ਖੇਤ ਮਜ਼ਦੂਰਾਂ ਵੱਲੋਂ 17 ਅਗਸਤ ਨੂੰ ਡੀ.ਸੀ. ਦਫਤਰ ਮੋਗਾ ਸਾਹਮਣੇ ਧਰਨੇ ਦਾ ਐਲਾਨ
ਮਨਪ੍ਰੀਤ ਮਾਰਕੰਡਾ, ਬੱਧਨੀ ਕਲਾਂ : ਅੱਜ ਪੰਜਾਬ ਖੇਤ ਮਜਦੂਰ ਯੂਨੀਅਨ ਜਿਲਾ ਕਮੇਟੀ ਮੋਗਾ ਦੀ ਮੀਟਿੰਗ ਸ਼੍ਰੀ ਅਜਮੇਰ ਸਿੰਘ ਕਾਲੇਕੇ ਪ੍ਰਧਾਨ ਜਿਲਾ ਮੋਗਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜਿਲੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਸ਼ਾਮਲ ਹੋਏ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਬਲਵੰਤ ਸਿੰਘ ਬਾਘਾਪੁਰਾਣਾ, ਅਵਤਰਾ ਸਿੰਘ ਮਾਣੂੰਕੇ , ਦਰਸ਼ਨ ਸਿੰਘ, ਘੋਲੀਆ ਕਲਾਂ, ਅੰਗਰੇਜ ਸਿੰਘ ਮੱਦੋਕੇ, ਜਗਜੀਤ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਕਿਸਾਨੀ ਕਰਜੇ ਮੁਆਫ ਕਰਨ ਬਾਰੇ ਕੀਤੇ ਐਲਾਨ ਤੋਂ ਬਾਅਦ ਦਲਿਤ ਮਜਦੂਰਾਂ ਅੰਦਰ ਸਰਕਾਰ ਪ੍ਰਤੀ ਰੋਸ ਅਤੇ ਗੁੱਸਾ ਹੈ। ਭਾਵੇਂ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਨਾਲ ਇਹ ਸਟੰਟ ਖੇਡਿਆ ਜਾ ਰਿਹਾ ਹੈ। ਪਰ ਖੇਤ ਮਜਦੂਰਾਂ ਦਾ ਜਿਕਰ ਵੀ ਨਾ ਕਰਨਾ, ਸਰਕਾਰ ਵੱਲੋਂ ਧੋਖਾ ਤੇ ਬੇਇਨਸਾਫੀ ਹੈ। ਮਜਦੂਰ ਆਗੂਆਂ ਨੇ ਦੱਸਿਆ ਕਿ ਮਿਤੀ 16 ਅਗਸਤ ਤੋਂ 23 ਅਗਸਤ ਤੱਕ ਡੀ.ਸੀ. ਦਫਤਰਾਂ ਮੂਹਰੇ ਲੱਗਣ ਵਾਲੇ ਧਰਨਿਆਂ ਬਾਰੇ ਸੂਬਾ ਕਮੇਟੀ ਦੇ ਸੱਦੇ ਨੂੰ ਲਾਗੂ ਕਰਨ ਬਾਰੇ ਵੀ ਵਿਉਂਤ ਬਣਾਈ ਗਈ ਹੈ। ਫੈਸਲਾ ਕੀਤਾ ਗਿਆ ਹੈ ਕਿ ਮਿਤੀ 17 ਅਗਸਤ ਨੂੰ ਡਿਪਟੀ ਕਮਿਸ਼ਨਰ (ਡੀ.ਸੀ.) ਦਫਤਰ ਮੋਗਾ ਦੇ ਸਾਹਮਣੇ ਧਰਨਾ ਦਿੱਤਾ ਜਾਵੇਗਾ। ਧਰਨੇ ਦੀ ਤਿਆਰੀ ਮੁਹਿੰਮ ਸ਼ੁਰੂ ਕਰਦਿਆਂ ਪੋਸਟਰ ਜਾਰੀ ਕੀਤਾ ਗਿਆ ਅਤੇ ਟੀਮਾਂ ਬਣਾ ਕੇ ਲਾਉਣ ਦਾ ਫੈਸਲਾ ਕੀਤਾ ਗਿਆ। ਪਿੰਡਾਂ ਅੰਦਰ ਮੀਟਿੰਗਾਂ, ਰੈਲੀਆਂ, ਜਾਗੋ, ਮਾਰਚ ਕਰਕੇ ਲੋਕਾਂ ਤੱਕ ਘਰ-ਘਰ ਮੰਗਾਂ ਪਹੁੰਚਾਉਣ ਦਾ ਫੈਸਲਾ ਕੀਤਾ ਗਿਆ। ਉਕਤ ਧਰਨਿਆਂ ਰਾਹੀਂ ਪੰਜਾਬ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਜਾਵੇਗੀ ਕਿ ਖੇਤ ਮਜਦੂਰਾਂ ਸਿਰ ਚੜੇ ਕਰਜੇ ਮੁਆਫ ਕੀਤੇ ਜਾਣ, ਕਰਜੇ ਅਤੇ ਗਰੀਬੀ ਕਾਰਨ ਖੁਦਕੁਸ਼ੀ ਕਰ ਚੁੱਕੇ ਮਜਦੂਰਾਂ ਦੇ ਵਾਰਿਸਾਂ ਨੂੰ ਮੁਆਵਜਾ ਦਿੱਤਾ ਜਾਵੇ, ਲੋੜਵੰਦ ਤੇ ਬੇਘਰੇ ਪਰਿਵਾਰਾਂ ਨੂੰ ਪਲਾਟ ਜਾਰੀ ਕੀਤੇ ਜਾਣ ਅਤੇ ਪਹਿਲਾਂ ਕੱਟੇ ਪਲਾਟਾਂ ਦਾ ਕਬਜਾ ਫੌਰੀ ਕਰਵਾਇਆ ਜਾਵੇ। ਪੈਨਸ਼ਨਾਂ, ਸ਼ਗਨ ਸਕੀਮਾਂ, ਬੱਚਿਆਂ ਦੇ ਵਜੀਫੇ ਅਤੇ ਕਿਤਾਬਾਂ, ਚੋਣ ਵਾਅਦੇ ਅਨੁਸਾਰ ਵਾਧਾ ਕਰਕੇ ਫੌਰੀ ਜਾਰੀ ਕੀਤੇ ਜਾਣ। ਜਮੀਨੀ ਸੁਧਾਰ ਲਾਗੂ ਕੀਤੇ ਜਾਣ।
ਇਸ ਸਮੇਂ ਗੋਰਾ ਸਿੰਘ ਘੋਲੀਆ ਖੁਰਦ, ਦਰਸ਼ਨ ਸਿੰਘ ਹਿੰਮਤਪੁਰਾ, ਸੁਰਜੀਤ ਸਿੰਘ ਨੱਥੋਕੇ, ਜੱਗਾ ਸਿੰਘ ਕੁੱਸਾ ਆਦਿ ਆਗੂ ਵੀ ਹਾਜਰ ਸਨ।