ਵਿਜੀਲੈਂਸ ਵਿਭਾਗ ਨੇ ਪੰਜ ਹਜ਼ਾਰ ਰਿਸ਼ਵਤ ਲੈਂਦਾ ਪਟਵਾਰੀ ਦਬੋਚਿਆ
ਨਿਹਾਲ ਸਿੰਘ ਵਾਲਾ,28 ਜੁਲਾਈ (ਪੱਤਰ ਪਰੇਰਕ)-ਅੱਜ ਸਬ-ਡਵੀਜਨ ਨਿਹਾਲ ਸਿੰਘ ’ਚ ਬਣੇ ਪਟਵਾਰਖਾਨੇ ਵਿੱਚ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਨਿਹਾਲ ਸਿੰਘ ਵਾਲਾ ਦੇ ਇੱਕ ਪਟਵਾਰੀ ਨੂੰ ਪੰਜ ਹਜਾਰ ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੱਥੀ ਕਾਬੂ ਕਰਨ ਦਾ ਸਮਾਚਾਰ ਹੈ। ਜਿਸ ਨੂੰ ਲੈ ਕੇ ਅੱਜ ਸਮੁੱਚੇ ਤਹਿਸੀਲ ਕੰਪਲੈਕਸ ਦੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਵਿਭਾਗ ਦੇ ਡੀ.ਐਸ.ਪੀ. ਪਲਵਿੰਦਰ ਸਿੰਘ ਸੰਧੂ ਅਤੇ ਇੰਸਪੈਕਟਰ ਸੋਹਨ ਸਿੰਘ ਨੇ ਦੱਸਿਆ ਕਿ ਪਿੰਡ ਬੁਰਜ ਦੁੱਨਾ ਦੇ ਕਿਸਾਨ ਸੁਖਦੇਵ ਸਿੰਘ ਪੁੱਤਰ ਕਰਨੈਲ ਸਿੰਘ ਦਾ ਪੰਜ ਏਕੜ ਦੀ ਵਿਰਾਸਤ ਦਾ ਇੰਤਕਾਲ ਜੋ ਕਿ 2016 ਤੋਂ ਪੈਡਿੰਗ ਪਿਆ ਸੀ ਜਿਸ ਨੂੰ ਦਰਜ ਕਰਨ ਲਈ ਪਟਵਾਰੀ ਬਲਵਿੰਦਰ ਸਿੰਘ ਨੇ ਪ੍ਰਤੀ ਕਿੱਲੇ ਇੱਕ ਹਜਾਰ ਕੁੱਲ ਪੰਜ ਹਜਾਰ ਦੀ ਮੰਗ ਕੀਤੀ। ਸੁਖਦੇਵ ਸਿੰਘ ਨੇ ਇਸ ਦੀ ਜਾਣਕਾਰੀ ਵਿਜੀਲੈਂਸ ਵਿਭਾਗ ਨੂੰ ਦਿੱਤੀ। ਅੱਜ ਵਿਜੀਲੈਂਸ ਵਿਭਾਗ ਵੱਲੋਂ ਸ਼ਿਕਾਇਤ ਕਰਤਾ ਅਤੇ ਸਰਕਾਰੀ ਗਵਾਹਾਂ ਨੂੰ ਨਾਲ ਲੈ ਕੇ ਇਸ ਪਟਵਾਰੀ ਨੂੰ ਪੰਜ ਹਜ਼ਾਰ ਰਿਸਵਤ ਲੈਂਦਿਆਂ ਮੌਕੇ ਤੇ ਕਾਬੂ ਕਰ ਲਿਆ ਗਿਆ। ਡੀ.ਐਸ.ਪੀ. ਪਲਵਿੰਦਰ ਸਿੰਘ ਸੰਧੂ ਅਤੇ ਇੰਸਪੈਕਟਰ ਸੋਹਨ ਸਿੰਘ ਨੇ ਦੱਸਿਆ ਕਿ ਪਟਵਾਰੀ ਬਲਵਿੰਦਰ ਸਿੰਘ ਤੋਂ ਪੁੱਛਗਿਛ ਕਰਕੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਹੋਰ ਅਧਿਕਾਰੀ ਇਸ ਵਿੱਚ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ਼ ਵੀ ਮਾਮਲਾ ਦਰਜ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪਟਵਾਰੀ ਨੂੰ ਸੁਖਦੇਵ ਸਿੰਘ, ਵਾਸੀ ਪਿੰਡ ਬੁਰਜ ਦੁੱਨਾ ਜਿਲਾ ਮੋਗਾ ਦੀ ਸ਼ਿਕਾਇਤ ਉੱਤੇ ਵਿਜੀਲੈਂਸ ਬਿਓਰੋ ਵੱਲੋਂ ਅੱਜ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਸਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੰੂ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਕਤ ਪਟਵਾਰੀ ਵਲੋਂ ਉਸ ਦੀ ਜਮੀਨ ਦਾ ਇੰਤਕਾਲ ਦਰਜ ਕਰਨ ਦੇ ਇਵਜ ਵਿਚ 5,000 ਰੁਪਏ ਦੀ ਮੰਗੇ ਜਾ ਰਹੇ ਹਨ। ਸ਼ਿਕਾਇਤ ਦੀ ਪੜਤਾਲ ਉਪਰੰਤ ਵਿਜੀਲੈਂਸ ਦੀ ਟੀਮ ਵਲੋਂ ਉਕਤ ਪਟਵਾਰੀ ਨੰੂ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ। ਦੋਸ਼ੀ ਖਿਲਾਫ਼ ਵਿਜੀਲੈਂਸ ਨੇ ਭਿ੍ਰਸ਼ਟਾਚਾਰ ਰੋਕੂ ਕਾਨੰੂਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਥਾਣਾ ਫਿਰੋਜਰਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।