ਆਮ ਆਦਮੀ ਪਾਰਟੀ ਨੇਤਾ ਖਹਿਰਾ ਤੇ ਫੂਲਕਾ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਦੁੱਖ ਸਾਂਝਾ ਕੀਤਾ
ਪਟਿਆਲਾ, 29 ਜੁਲਾਈ: (ਜਸ਼ਨ):ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਅਤੇ ਐਚ.ਐਸ ਫੂਲਕਾ ਦੀ ਅਗਵਾਈ ਵਿੱਚ ਆਪ ਵਿਧਾਇਕਾਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਰਾਜਮਾਤਾ ਮਹਿੰਦਰ ਕੌਰ ਦੇ ਦੇਹਾਂਤ ’ਤੇ ਦੁੱਖ ਸਾਂਝਾ ਕੀਤਾ। ਦੋਵਾਂ ਆਗੂਆਂ ਨਾਲ ਪੀਰਮਲ ਸਿੰਘ ਧੌਲਾ (ਭਦੌੜ), ਜਗਤਾਰ ਸਿੰਘ ਜੱਗਾ (ਰਾਏਕੋਟ), ਕੁਲਵੰਤ ਸਿੰਘ (ਮਹਿਲ ਕਲਾਂ) ਅਤੇ ਹਰਪਾਲ ਸਿੰਘ ਚੀਮਾ (ਦਿੜਬਾ) ਹਾਜ਼ਰ ਸਨ ਜਿਨਾਂ ਨੇ ਅੱਜ ਸ਼ਾਮ ਇੱਥੇ ਨਿਊ ਮੋਤੀ ਬਾਗ ਪੈਲੇਸ ਵਿਖੇ ਕੈਪਟਨ ਅਮਰਿੰਦਰ ਸਿੰਘ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਨਾਂ ਆਗੂਆਂ ਨੇ ਰਾਜਮਾਤਾ ਦੇ ਦੇਹਾਂਤ ’ਤੇ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਉਨਾਂ ਵੱਲੋਂ ਮੁਲਕ ਦੇ ਆਜ਼ਾਦ ਹੋਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪਣੇ ਸਿਆਸੀ ਅਤੇ ਸਮਾਜਿਕ ਜੀਵਨ ਵਿੱਚ ਪਾਏ ਮਹਾਨ ਯੋਗਦਾਨ ਨੂੰ ਚੇਤੇ ਕੀਤਾ। ਇਸ ਤੋਂ ਪਹਿਲਾਂ ਕਈ ਹੋਰ ਉੱਘੀਆਂ ਸ਼ਖਸੀਅਤਾਂ, ਉਦਯੋਗਪਤੀਆਂ ਅਤੇ ਹੋਰਨਾਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਰਾਜਮਾਤਾ ਦੇ ਅਕਾਲ ਚਲਾਣੇ ’ਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ। ਰਾਜਮਾਤਾ ਨੇ ਆਪਣੀ ਸਿਆਸੀ ਸੂਝ-ਬੂਝ ਅਤੇ ਭਲਾਈ ਕਾਰਜਾਂ ਸਦਕਾ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਅਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਜਥੇਦਾਰ ਗੁਰਬਚਨ ਸਿੰਘ ਨੇ ਰਾਜਮਾਤਾ ਦੇ ਅਕਾਲ ਚਲਾਣੇ ’ਤੇ ਹਮਦਰਦੀ ਪ੍ਰਗਟ ਕਰਦਿਆਂ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ। ਉਨਾਂ ਨੇ ਮੁੱਖ ਮੰਤਰੀ ਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸਿਰਪਾਓ ਬਖ਼ਸ਼ਿਸ਼ ਕੀਤੇ।ਇਸੇ ਤਰਾਂ ਫੌਜ ਦੇ ਕੁਝ ਸਾਬਕਾ ਅਫਸਰਾਂ ਜਨਰਲ ਆਰ.ਐਸ. ਸੁਜਲਾਨਾ, ਜਨਰਲ ਬੀ.ਐਸ. ਠਾਕੁਰ, ਜਨਰਲ ਸਰਭ ਢਿੱਲੋਂ, ਜਨਰਲ ਚੇਤਵਿੰਦਰ ਅਤੇ ਜਨਰਲ ਤਰਲੋਚਨ ਸਿੰਘ, ਜੀ.ਓ.ਸੀ. ਫਸਟ ਆਰਮਰਡ ਡਵੀਜ਼ਨ ਅਤੇ ਮੇਜਰ ਜਨਰਲ ਸੰਦੀਪ ਨੇ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਕਾਂਗਰਸੀ ਨੇਤਾ ਕੇਵਲ ਸਿੰਘ ਢਿੱਲੋਂ, ਪ੍ਰਤਾਪ ਸਿੰਘ ਬਾਜਵਾ ਅਤੇ ਫਤਹਿ ਬਾਜਵਾ ਸਮੇਤ ਹੋਰ ਪਾਰਟੀ ਨੇਤਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ।ਅੱਜ ਸ਼ਾਮ ਮੋਤੀ ਬਾਗ ਪੈਲੇਸ ਵਿੱਚ ਸ਼ਬਦ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਸੀ ਜਿੱਥੇ ਐਤਵਾਰ ਦੀ ਦੁਪਹਿਰ ਨੂੰ ਰਾਜਮਾਤਾ ਦੀ ਅੰਤਿਮ ਅਰਦਾਸ ਹੋਵੇਗੀ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਛੜੀ ਰੂਹ ਦੀ ਸ਼ਾਂਤੀ ਲਈ ਅੰਤਿਮ ਅਰਦਾਸ ਤੇ ਭੋਗ ਪੈਣ ਨਾਲ ਧਾਰਮਿਕ ਰਸਮਾਂ ਦੀ ਸਮਾਪਤੀ ਹੋਵੇਗੀ।