ਰੋਡੇ ਵਿਖੇ ਪ੍ਰਾਈਵੇਟ ਬੱਸ ਘੇਰ ਕੇ ਸ਼ੀਸ਼ੇ ਭੰਨੇ ਤੇ ਕੁੱਟਮਾਰ ਕੀਤੀ
ਮੋਗਾ, 27ਜੁਲਾਈ (ਜਸ਼ਨ):ਨਜਦੀਕੀ ਰੋਡਿਆਂ ਵਾਲੇ ਸਕੂਲ ਦੇ ਨਾਮ ਨਾਲ ਮਸ਼ਹੂਰ ਜੀ.ਟੀ.ਬੀ. ਗੜ ਵਿਖੇ ਸਵੇਰ ਦੇ ਕਰੀਬ ਸਵਾ ਬਾਰਾਂ ਵਜੇ ਹਰਵਿੰਦਰਾ ਹਾਈਵੇਜ ਬੱਸ ਸਰਵਿਸ ਦੀ ਬੱਸ ਪੀਬੀ 29ਏ 9429 ਆ ਕੇ ਰੁਕੀ ਤਾਂ 20-25 ਦੇ ਕਰੀਬ ਹਥਿਆਰਬੰਦ ਅਣਪਛਾਤੇ ਵਿਅਕਤੀਆਂ ਨੇ ਬੱਸ ਦੇ ਕੰਡਕਟਰ ਨਿਰਮਲ ਸਿੰਘ ਅਤੇ ਡਰਾਈਵਰ ਕੁਲਵਿੰਦਰ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੰਡਕਟਰ ਨਿਰਮਲ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁੱਟਮਾਰ ਕਰਨ ਵਾਲਿਆਂ ਵਿੱਚ ਜੱਸਾ ਬਾਘਾ ਪੁਰਾਣਾ ਨਾਮ ਦਾ ਮੁੰਡਾ ਵੀ ਸ਼ਾਮਿਲ ਸੀ, ਜਿਸਦੀ ਕਿ ਸਵੇਰ ਦੇ ਟਾਈਮ ’ਚ ਮੋਗਾ ਨੂੰ ਜਾਂਦੇ ਹੋਏ ਅੱਧੀ ਟਿਕਟ ਕੱਟੀ ਗਈ ਸੀ। ਉਹਨੇ ਕਿਹਾ ਕਿ ਉਕਤ ਵਿਅਕਤੀ ਨੇ ਆਪਣੀ ਮਰਜੀ ਨਾਲ ਅੱਧੀ ਟਿਕਟ ਕਟਾਈ ਸੀ। ਇੰਨਾਂ ਕਥਿਤ ਦੋਸ਼ੀਆਂ ਨੇ ਕੰਡਕਟਰ ਦਾ ਕੈਸ਼ਬੈਗ ਤੇ ਟਿਕਟਾਂ ਵਾਲੀ ਮਸ਼ੀਨ ਵੀ ਖੋਹ ਲਈ ਅਤੇ ਬੱਸ ਦਾ ਫਰੰਟ ਸ਼ੀਸ਼ਾ ਇੱਟਾਂ ਮਾਰ ਕੇ ਭੰਨ ਦਿੱਤਾ। ਕੁੱਟਮਾਰ ਕਰਨ ਵਾਲੇ ਵਿਅਕਤੀ ਬਾਅਦ ਵਿੱਚ ਭੱਜ ਕੇ ਨੇੜਲੇ ਸਕੂਲ ਵਿੱਚ ਦਾਖਲ ਹੋ ਗਏ। ਜਦੋਂ ਕੰਡਕਟਰ ਤੇ ਡਰਾਈਵਰ ਪੁਲਿਸ ਮੁਲਾਜਮਾਂ ਨੂੰ ਨਾਲ ਲੈ ਕੇ ਅਣਪਛਾਤੇ ਵਿਅਕਤੀਆਂ ਦੀ ਪਛਾਣ ਕਰਨ ਲਈ ਸਕੂਲ ਵਿੱਚ ਗਏ ਤਾਂ ਸਕੂਲ ਟੀਚਰਾਂ ਨੇ ਉਨਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ, ਜਿਸ ਕਰਕੇ ਕਥਿਤ ਦੋਸ਼ੀਆਂ ਦੀ ਪਛਾਣ ਨਾ ਹੋ ਸਕੀ। ਆਪਣੀ ਸ਼ਿਕਾਇਤ ਵਿੱਚ ਕੰਡਕਟਰ ਨਿਰਮਲ ਸਿੰਘ ਨੇ ਕੁੱਟਮਾਰ ਕਰਨ ਵਾਲੇ ਜੱਸਾ ਬਾਘਾ ਪੁਰਾਣਾ ਤੇ ਉਸਦੇ ਸਾਥੀਆਂ ਦੀ ਲੁਕਣ ਵਿੱਚ ਸਹਾਇਤਾ ਕਰਨ ਵਾਲੇ ਸਕੂਲ ਟੀਚਰਾਂ ਖਿਲ਼ਾਫ ਵੀ ਕਾਰਵਾਈ ਦੀ ਮੰਗ ਕੀਤੀ ਹੈ। ਥਾਣਾ ਸਮਾਲਸਰ ਪੁਲਿਸ ਨੇ ਬੱਸ ਕੰਡਕਟਰ ਦੀ ਸ਼ਿਕਾਇਤ ਦਰਜ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।