ਰਾਜਸਥਾਨ ਦੇ ਵਿਅਕਤੀ ਤੋਂ ਟਰਾਲਾ ਖੋਹਣ ਵਾਲੇ ਤਿੰਨੋਂ ਮੁਜਰਿਮ ਪੁਲਿਸ ਨੇ ਕੀਤੇ ਕਾਬੂ

ਮਨਪ੍ਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ :ਰਾਜਸਥਾਨ ਦੇ ਇਕ ਵਿਅਕਤੀ ਤੋਂ ਪਿੰਡ ਬਿਲਾਸਪੁਰ ਦੇ ਨਜ਼ਦੀਕ ਸੂਆ ਪੁਲ ਦੇ ਕੋਲੋਂ ਟਰੱਕ ਖੋਹਣ ਵਾਲੇ ਤਿੰਨੇ ਵਿਅਕਤੀਆਂ ਨੂੰ ਬਿਲਾਸਪੁਰ ਚੌਂਕੀ ਵੱਲੋਂ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਰਾਮ ਗੋਪਾਲ ਪੁੱਤਰ ਗੰਗਾ ਬਿਸਨ ਵਾਸੀ ਰਾਸ਼ੀਸਰ ਤਹਿਸੀਲ ਥਾਣਾ ਨੋਖਾ ਜਿਲਾਂ ਬੀਕਾਨੇਰ (ਰਾਜਸਥਾਨ) ਨੇ ਆਪਣਾ ਬਿਆਨ ਦਰਜ਼ ਕਰਵਾਉਂਦਿਆ ਦੱਸਿਆ ਕਿ ਮੈਂ ਉਕਤ ਪਤੇ ਦਾ ਰਹਿਣ ਵਾਲਾ ਹਾਂ ਅਤੇ ਮੇਰਾ ਆਪਣਾ ਟਰਾਂਸਪੋਰਟ ਦਾ ਕਾਰੋਬਾਰ ਹੈ ਅਤੇ ਮੇਰੀਆਂ ਗੱਡੀਆਂ ਰਾਜਸਥਾਨ ਤੋਂ ਭਰ ਕੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਮਾਲ ਦੀ ਢੋਆ-ਢੁਆਈ ਕਰਦੀਆਂ ਹਨ। ਮੇਰਾ ਇੱਕ ਟਰਾਲਾ ਜਿਸ ਦੀ ਕੀਮਤ ਕਰੀਬ 12 ਲੱਖ ਰੁਪਏ ਹੈ। ਇਸ ਉਪਰ ਕੈਲਾਸ਼ ਪੁੱਤਰ ਬਬਰ ਲਾਲ ਵਾਸੀ ਨੋਖਾ (ਰਾਜਸਥਾਨ) ਬਤੌਰ ਡਰਾਈਵਰ ਇੱਕ ਸਾਲ ਤੋਂ ਲੱਗਾ ਹੋਇਆ ਹੈ ਅਤੇ ਮੇਰੀ ਦੂਸਰੀ ਗੱਡੀ ਲੇਅਲੈਡ ਉਪਰ ਕਾਫੀ ਸਮੇਂ ਤੋਂ ਦਰਸ਼ਨ ਸਿੰਘ ਪੁੱਤਰ ਭਾਗ ਸਿੰਘ ਵਾਸੀ ਲੱਖਾ ਜਿਲਾ ਲੁਧਿਆਣਾ (ਪੰਜਾਬ) ਡਰਾਈਵਰ  ਲੱਗਾ ਹੋਇਆ ਹੈ। ਮਿਤੀ 25 ਜੁਲਾਈ ਨੂੰ ਮੈਂ ਆਪਣੇ ਘਰ ਹਾਜ਼ਰ ਸੀ ਤਾਂ ਮੇਰੇ ਪਾਸ ਡਰਾਈਵਰ ਕੈਲਾਸ਼ ਪੁੱਜਾ ਤੇ ਮੈਨੂੰ ਦੱਸਿਆ ਕਿ ਮੈਂ ਰੋੋਪੜ ਤੋਂ ਗੱਡੀ ਅਣਲੋਡ ਕਰਕੇ ਮਿਤੀ 18 ਜੁਲਾਈ ਨੂੰ ਆ ਰਿਹਾ ਸੀ ਕਿ ਜਦ ਮੈਂ ਰਾਮਾਂ ਬਿਲਾਸਪੁਰ ਰੋਡ ਤੇ ਸੂਆ ਪੁਲ ਪਿੰਡ ਬਿਲਾਸਪੁਰ ਦੇ ਨੇੜੇ ਪੁੱਜਾ ਤਾਂ 10:30 ਵਜੇ ਰਾਤ ਦਾ ਸਮਾਂ ਹੋਵੇਗਾ  ਕਿ ਪੁਲ ਦੇ ਵਿਚਕਾਰ ਇੱਕ ਗੱਡੀ ਦਸ ਟਾਇਰੀ, ਜਿਸ ਦੇ ਉਪਰ ਤਰਪਾਲ ਪਾਈ ਹੋਈ ਸੀ ਖੜੀ ਸੀ, ਜਿਸ ’ਤੇ ਮੈਂ ਆਪਣੀ ਗੱਡੀ ਉਸ ਦੇ ਪਿੱਛੇ ਰੋਕ ਲਈ ਤਾਂ ਸਾਈਡ ਤੋਂ ਦਰਸ਼ਨ ਸਿੰਘ, ਸਖਚੈਨ ਸਿੰਘ ਚੈਨਾ ਵਾਸੀ ਲੱਖਾ ਅਤੇ ਕਲੀਨਰ ਇਕਬਾਲ ਸਿੰਘ ਬੱਗਾ  ਵਾਸੀ ਸੱਦੋਵਾਲ ਲੁਧਿਆਣਾ ਜਿੰਨਾਂ ਨੂੰ ਮੈਂ ਪਹਿਲਾਂ ਤੋਂ ਹੀ ਜਾਣਦਾ ਹਾਂ ਨੇ ਮੈਨੂੰ ਟਰਾਲੇ ਵਿੱਚੋਂ ਥੱਲੇ ਸੁੱਟ ਕੇ ਕੁੱਟ ਮਾਰ ਕਰਨੀ ਸੁਰੂ ਕਰ ਦਿੱਤੀ ਅਤੇ ਮੈਨੂੰ ਗੱਡੀ ਵਿੱਚ ਸੁੱਟ ਕੇ ਕਿਸੇ ਅਣਪਛਾਤੇ ਜਗਾ ’ਤੇ ਲੈ ਗਏ ਅਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਟਰੱਕ ਲੈ ਕੇ ਫ਼ਰਾਰ ਹੋ ਗਏ। ਪੁਲਿਸ ਚੌਂਕੀ ਬਿਲਾਸਪੁਰ ਦੇ ਇੰਚਾਰਜ ਅਮਰਜੀਤ ਸਿੰਘ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦਰਸ਼ਨ ਸਿੰਘ , ਸੁਖਚੈਨ ਸਿੰਘ ਵਾਸੀ ਲੱਖਾ ਅਤੇ ਇਕਬਾਲ ਸਿੰਘ ਵਾਸੀ ਸੱਦੋਵਾਲ ਥਾਣਾ ਹਠੂਰ ਲੁਧਿਆਣਾ ਨੂੰ ਗਿ੍ਰਫ਼ਤਾਰ ਕੀਤਾ ਹੈ। ਇਨਾਂ ਖਿਲਾਫ਼ ਮੁਕੱਦਮਾ ਨੰਬਰ 112 ਧਾਰਾ 382,365,506/34 ਆਈਪੀਸੀ ਐਕਟ ਅਧੀਨ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਰਵਿੰਦਰ ਸਿੰਘ ਤੇ ਚੌਂਕੀ ਇੰਚਾਰਜ਼ ਅਮਰਜੀਤ ਸਿੰਘ ਨੇ ਇਸ ਮਾਮਲੇ ਸਬੰਧੀ ਦੱਸਿਆ ਕਿ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਸ ਸਮੇਂ ਥਾਣਾ ਮੁਖੀ ਰਵਿੰਦਰ ਸਿੰਘ, ਚੌਂਕੀ ਇੰਚਾਰਜ ਅਮਰਜੀਤ ਸਿੰਘ, ਹੌਲਦਾਰ ਗੁਰਚਰਨ ਸਿੰਘ, ਹੌਲਦਾਰ ਚਮਕੌਰ ਸਿੰਘ ਸਮੇਤ ਪੁਲਿਸ ਕਰਮਚਾਰੀ ਮੌਜੂਦ ਸਨ।