ਸਿਮ ਅਤੇ ਆਧਾਰ ਨੂੰ ਲਿੰਕ ਕਰਨ ਦੀ ਫੀਸ ਨਜਾਇਜ਼
ਸਮਾਲਸਰ, 31 ਜੁਲਾਈ (ਗਗਨਦੀਪ)- ਪਿੰਡਾਂ ਦੀ ਆਮ ਭੋਲੀ ਭਾਲੀ ਜਨਤਾ ਨੂੰ ਚੁਸਤ ਚਲਾਕ ਲੋਕਾਂ ਦੁਆਰਾ ਗੁੰਮਰਾਹ ਕਰਨ ਦੀਆਂ ਘਟਨਾਵਾਂ ਅਕਸਰ ਹੀ ਸੁਣਾਈ ਦਿੰਦੀਆਂ ਹਨ। ਅਜਿਹੀ ਚਲਾਕੀ ਟੈਲੀਕਾਮ ਦੁਕਾਨਦਾਰ ਅੱਜ ਕੱਲ ਕਰਨ ਵਿੱਚ ਲੱਗੇ ਹੋਏ ਹਨ ਜੋ ਕਿ ਮੋਬਾਇਲ ਨੰਬਰ ਤੇ ਆਧਾਰ ਕਾਰਡ ਨੂੰ ਲਿੰਕ ਕਰਨ ਦੇ ਨਾਮ ‘ਤੇ ਹਰੇਕ ਵਿਅਕਤੀ ਕੋਲੋਂ 20-20 ਰੁਪਏ ਵਸੂਲ ਰਹੇ ਹਨ। ਸੁਣਨ ਨੂੰ ਇਹ ਰਕਮ ਛੋਟੀ ਜਿਹੀ ਲੱਗਦੀ ਹੈ ਲੇਕਿਨ ਅਗਰ ਸਮੂਹਿਕ ਤੌਰ ‘ਤੇ ਦੇਖਿਆ ਜਾਵੇ ਤਾਂ ਇਹ ਮਸਲਾ ਹਜਾਰਾਂ ਦੀ ਠੱਗੀ ਦਾ ਬਣਦਾ ਹੈ। ਇੱਕ ਦੁਕਾਨਦਾਰ ਸੈਂਕੜੇ ਵਿਅਕਤੀਆਂ ਕੋਲੋਂ ਆਧਾਰ ਤੇ ਸਿਮ ਲਿੰਕ ਦੀ ਫੀਸ ਵਸੂਲ ਕੇ ਹਜਾਰਾਂ ਰੁਪਇਆ ਕਮਾ ਰਿਹਾ ਹੈ ਜਦਕਿ ਇਸ ਕੰਮ ਦੀ ਕੋਈ ਸਰਕਾਰੀ ਫੀਸ ਨਹੀਂ ਬਣਦੀ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਅਤੇ ਡਿਪਟੀ ਕਮਿਸ਼ਨਰ ਸਾਹਿਬ ਮੋਗਾ ਨੂੰ ਲਿਖਤੀ ਰੂਪ ਵਿੱਚ ਇਸ ਠੱਗੀ ਦੀ ਸ਼ਿਕਾਇਤ ਕਰਨ ਵਾਲੇ ਅੰਗਰੇਜ ਸਿੰਘ ਵਾਸੀ ਸੇਖਾ ਕਲਾਂ ਅਤੇ ਗੁਰਮੇਲ ਸਿੰਘ ਪੰਜਗਰਾਈਂ ਖੁਰਦ ਤੋਂ ਇਲਾਵਾ ਪਿੰਡ ਲੰਡੇ, ਮੱਲਕੇ, ਵੈਰੋਕੇ, ਮਾੜੀ ਮੁਸਤਫਾ ਆਦਿ ਦੇ ਲੋਕਾਂ ਨੇ ਵੀ ਦੁਕਾਨਦਾਰਾਂ ਦੁਆਰਾ 20-20 ਰੁਪਏ ਫੀਸ ਵਸੂਲ ਕਰਨ ਦੀ ਪੁਸ਼ਟੀ ਕੀਤੀ ਹੈ। ਉਕਤ ਵਿਅਕਤੀਆਂ ਨੇ ਆਪਣੇ-ਆਪਣੇ ਪਿੰਡਾਂ ਦੇ ਗੁਰਦਵਾਰਾ ਸਾਹਿਬ ਵਿੱਚ ਹੋਕੇ ਦਵਾ ਕੇ ਆਮ ਲੋਕਾਂ ਨੂੰ ਅਜਿਹੀ ਠੱਗੀ ਤੋਂ ਸੁਚੇਤ ਰਹਿਣ ਦੀ ਬੇਨਤੀ ਵੀ ਕੀਤੀ ਹੈ। ਬਾਲਾ ਜੀ ਟੈਲੀਕਾਮ ਸਮਾਲਸਰ ਦੇ ਪਵਨ ਕੁਮਾਰ ਨਾਲ ਗੱਲਬਾਤ ਕਰਕੇ ਇਸ ਫੀਸ ਲੈਣ ਦੀ ਵਜ੍ਹਾ ਪੁੱਛੀ ਤਾਂ ਉਹਨੇ ਕੋਈ ਸਪੱਸ਼ਟ ਜਵਾਬ ਨਾ ਦਿੱਤਾ ਤੇ ਕਿਹਾ ਕਿ ਅਸੀਂ 1500 ਰੁਪਏ ਦੀ ਕੇ ਵਾਈ ਸੀ ਮਸ਼ੀਨ ਲਿਆ ਕੇ ਰੱਖੀ ਹੈ, ਸਾਰੇ ਦੁਕਾਨਦਾਰਾਂ ਦੁਆਰਾ ਫੀਸ ਲੈਣ ਦਾ ਇਹੀ ਕਾਰਨ ਹੈ।