ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨੂੰ ਸਖਤੀ ਨਾਲ ਰੋਕਣ ਲਈ ਜ਼ਿਲੇ ਦੇ ਮੈਡੀਕਲ ਸਟੋਰਾਂ ‘ਤੇ ਨਜ਼ਰਸ਼ਾਨੀ ਰੱਖੀ ਜਾਵੇ-ਡਿਪਟੀ ਕਮਿਸ਼ਨਰ

ਮੋਗਾ,1 ਅਗਸਤ (ਜਸ਼ਨ)-ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨੂੰ ਸਖਤੀ ਨਾਲ ਰੋਕਣ ਲਈ ਜ਼ਿਲੇ ਦੇ ਡਰੱਗ ਇੰਸਪੈਕਟਰ ਵੱਲੋਂ ਸਬੰਧਤ ਡੀ.ਐਸ.ਪੀ ਨਾਲ ਤਾਲਮੇਲ ਕਰਕੇ ਮੈਡੀਕਲ ਸਟੋਰਾਂ ਤੇ ਨਜ਼ਰਸਾਨੀ ਰੱਖੀ ਜਾਵੇ ਤਾਂ ਜੋ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਦੇ ਧੰਦੇ ਨੂੰ ਠੱਲ ਪਾਈ ਜਾ ਸਕੇ। ਇਹ ਹਦਾਇਤਾਂ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੇ ਅੱਜ ਮੀਟਿੰਗ ਹਾਲ ਵਿਖੇ ਅਮਨ ਕਾਨੂੰਨ ਸਬੰਧੀ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਨੇ ਮੀਟਿੰਗ ‘ਚ ਹਾਜ਼ਰ ਸਿਵਲ ਸਰਜਨ ਮੋਗਾ ਡਾ: ਮਨਿੰਦਰ ਕੌਰ ਮਿਨਹਾਸ ਨੂੰ ਗਰਮੀ ਦੇ ਸੀਜਨ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਡੇਂਗੂ, ਮਲੇਰੀਆ ਅਤੇ ਪਾਣੀ ਦੇ ਸੈਂਪਲ ਲੈਣ ਲਈ ਨਿਰਦੇਸ਼ ਦਿੱਤੇ ਅਤੇ ਸਬੰਧਤ ਮਰੀਜਾਂ ਨੂੰ ਕੋਲੋਰੀਨ ਦੀਆਂ ਗੋਲੀਆਂ ਦੇਣ ਲਈ ਕਿਹਾ। ਮੀਟਿੰਗ ਦੌਰਾਨ ਡਰੱਗ ਇੰਸਪੈਕਟਰ ਸ਼ਅਭਿਨਵ ਪਾਸੋਂ ਪਿਛਲੇ ਮਹੀਨੇ ਦੀ ਕਾਰਗੁਜ਼ਾਰੀ ਸਬੰਧੀ ਪੁੱਛਣ ‘ਤੇ ਉਨਾਂ ਦੱਸਿਆ ਕਿ ਜ਼ਿਲੇ ਅੰਦਰ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨੂੰ ਰੋਕਣ ਲਈ ਸਿਹਤ ਵਿਭਾਗ ਮੋਗਾ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਟ੍ਰੈਫ਼ਿਕ ਅਧਿਕਾਰੀਆਂ ਨੂੰ ਜ਼ਿਲੇ ਵਿੱਚ ਆਵਾਜਾਈ ਦੇ ਸੁਚਾਰੂ ਪ੍ਰਬੰਧ ਕਰਨ ਲਈ ਵੀ ਪ੍ਰੇਰਿਤ ਕੀਤਾ, ਤਾਂ ਜੋ ਰਾਹਗੀਰਾਂ ਨੂੰ ਆਵਾਜਾਈ ਸਬੰਧੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਹਿਰ ‘ਚ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਵੱਲੋਂ ਕੀਤੇ ਗਏ ਨਜ਼ਾਇਜ਼ ਕਬਜ਼ਿਆਂ ਨੂੰ ਵੀ ਹਟਾਉਣ ਦੇ ਤੁਰੰਤ ਆਦੇਸ਼ ਦਿੱਤੇ। ਇਸ ਮੌਕੇ ਉਨਾਂ ਨਾਲ ਸਹਾਇਕ ਕਮਿਸ਼ਨਰ  ਹਰਪ੍ਰੀਤ ਸਿੰਘ ਅਟਵਾਲ ਅਤੇ ਐਸ.ਡੀ.ਐਮ ਧਰਮਕੋਟ ਨਰਿੰਦਰ ਸਿੰਘ ਵੀ ਹਾਜ਼ਰ ਸਨ।ਇਸ ਮੀਟਿੰਗ ਵਿੱਚ ਜਿਲਾ ਪ੍ਰੀਵਾਰ ਤੇ ਭਲਾਈ ਅਫ਼ਸਰ ਡਾ: ਰੁਪਿੰਦਰ ਕੌਰ, ਫੂਡ ਸੇਫਟੀ ਅਫ਼ਸਰ ਹਰਪ੍ਰੀਤ ਕੌਰ, ਡਾ: ਮਨੀਸ਼ ਅਰੋੜਾ, ਡੀ.ਐਸ.ਪੀ ਬਲਵਿੰਦਰ ਸਿੰਘ ਅਤੇ ਐਨ.ਜੀ.ਓ ਐਨ.ਕੇ ਬਾਂਸਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਹਾਜ਼ਰ ਸਨ।