ਸ਼ੋ੍ਰਮਣੀ ਅਕਾਲੀ ਦਲ ਨੂੰ ਝਟਕਾ,ਟਕਸਾਲੀ ਅਕਾਲੀ ਆਗੂ ਦਵਿੰਦਰ ਸਿੰਘ ਰਣੀਆ ਅਕਾਲੀ ਦਲ ਛੱਡ ਕੇ ਕਾਂਗਰਸ ’ਚ ਹੋਏ ਸ਼ਾਮਲ
ਮੋਗਾ,1 ਅਗਸਤ (ਜਸ਼ਨ):ਅੱਜ ਸ਼ੋ੍ਰਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਟਕਸਾਲੀ ਅਕਾਲੀ ਆਗੂ ਦਵਿੰਦਰ ਸਿੰਘ ਰਣੀਆ ਅਕਾਲੀ ਦਲ ਛੱਡ ਕੇ ਕਾਂਗਰਸ ’ਚ ਸ਼ਾਮਲ ਹੋ ਗਏ। ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਅਤਿ ਕਰੀਬੀ ਸਾਥੀ ਮਰਹੂਮ ਟਕਸਾਲੀ ਅਕਾਲੀ ਆਗੂ ਅਤੇ ਮਾਰਕੀਟ ਕਮੇਟੀ ਮੋਗਾ ਦੇ ਸਾਬਕਾ ਚੇਅਰਮੈਨ ਜਥੇਦਾਰ ਮਲਕੀਤ ਸਿੰਘ ਰਣੀਆ ਦੇ ਸਪੁੱਤਰ ਦਵਿੰਦਰ ਸਿੰਘ ਰਣੀਆ ਵੱਲੋਂ ਕਾਂਗਰਸ ਵਿਚ ਸ਼ਾਮਲ ਹੋਣ ਦੀ ਖਬਰ ਮੋਗਾ ਜ਼ਿਲੇ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ । ਇਸ ਖਬਰ ਨਾਲ ਜਿਥੇ ਆਮ ਲੋਕਾਂ ਵਿਚ ਹੈਰਾਨੀ ਪਾਈ ਜਾ ਰਹੀ ਸੀ ਉਥੇ ਮੋਗਾ ਦੇ ਵਿਕਾਸ ਨੂੰ ਤਰਸ ਰਹੇ ਲੋਕਾਂ ਦੇ ਚਿਹਰਿਆਂ ’ਤੇ ਆਸ ਦੀ ਕਿਰਨ ਵੀ ਦਿਖਾਈ ਦਿੱਤੀ ਕਿਉਂਕਿ ਦਵਿੰਦਰ ਸਿੰਘ ਰਣੀਆ ਨੂੰ ਆਮ ਲੋਕ ਧਰਤੀ ਨਾਲ ਜੁੜੇ ਲੋਕ ਆਗੂ ਵਜੋਂ ਜਾਣਦੇ ਹਨ ਜਿਹਨਾਂ ਦਾ ਸ਼ਹਿਰੀ ਅਤੇ ਪੇਂਡੂ ਖੇਤਰ ਵਿਚ ਬਰਾਬਰ ਦਾ ਪ੍ਰਭਾਵ ਹੈ । ਸ਼ੋ੍ਰਮਣੀ ਅਕਾਲੀ ਦਲ ਉੱਤਰੀ ਅਮਰੀਕਾ ਦੇ ਜਨਰਲ ਸਕੱਤਰ ਵਜੋਂ ਅਕਾਲੀ ਦਲ ਨੂੰ ਜਥੇਬੰਦਕ ਤੌਰ ’ਤੇ ਮਜਬੂਤ ਕਰਨ ਵਾਲੇ ਦਵਿੰਦਰ ਸਿੰਘ ਰਣੀਆ ਨੇ ਸ਼ੋ੍ਰਮਣੀ ਅਕਾਲੀ ਦਲ ਛੱਡਣ ਦੇ ਕਾਰਨਾਂ ਨੂੰ ਸਪੱਸ਼ਟ ਕਰਦਿਆਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪਿਛਲੇ ਦੋ ਦਹਾਕਿਆਂ ਤੋਂ ਨਿਰੰਤਰ ਅਕਾਲੀ ਦਲ ਲਈ ਨਿਰਸਵਾਰਥ ਕੰਮ ਕਰਨ ਦੇ ਬਾਵਜੂਦ ਉਹਨਾਂ ਨੂੰ ਹੁਣ ਪੂਰੀ ਤਰਾਂ ਅਣਗੌਲਿਆਂ ਕੀਤਾ ਜਾ ਰਿਹਾ ਸੀ । ਉਹਨਾਂ ਆਖਿਆ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੁਰਜੀਤ ਸਿੰਘ ਰੱਖੜਾ ਉਹਨਾਂ ਨੂੰ ਅਮਰੀਕਾ ਤੋਂ ਇਹ ਵਚਨ ਦੇ ਕੇ ਲਿਆਏ ਸਨ ਕਿ ਮੋਗਾ ਤੋਂ ਵਿਧਾਨ ਸਭਾ ਲਈ ਚੋਣ ਲੜਾਈ ਜਾਵੇਗੀ ਪਰ ਆਖਰੀ ਮੌਕੇ ਡੀ ਜੀ ਪੀ ਪਰਮਦੀਪ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਗਿਆ । ਉਹਨਾਂ ਆਖਿਆ ਕਿ ਇਥੇ ਹੀ ਬੱਸ ਨਹੀਂ ਸਗੋਂ ਬਾਅਦ ਵਿਚ ਹਾਈ ਕਮਾਂਡ ਨੇ ਟਕਸਾਲੀਆਂ ਨੂੰ ਉਤਸ਼ਾਹਿਤ ਕਰਨ ਅਤੇ ਪਾਰਟੀ ਮਜਬੂਤ ਕਰਨ ਦੀ ਬਜਾਏ ਜੋਗਿੰਦਰਪਾਲ ਜੈਨ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਕੇ ਮੋਗੇ ਦੀ ਸਿਆਸਤ ਵਿਚ ਅਜਿਹਾ ਰੌਲ-ਘਚੌਲਾ ਪਾਇਆ ਕਿ ਨਾ ਤਾਂ ਮੋਗੇ ਦਾ ਕੁਝ ਸੰਵਰ ਸਕਿਆ ਤੇ ਨਾ ਹੀ ਟਕਸਾਲੀ ਆਗੂਆਂ ਨੂੰ ਕੋਈ ਅਹੁਦਾ ਜਾਂ ਸਤਿਕਾਰ ਦਿੱਤਾ ਗਿਆ । ਉਹਨਾਂ ਆਖਿਆ ਕਿ ਪਰਿਵਾਰਵਾਦ ਵਿਚੋਂ ਉਪਜੇ ਕੁਝ ਨਵੇਂ ਬਣੇ ਲੀਡਰਾਂ ਨੇ ਘਰ ਦਾ ਅਕਾਲੀ ਦਲ ਬਣਾ ਰੱਖਿਆ ਹੈ ਅਤੇ ਸ਼ੋ੍ਰਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਵੇਲੇ ਟਕਸਾਲੀਆਂ ਅਤੇ ਆਮ ਵਰਕਰਾਂ ਦੀ ਕੋਈ ਪੁੱਛਗਿੱਛ ਨਹੀਂ ਹੰੁਦੀ । ਇਹ ਪੁੱਛੇ ਜਾਣ ’ਤੇ ਕਿ ਸ਼ੋ੍ਰਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਆਉਣ ਦੀ ਪ੍ਰੇਰਨਾ ਕਿਸ ਨੇ ਦਿੱਤੀ ,ਦੇ ਜਵਾਬ ਵਿਚ ਸ: ਰਣੀਆਂ ਨੇ ਆਖਿਆ ਕਿ ਉਹਨਾਂ ਨਾਲ ਜੁੜੇ ਕਈ ਸਰਗਰਮ ਆਗੂ ਅਤੇ ਵਰਕਰ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਹਿਤਾਂ ਵਿਚ ਲਏ ਜਾ ਰਹੇ ਫੈਸਲਿਆਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਵਰਕਰਾਂ ਨੇ ਰਣੀਆ ਤੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਦਬਾਅ ਬਣਾਇਆ ਕਿਉਂਕਿ ਵਰਕਰਾਂ ਦਾ ਇਹ ਮੰਨਣਾ ਸੀ ਕਿ ਲੋਕ ਮੁੱਦਿਆਂ ਨਾਲ ਜੁੜੇ ਅਤੇ ਲੋਕ ਹਿਤਾਂ ਨੂੰ ਪ੍ਰਣਾਏ ਦਵਿੰਦਰ ਸਿੰਘ ਰਣੀਆ ਨੂੰ ਦਿ੍ਰੜ ਇਰਾਦੇ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਪੂਰੀ ਤਰਾਂ ਰਾਸ ਆਵੇਗੀ ਅਤੇ ਨਾਲ ਦੀ ਨਾਲ ਪਿਛਲੇ 10 ਸਾਲਾਂ ਤੋਂ ਨਰਕ ਭਰਪੂਰ ਜੀਵਨ ਜਿਉਣ ਵਾਲੇ ਮੋਗਾ ਵਾਸੀਆਂ ਨੂੰ ਦਵਿੰਦਰ ਸਿੰਘ ਰਣੀਆ ਦੇ ਰੂਪ ਵਿਚ ਧੜੱਲੇਦਾਰ ਆਗੂ ਮਿਲ ਜਾਵੇਗਾ ਜੋ ਮੋਗਾ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਉਣ ਦੇ ਸਮਰੱਥ ਹੋਵੇਗਾ । ਅੱਜ ਸਵੇਰੇ ਦਵਿੰਦਰ ਸਿੰਘ ਰਣੀਆ ਨੂੰ ਕਾਂਗਰਸ ਵਿਚ ਸ਼ਾਮਲ ਕਰਨ ਮੌਕੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ,ਵਿਧਾਇਕ ਡਾ: ਹਰਜੋਤ ਕਮਲ ਸਿੰਘ, ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ,ਸੂਬਾ ਸਕੱਤਰ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਡਾ: ਗੁਰਕੀਰਤ ਸਿੰਘ ਗਿੱਲ ਆਦਿ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ਆਖਿਆ ਕਿ ਦਵਿੰਦਰ ਸਿੰਘ ਰਣੀਆ ਦੀ ਸ਼ਮੂਲੀਅਤ ਨਾਲ ਕਾਂਗਰਸ ਹੋਰ ਮਜਬੂਤ ਹੋਵੇਗੀ। ਅੱਜ ਦੇ ਇਸ ਘਟਨਾਕਰਮ ਬਾਰੇ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਦੇ ਜਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਪ੍ਰਤੀ ਸੱਚੀ-ਸੁੱਚੀ ਸੋਚ ਤੋਂ ਪ੍ਰਭਾਵਿਤ ਵੱਡੇ ਆਗੂ ਕਾਂਗਰਸ ਵੱਲ ਪ੍ਰੇਰਿਤ ਹੋ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਕਾਫ਼ਲਾ ਹੋਰ ਵੱਡਾ ਹੋਵੇਗਾ ਅਤੇ ਕੈਪਟਨ ਦੀ ਅਗਵਾਈ ਵਿਚ ਸੂਬਾ ਵਿਕਾਸ ਦੀਆਂ ਨਵੀਆਂ ਮੰਜ਼ਿਲਾਂ ਛੂਹੇਗਾ। ਇਸ ਮੌਕੇ ਤੇ ਦਵਿੰਦਰ ਰਣੀਆਂ ਤੋਂ ਇਲਾਵਾ ਸੂਰਜ ਭਾਨ, ਪਿਆਰਾ ਸਿੰਘ ਐਮ.ਸੀ, ਡਾ. ਪਰਮਜੀਤ ਸਿੰਘ ,ਸੁਖਮੰਦਰ ਸਿੰਘ ਸਰਪੰਚ ਸਿੰਘਾਵਾਲਾ, ਜਸਵਿੰਦਰ ਸਿੰਘ ਛਿੰਦਾ ਬਰਾੜ, ਜਗਜੀਤ ਸਿੰਘ ਜੀਤਾ, ਸੁਦਾਗਰ ਅਲੀ ਸਾਗਰ, ਜਗਸੀਰ ਸਿੰਘ, ਵਿਪਨ ਕੁਮਾਰ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।