ਕਿਹਾ ਕਿ ਇਸ ਸਾਲ ਪੰਜਾਬ ਸਰਕਾਰ ਨੇ ਨਕਲ ਨੂੰ ਠੱਲ ਪਾਉਣ ਲਈ ਵੱਡਾ ਉਪਰਾਲਾ ਕਰਦਿਆਂ ਆਈ.ਟੀ.ਆਈ ਦੀਆਂ ਪ੍ਰੀਖਿਆਵਾਂ ਬਹੁਤੇ ਕੇਂਦਰ ਸਰਕਾਰੀ ਸੰਸਥਾਵਾਂ ਵਿਚ ਬਣਾਏ ਹਨ, ਪਰ ਕੁਝ ਤਕਨੀਕੀ ਕਾਰਨਾ ਕਰਕੇ ਕੁੱਝ ਕੇਂਦਰ ਪ੍ਰਾਈਵੇਟ ਅਦਾਰਿਆਂ ਵਿਚ ਬਣਾਉਣੇ ਪਏ ਹਨ।ਉਨ੍ਹਾਂ ਨਾਲ ਹੀ ਦੱਸਿਆ ਕਿ ਨਕਲ ਰੋਕਣ ਲਈ ਸਰਕਾਰ ਵਲੋਂ ਪ੍ਰਾਈਵੇਟ ਪ੍ਰੀਖਿਆ ਕੇਂਦਰਾਂ ਵਿਚ ਵੀ ਸੁਪਰਡੈਂਟ ਸਰਕਾਰੀ ਹੀ ਲਗਾਏ ਗਏ ਹਨ।ਉਨ੍ਹਾਂ ਕਿਹਾ ਕਿ ਇੱਕ-ਦੋ ਪ੍ਰਾਈਵੇਟ ਸੰਸਥਾਵਾਂ ਵਿਚ ਸਥਾਪਤ ਪ੍ਰੀਖਿਆ ਕੇਂਦਰਾਂ ਤੋਂ ਰਿਪੋਰਟਾਂ ਆਈਆਂ ਹਨ, ਜਿੱਥੇ ਨਕਲ ਕਰਵਾਉਣ ਅਤੇ ਸਰਕਾਰੀ ਕੰਮ ਕਾਜ ਵਿਚ ਵਿਘਨ ਪਾਉਣ ਦਾ ਯਤਨ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਪਟਿਆਲਾ ਨਜਦੀਕ ਪ੍ਰਾਈਵੇਟ ਬਲਰਾਜ ਸਿੰਗਲਾ ਆਈ.ਟੀ.ਆਈ ਵਿਖੇ ਸਥਾਪਿਤ ਕੀਤੇ ਗਏ ਪ੍ਰੀਖਿਆ ਕੇਂਦਰ ਵਿਚ ਪ੍ਰਾਈਵੇਟ ਸੰਸਥਾ ਦੇ ਪ੍ਰਬੰਧਕਾਂ ਵਲੋਂ ਜਾਣਬੁੱਜ ਕੇ ਖਲਲ ਪਾ ਕੇ ਇਮਤਿਹਾਨ ਵਿਚ ਦੇਰੀ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਪਰ ਚੰਡੀਗੜ੍ਹ ਮੁੱਖ ਦਫਤਰ ਨੂੰ ਇਸ ਬਾਰੇ ਮੌਕੇ ਸਿਰ ਇਤਲਾਹ ਮਿਲਦਿਆਂ ਚੰਡੀਗੜ੍ਹ ਤੋਂ ਸਟਾਫ ਭੇਜ ਕੇ ਇਮਤਿਹਾਨ ਨੇਪਰੇ ਚਾੜਿਆ ਗਿਆ।ਸ. ਚੰਨੀ ਨੇ ਨਾਲ ਹੀ ਦੱਸਿਆ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਨੇ ਖੁਦ ਡੀ.ਜੀ.ਪੀ ਪੰਜਾਬ ਨਾਲ ਗੱਲਬਾਤ ਕਰਕੇ ਇਮਤਿਹਾਨਾਂ ਵਿਚ ਖਲਲ ਪਾਉਣ ਵਾਲੇ ਨਿੱਜੀ ਅਦਾਰੇ ਦੇ ਖਿਲਾਫ ਬਣਦੀ ਕਾਰਵਈ ਕਰਨ ਲਈ ਕਿਹਾ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਆਈ.ਟੀ.ਆਈ ਦੀਆਂ ਪ੍ਰੀਖਿਆ ਲਈ ਬਣੇ ਸਾਰੇ ਪ੍ਰੀਖਿਆ ਕੇਂਦਰਾਂ ਦੀ ਸੁਰੱਖਿਆ ਲਈ ਪਲਿਸ ਮੁਲੱਜ਼ਮ ਮੁਹੱਈਆ ਕਰਵਾਉਣ ਲਈ ਵੀ ਉਨ੍ਹਾਂ ਨੇ ਡੀ.ਜੀ.ਪੀ ਪੰਜਾਬ ਨੂੰ ਕਿਹਾ ਹੈ।