ਮੋਗਾ-ਕੋਟਕਪੁਰਾ ਰੋਡ ‘ਤੇ ਵਾਪਰੇ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਭਰਾਵਾਂ ਦੀ ਮੌਤ 

ਮੋਗਾ,31 ਜੁਲਾਈ (ਜਸ਼ਨ)- ਅੱਜ ਮੋਗਾ-ਕੋਟਕਪੁਰਾ ਰੋਡ ‘ਤੇ ਵਾਪਰੇ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਮਾਮੇ ਭੂਆ ਦੇ ਪੁੱਤ ਦੋ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਰਮਪ੍ਰੀਤ ਸਿੰਘ ਵਾਸੀ ਧੱਲੇਕੇ ਆਪਣੇ ਮਾਮੇ ਦੇ ਪੁੱਤਰ ਬਲਕਾਰ ਸਿੰਘ ਚੋਟੀਆਂ ਦੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਉਸਦੇ ਪਿੰਡ ਚੋਟੀਆਂ ਥੋਬਾ ਜਾ ਰਿਹਾ ਸੀ ।  ਸੜਕ ’ਤੇ ਜਾ ਰਹੇ ਪੱਥਰਾਂ ਨਾਲ ਭਰੇ ਟਿੱਪਰ ਟਰੱਕ ਤੋਂ ਅੱਗੇ ਲੰਘਣ ਦੀ ਕੋਸ਼ਿਸ ਕਰਦਿਆਂ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਣ ਕਾਰਨ ਦੋਵੇਂ ਨੌਜਵਾਨ ਡਿੱਗ ਪਏ ਅਤੇ ਟਰੱਕ ਦੇ ਪਿਛਲੇ ਟਾਇਰ ਥੱਲੇ ਆਉਣ ਕਾਰਨ ਦੋਨਾਂ ਦੀ ਮੌਕੇ ’ਤੇ ਮੌਤ ਹੋ ਗਈ । ਮਿ੍ਰਤਕ ਨੌਜਵਾਨਾਂ ਦੀ ਉਮਰ 17-18 ਸਾਲ ਦੇ ਕਰੀਬ ਸੀ । ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ,ਪੁਲਿਸ ਨੇ ਟਰੱਕ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਅਪੁਸ਼ਟ ਸੂਤਰਾਂ ਮੁਤਾਬਕ ਕਰਮਪ੍ਰੀਤ ਸਿੰਘ ਦਸਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਬਲਕਾਰ ਸਿੰਘ ਰੋਡੇ ਕਾਲਜ ਪੜਦਾ ਸੀ । ਬਲਕਾਰ ਸਿੰਘ ਚੋਟੀਆਂ ਦਾ ਪਿਤਾ ਅਜੇ ਇਕ ਹਫਤਾ ਪਹਿਲਾਂ ਹੀ ਰੋਟੀ ਰੋਜ਼ੀ ਦੀ ਤਲਾਸ਼ ਵਿਚ ਦੁਬਈ ਗਿਆ ਸੀ । ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੀ ਜਾਣਕਾਰੀ ਮੁਤਾਬਕ ਕਰਮਪ੍ਰੀਤ ਚੋਟੀਆਂ ਥੋਬਾ ਵਿਖੇ ਮਾਮੇ ਦੇ ਪਰਿਵਾਰ ਨੂੰ ਮਿਲਣ ਲਈ ਗਿਆ ਹੋਇਆ ਸੀ ਅਤੇ ਕੱਲ ਬਲਕਾਰ ਉਸ ਨੂੰ ਛੱਡਣ ਵਾਸਤੇ ਧੱਲੇਕੇ ਆਇਆ ਸੀ ਅਤੇ ਉਹ ਵਾਪਸ ਜਾਣ ਦੀ ਬਜਾਏ ਰਾਤ ਧੱਲੇਕੇ ਹੀ ਰੁੱਕ ਗਿਆ । ਅੱਜ ਜਦ ਉਹ ਵਾਪਸ ਜਾਣ ਲੱਗਾ ਤਾਂ ਕਰਮਪ੍ਰੀਤ ਫਿਰ ਤੋਂ ਉਸ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਚੋਟੀਆਂ ਥੋਬਾ ਲਈ ਚੱਲ ਪਿਆ ਤੇ ਇੰਜ ਹੋਣੀ ਦੋਹਾਂ ਪਰਿਵਾਰਾਂ ਦੇ ਚਿਰਾਗ ਬੁਝਾ ਗਈ।