ਪੰਜਾਬ “ਇੰਜੈਕਸ਼ਨ ਸੇਫਟੀ ਪ੍ਰੋਗਰਾਮ” ਸ਼ੁਰੂ ਕਰਨ ਵਾਲਾ ਪਹਿਲਾ ਰਾਜ ਬਣਿਆ-ਬ੍ਰਹਮ ਮਹਿੰਦਰਾ

ਚੰਡੀਗੜ, 28 ਜੁਲਾਈ: (ਜਸ਼ਨ)-ਪੰਜਾਬ ਸਰਕਾਰ ਨੇ ‘ਫਾਊਂਡੇਸ਼ਨ ਫਾਰ ਇਨੋਵੇਟਿਵ ਨਿਊ ਡਾਇਗਨੋਸਿਟਿਕ’ (ਫਾਇੰਡ) ਨਾਲ ਸਮਝੋਤਾ ਕੀਤਾ ਹੈ ਜਿਸ ਅਧੀਨ ਹੁਣ ਫਾਇੰਡ ਸਿਹਤ ਵਿਭਾਗ ਨੂੰ ‘ਰੈਪਿਡ ਟੈਸਟ ਕਿੱਟਾਂ’ ਮੁੱਹਈਆ ਕਰਵਾਇਆ ਕਰੇਗੀ। ਜਿਸ ਨਾਲ ਐਚ.ਆਈ.ਵੀ. ਪੀੜਤ-ਮਰੀਜਾਂ, ਨਸ਼ਾ-ਪੀੜਤਾਂ ਅਤੇ ਹੋਰ ਬਿਮਾਰੀਆਂ ਤੋਂ ਪੀੜਤ ਮਰੀਜਾਂ ਦੀ ਹਾਇਪਾਟਾਇਟਸ ਦੀ ਬਿਮਾਰੀ ਨਾਲ ਸਬੰਧਤ ਸਕਰੀਨਿੰਗ ਕੀਤੀ ਜਾਵੇਗੀ।ਇਹ ਸਮਝੋਤਾ ‘ਵਿਸ਼ਵ ਹਾਇਪਾਟਾਇਟਸ ਡੇ’ ’ਤੇ ਆਯੋਜਿਤ ਰਾਜ ਪੱਧਰੀ ਸਮਾਗਮ ਦੇ ਮੌਕੇ ਬ੍ਰਹਮ ਮਹਿੰਦਰਾ ਦੀ ਹਾਜਰੀ ਵਿਚ ਕੀਤਾ ਗਿਆ। ਇਸ ਸਮਾਗਮ ਵਿਚ ਸੰਬੋਧਨ ਕਰਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਦੀ ਭਾਈਵਾਲੀ ਨਾਲ ਪੰਜਾਬ ਸਰਕਾਰ ਨੇ ‘ਇੰਜੈਕਸ਼ਨ ਸੇਫਟੀ ਪ੍ਰੋਗਰਾਮ’ ਦੀ ਵੀ ਸ਼ੁਰੂਆਤ ਕੀਤੀ ਗਈ ਹੈ।ਇਸ ਖਾਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ। ਜਿਸ ਦੁਆਰਾ ਇਕ ਮਰੀਜ ਤੋਂ ਦੂਜੇ ਮਰੀਜ ਨੂੰ ਹੋਣ ਵਾਲੀ ਇਨਫੈਕਸ਼ਨ ਦੁਆਰਾ ਹੋਣ ਵਾਲੀਆਂ ਬਿਮਾਰੀਆਂ ਨੂੰ ਕਾਬੂ  ਕਰਨ ਲਈ ਆਰ.ਯੂ.ਪੀ. ਸਰਿੰਜਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸਿਹਤ ਮੰਤਰੀ ਨੇ ਦੱਸਿਆ ਕਿ ‘ਫਾਊਂਡੇਸ਼ਨ ਫਾਰ ਇਨੋਵੇਟਿਵ ਨਿਊ ਡਾਇਗਨੋਸਿਟਿਕ’ (ਫਾਇੰਡ)  ਜਿਲਾ ਸੰਗਰੂਰ, ਬੰਠਿਡਾ, ਤਰਨਤਾਰਨ, ਅਤੇ ਹੁਿਸ਼ਆਰਪੁਰ ਵਿਖੇ ਚਾਰ ਮਸ਼ੀਨਾਂ ਸਥਾਪਿਤ ਕਰੇਗਾ ਜਿਸ ਦੁਆਰਾ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜਾਂ ਦੇ ਮੈਡੀਕਲ ਟੈਸਟ ਮੁਫਤ ਕੀਤੇ ਜਾਣਗੇ।ਬਾਕੀ ਜਿਲਿਆਂ ਦੇ ਮਿਆਦੀ ਬਿਮਾਰੀਆਂ ਦੇ ਟੈਸਟ ਵੀ ਇਨਾਂ ਮਸ਼ੀਨਾਂ ਦੁਆਰਾ ਹੀ ਕੀਤੇ ਜਾਣਗੇ।ਉਨਾਂ  ਕਿਹਾ ਕਿ ਇਨਾਂ ਮਸ਼ੀਨਾਂ ਦਾ ਸੰਚਾਲਨ ਕਰਨ ਲਈ ਸਟਾਫ ਅਤੇ ਖਰਚਾ ਵੀ  ਫਾਇੰਡ ਮੁਹੱਈਆ ਕਰਵਾਏਗਾ। ਸ੍ਰੀ ਮਹਿੰਦਰਾ ਨੇ ‘ਵਿਸ਼ਵ ਹਾਇਪਾਟਾਇਟਸ ਡੇ’ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ  ਦਿਵਸ ਵਿਸ਼ੇਸ਼ ਤੌਰ ਤੇ ਕਿਸੇ ਇਕ ਬਿਮਾਰੀ ਦੇ ਕਾਰਨ ਅਤੇ ਬਚਾਓ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਪ੍ਰਚਲਿਤ ਬਿਮਾਰੀਆਂ ’ਤੇ ਕਾਬੂ ਪਾਇਆ ਜਾ ਸਕੇ।ਉਨਾਂ ਦੱਸਿਆ ਕਿ ਵਿਸ਼ਵ ਭਰ ਵਿਚ ਇਹ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਬਾਰ ਦਾ ਵਿਸ਼ਾ ਹਾਇਪਾਟਾਇਟਸ ਦਾ ਖਾਤਮਾ ਹੈ।ਉਨਾਂ ਕਿਹਾ ਕਿ ਪੰਜਾਬ ਵਿਚ ਹਾਇਪਾਟਾਇਟਸ-ਸੀ ਦੇ ਮਾਡਲ ਦੀ ਸ਼ਲਾਘਾ ਵਿਸ਼ਵ ਸਿਹਤ ਸੰਸਥਾ ਵਲੋਂ ਵੀ ਕੀਤੀ ਗਈ ਹੈ ਅਤੇ ਇਸ ਨੂੰ ਕੌਮੀਂ ਪੱਧਰ ਤੇ ਅਪਣਾਉਣ ਲਈ ਵੀ ਦੂਜਿਆਂ ਰਾਜਾਂ ਨੂੰ ਵੀ ਪ੍ਰੇਰਿਤ ਕਰ ਰਿਹਾ ਹੈ।ਉਨਾਂ ਡਾ.ਪਰਾਕਿਨ ਡਿਪਟੀ ਹੈੱਡ ਵਿਸ਼ਵ ਸਿਹਤ ਸੰਸਥਾ, ਭਾਰਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਅਤੇ ਪੰਜਾਬ ਸਰਕਾਰ ਸੰਯੁਕਤ ਰੂਪ ਵਿਚ ਹਾਇਪਾਟਾਇਟਸ-ਸੀ ਨੂੰ ਕਾਬੂ ਕਰਨ ਲਈ ਮੁਹਿੰਮ ਚਲਾਉਣਗੇ। ਸਿਹਤ ਮੰਤਰੀ ਨੇ ਕਿਹਾ ਕਿ ‘ਕਲਿੰਟਨ ਹੈਲਥ ਐਕਸਸ ਇਨੀਸ਼ਿਏਟਿਵ’ ਅਤੇ ‘ਈਕੋ’ ਦੇ ਉਦੱਮ ਅਤੇ ਸਹਿਯੋਗ ਸਦਕਾ ਹੀ ਅਸੀਂ ਹਾਇਪਾਟਾਇਟਸ-ਸੀ ਸਬੰਧੀ ਜਾਗਰੂਕਤਾ ਫਲਾਅ ਰਹੇਂ ਹਾਂ ਅਤੇ ਹਾਲਾਤਾਂ ਦਾ ਜਾਇਜ਼ਾ ਲੈਕੇ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧ ਕੀਤੇ ਜਾਣਗੇ।  ਉਨਾਂ ਕਿਹਾ ਕਿ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਨੂੰ ਇਸ ਸਬੰਧੀ ਪੀ.ਜੀ.ਆਈ. ਦੀ ਮੱਦਦ ਨਾਲ ਖਾਕਾ ਤਿਆਰ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਇਸ ਬਿਮਾਰੀ ਤੋਂ ਹੋਣ ਵਾਲੇ ਪ੍ਰਭਾਵ ਅਤੇ ਇਸ ਦੇ ਫੈਲਣ ਦਾ ਪਤਾ ਲਗਾਇਆ ਜਾ ਸਕੇ।ਉਨਾਂ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਅਤੇ ਜਿਲਿਆਂ ਵਿਚ ਬੀਤੇ ਕੱਲ ਤੱਕ 32000 ਹਾਇਪਾਟਾਇਟਸ ਦੇ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਇਲਾਜ ਦੌਰਾਨ 93 ਫੀਸਦੀ ਹਾਂ-ਪੱਖੀ ਨਤੀਜੇ ਹਾਂਸਲ ਹੋਏ ਹਨ ਜੋ ਕਿ ਪੂਰੇ ਦੇਸ਼ ਭਰ ਵਿਚੋਂ ਸੱਭ ਤੋਂ ਵੱਧ ਹਨ।ਉਨਾਂ ਕਿਹਾ ਕਿ ਹਾਇਪਾਟਾਇਟਸ-ਸੀ ਦਾ ਇਲਾਜ ਲਈ 35 ਤੋਂ 50 ਹਜਾਰ ਦੀ ਦਵਾਈ ਮਰੀਜਾਂ ਨੂੰ ਮੁਫਤ ਮੁਹੱਈਆ ਕਰਵਾਈ ਜਾਂਦੀ ਹੈ।