ਗੁਰਦੁਆਰਾ ਭਾਈ ਦਰਬਾਰੀ ਦਾਸ ਦੀ ਪ੍ਰਬੰਧਕ ਕਮੇਟੀ ਨੇ ਚੁੱਕੀ ਪਿੰਡ ਦੀਆ ਪੁਰਾਤਨ ਅਤੇ ਇਤਿਹਾਸਿਕ ਥਾਵਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ
ਸਮਾਲਸਰ, 1 ਅਗਸਤ (ਜਸਵੰਤ ਗਿੱਲ) -ਪੰਜਾਬ ਵਿੱਚ ਸਮੇਂ-ਸਮੇਂ ‘ਤੇ ਆਈਆ ਸਰਕਾਰ ਨੇ ਪੰਜਾਬ ਅੰਦਰ ਸਥਿਤ ਅਨੇਕਾਂ ਦੀ ਪੁਰਾਤਨ ਅਤੇ ਇਤਿਹਾਸਿਕ ਥਾਵਾਂ ਦੀ ਸਾਂਭ-ਸੰਭਾਲ ਤੋਂ ਪਾਸਾ ਵੱਟ ਕੇ ਨਵੀਆਂ ਇਮਾਰਤਾ ਉਸਾਰਨ ਵੱਲ ਜੋਰ ਦਿੱਤਾ ਹੈ ਤੇ ਸਾਡੇ ਵਿਰਸੇ ਦੀਆ ਯਾਦਾਂ ਨੂੰ ਆਪਣੀ ਬੁੱਕਲ ਵਿੱਚ ਸੰਭਾਲ ਕੇ ਰੱਖਣ ਵਾਲੀਆਂ ਥਾਵਾਂ ਨੂੰ ਖੰਡਰ ਬਣਨ ਲਈ ਛੱਡ ਦਿੱਤਾ।ਜਿਸ ਦੀ ਉਦਾਰਣ ਸਾਨੂੰ ਆਮ ਹੀ ਰਾਜਿਆਂ-ਮਹਾਰਾਜਿਆਂ ਦੇ ਮਹਿਲਾ,ਨਹਿਰਾਂ ਦੇ ਕੰਡਿਆ ‘ਤੇ ਅੰਗਰੇਜਾ ਦੁਆਰਾ ਉਸਾਰੇ ਗਏ ਆਲੀਸ਼ਾਨ ਆਰਾਮ ਘਰਾਂ , ਪਿੰਡਾਂ ਵਿੱਚ ਮੌਜੂਦ ਖੂਹਾਂ,ਹਵੇਲੀਆਂ ਅਤੇ ਸ਼ਹੀਦਾ ਦੇ ਘਰਾਂ ਦੀ ਮਾੜੀ ਹਾਲਤ ਤੋਂ ਮਿਲ ਜਾਂਦੀ ਹੈ।ਕੁਝ ਥਾਵਾਂ ਦੀ ਹਾਲਤ ਤਾਂ ਬੇਹੱਦ ਤਰਸ ਯੋਗ ਬਣੀ ਹੋਈ ਹੈ ਪਰ ਸਰਕਾਰਾਂ ਇਨ੍ਹਾਂ ਅਸਲੀ ਯਾਦਗਾਰਾਂ ਨੂੰ ਸੰਭਾਲਣ ਦੀ ਬਜਾਏ ਨਵੀਆਂ ਯਾਦਗਾਰਾਂ ਤਿਆਰ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਮਨਘੜ੍ਹਤ ਇਤਿਹਾਸ ਸਿਰਜਣ ਦੀਆਂ ਕੋਸ਼ਿਸਾ ਕਰ ਰਹੀਆਂ ਹਨ। ਸਰਕਾਰਾਂ ਅਤੇ ਪ੍ਰਸ਼ਾਸਨ ਦੀ ਇਸ ਬੇਰੁਖੀ ਦਾ ਸ਼ਿਕਾਰ ਹੋ ਰਹੀਆਂ ਪਿੰਡ ਦੀਆ ਪੁਰਾਤਨ ਅਤੇ ਇਤਿਹਾਸ਼ਿਕ ਥਾਵਾਂ ਤੇ ਇਮਾਰਤਾਂ ਦੀ ਸਾਂਭ ਸੰਭਾਲ ਦਾ ਜੁਮ੍ਹਾਂ ਪਿੰਡ ਵੈਰੋਕੇ ਦੇ ਗੁਰਦੁਆਰਾ ਭਾਈ ਦਰਬਾਰੀ ਦਾਸ ਦੀ ਪ੍ਰਬੰਧਕ ਕਮੇਟੀ ਨੇ ਚੁੱਕ ਲਿਆ ਹੈ ਅਤੇ ਪਿੰਡ ਅੰਦਰ ਸਥਿਤ ਦੋ ਪੁਰਾਤਨ ਖੂਹਾਂ ਦੀ ਨੁਹਾਰ ਨੂੰ ਬਦਲਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।ਜਿਕਰਯੋਗ ਹੈ ਕਿ ਇਹ ਦੋਨੋਂ ਖੂਹ ਤਿੰਨ ਸੌ ਸਾਲ ਤੋਂ ਵੱਧ ਪੁਰਾਣੇ ਹਨ ਅਤੇ ਇਹ ਆਪਣੀ ਪੁਰਾਤਨ ਸੁੰਦਰਤਾ ਨੂੰ ਗਵਾਹ ਕੇ ਖੰਡਰ ਬਣ ਚੁੱਕੇ ਸਨ।ਪਰ ਇਨ੍ਹਾਂ ਵਿੱਚ ਮੁੜ ਤੋਂ ਪਹਿਲਾ ਵਾਲੀ ਸੁੰਦਰਤਾ ਪੈਦਾ ਕਰਨ ਅਤੇ ਪਿੰਡ ਦੇ ਇਤਿਹਾਸ ਨੂੰ ਜਿਊਦਾ ਰੱਖਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਕਾਸ ਕਾਰਜ ਆਰੰਭ ਕੀਤਾ ਹੈ ਜਿਸ ਦੀ ਚੌਹ ਪਾਸੇ ਪ੍ਰਸੰਸਾ ਹੋ ਰਹੀ ਹੈ।ਇਸ ਸਬੰਧੀ ‘ਪੰਜਾਬੀ ਜਾਗਰਣ’ਦੇ ਪੱਤਰਕਾਰ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆ ਕਮੇਟੀ ਪ੍ਰਧਾਨ ਦਰਸ਼ਨ ਸਿੰਘ,ਜਗਰੂਪ ਸਿੰਘ ਰੂਪਾ,ਸੁਰਿੰਦਰ ਸਿੰਘ,ਜਗਤਾਰ ਸਿੰਘ,ਹਰਜੀਤ ਸਿੰਘ,ਜਗਰੂਪ ਸਿੰਘ,ਜੋਗਾ ਸਿੰਘ,ਗੁਰਪ੍ਰੀਤ ਸਿੰਘ ਸਰਪੰਚ,ਲਖਵਿੰਦਰ ਸਿੰਘ,ਮਿਸਤਰੀ ਕੁਲਵਿੰਦਰ ਸਿੰਘ ਕੰਤਾ,ਹਰਭਜਨ ਸਿੰਘ,ਦਰਸ਼ਨ ਸਿੰਘ ਪੰਚ,ਕੇਵਲ ਸਿੰਘ,ਜੰਗੀਰ ਸਿੰਘ,ਜਗਤਾਰ ਸਿੰਘ,ਬੁੱਗਾ ਸਿੰਘ ਅਤੇ ਬੱਬੀ ਸਿੰਘ ਨੇ ਦੱਸਿਆ ਪਿੰਡ ਵਿੱਚ ਦੋ ਵੱਡੇ ਪੁਰਾਤਨ ਖੂਹ ਹਨ ਜੋ ਕਿ ਬਿਲਕੁਲ ਖੰਡਰ ਬਣ ਗਏ ਸਨ ।ਕਮੇਟੀ ਨੇ ਬਾਬਾ ਦੀਪਾ ਸਿੰਘ ਵਲੋਂ ਉਸਾਰੇ ਗਏ ਦੀਪਾ ਪੱਤੀ ਵਾਲੇ ਖੂਹ ਦੀ ਸਾਂਭ ਸੰਭਾਲ ਲਈ ਕੰਮ ਸ਼ੁਰੂ ਕੀਤਾ ਹੋਇਆ ਹੈ ਜੋ ਕਿ ਪੂਰਾ ਹੋ ਚੁੱਕਾ ਹੈ ਤੇ ਹੁਣ ਬਾਬਾ ਵੈਰੋ ਵਲੋਂ ਵੈਰੋਕੇ ਪੱਤੀ ਵਿੱਚ ਬਣਾਏ ਗਏ ਖੂਹ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਬਾਬਾ ਦੀਪਾ ਅਤੇ ਬਾਬਾ ਵੈਰੋ ਦੋਨੋਂ ਸਕੇ ਭਰਾ ਸਨ ਅਤੇ ਪਿੰਡ ਵਿੱਚ ਉਸ ਸਮੇਂ ਪਾਣੀ ਦੀ ਆ ਰਹੀ ਵੱਡੀ ਸਮੱਸਿਆ ਨੂੰ ਵੇਖ ਕੇ ਹੀ ਅੱਜ ਤੋਂ 300 ਸਾਲ ਪਹਿਲਾਂ ਇਨ੍ਹਾਂ ਨੇ ਇਹ ਦੋਵੇਂ ਖੂਹ ਉਸਾਰੇ ਸਨ।ਜਿਨ੍ਹਾਂ ਦਾ ਪਾਣੀ ਲੋਕ ਪੀਣ,ਕੱਪੜੇ ਧੋਣ,ਪਸ਼ੂਆ ਆਦਿ ਨੂੰ ਪਿਆਉਣ ਅਤੇ ਨਹਾਉਣ ਲਈ ਵਰਤਦੇ ਰਹੇ ਹਨ।ਪ੍ਰਧਾਨ ਦਰਸ਼ਨ ਸਿੰਘ ਅਤੇ ਰੂਪਾ ਸਿੰਘ ਨੇ ਦੱਸਿਆ ਹੈ ਕਿ ਪਿੰਡ ਦੇ ਦੋਨੋਂ ਪੁਰਾਤਨ ਖੂਹਾਂ ਦੀ ਦਿੱਖ ਨੂੰ ਸਵਾਰਨ ਲਈ ਕਮੇਟੀ ਵਲੋਂ ਲਗਭਗ ਪੰਜ ਲੱਖ ਰੁਪਏ ਖਰਚ ਕੀਤੇ ਜਾਣਗੇ ਤਾਂ ਜੋ ਪਿੰਡ ਦਾ ਪੁਰਾਤਨ ਇਤਿਹਾਸ ਬਚਾਇਆ ਜਾ ਸਕੇ ਅਤੇ ਆਉਣ ਵਾਲੀ ਪੀੜ੍ਹੀ ਨੂੰ ਵਿਰਸੇ ਦੀ ਯਾਦ ਦਿਵਾਉਂਦਾ ਰਹੇ।
ਪਿੰਡ ਦੇ ਬਜੁਰਗ ਰਤਨ ਸਿੰਘ ਅਤੇ ਦਰਸ਼ਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੂਹਾਂ ਦਾ ਪਾਣੀ ਅੱਜ ਦੇ ਆਰ.ਓ ਦੇ ਪਾਣੀ ਨੂੰ ਮਾਤ ਪਾਉਂਦਾ ਸੀ।ਪਾਣੀ ਇਨ੍ਹਾਂ ਮਿੱਠਾ ਸੀ ਕਿ ਵਾਰ-ਵਾਰ ਪੀਣ ਨੂੰ ਮਨ ਕਰਦਾ ਸੀ।ਇਨ੍ਹਾਂ ਖੂਹਾਂ ਕਾਰਨ ਪਿੰਡ ਦੇ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਬੜੀ ਗੂੜ੍ਹੀ ਸੀ।ਇਨ੍ਹਾਂ ਖੂਹਾਂ ਦਾ ਮਿੱਠਾ ਪਾਣੀ ਪੀ ਕੇ ਹਰ ਇੱਕ ਦੀ ਬੋਲੀ ਵੀ ਮਿੱਠੀ ਹੋ ਜਾਂਦੀ ਸੀ।ਇਨ੍ਹਾਂ ਖੂਹਾਂ ਨੇ ਪਿੰਡ ਦੇ ਹਜਾਰਾਂ ਲੋਕਾਂ ਨੂੰ ਲਗਭਗ 250 ਸਾਲ ਤੱਕ ਮਿੱਠਾ ਪਾਣੀ ਦਿੱਤਾ ਹੈ ਇਨ੍ਹਾਂ ਦੀ ਸਾਂਭ-ਸੰਭਾਲ ਜਰੂਰੀ ਬਣਦੀ ਸੀ।
ਕਮੇਟੀ ਮੈਂਬਰਾਂ ਨੇ ਦੱਸਿਆਂ ਹੈ ਕਿ ਇਸ ਕੰੰਮ ਲਈ ਉਨ੍ਹਾਂ ਨੂੰ ਸਰਕਾਰ,ਪ੍ਰਸ਼ਾਸ਼ਨ ਅਤੇ ਪੰਚਾਇਤ ਦਾ ਕੋਈ ਸਹਿਯੋਗ ਨਹੀਂ ਹੈ।ਇਹ ਸਾਰਾ ਕੰੰਮ ਪਿੰਡ ਵਾਸੀਆਂ ਅਤੇ ਐੱਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਕਰ ਰਹੇ ਹਨ।ਇਸ ਤੋਂ ਇਲਾਵਾ ਕਮੇਟੀ ਨੇ ਪਿੰਡ ਵਿੱਚ ਪਾਰਕ ਅਤੇ ਰਾਸਤਿਆ ‘ਤੇ ਲਾਈਟਾ ਲਗਵਾਈਆਂ ਹਨ।ਉਨ੍ਹਾਂ ਕਿਹਾ ਕਿ ਕਮੇਟੀ ਸਿਰਫ ਪਿੰਡ ਦਾ ਵਿਕਾਸ ਚਾਹੁੰਦੀ ਹੈ।ਪੁਰਾਤਨ ਥਾਵਾਂ ਦੀ ਦਿੱਖ ਸਵਾਰਨ ਨਾਲ ਪਿੰਡ ਦੀ ਸੁੰਦਰਤਾ ਨੂੰ ਵੀ ਚਾਰ ਚੰਨ ਲੱਗ ਜਾਣਗੇ ਅਤੇ ਪਿੰਡ ਦੀ ਸੁੰਦਰਤਾ ਹਰ ਇੱਕ ਆਉਣ ਜਾਣ ਵਾਲੇ ਦਾ ਮਨ ਮੋਹ ਲਵੇਗੀ।