ਸਰਕਾਰੀ ਸਕੂਲ ਠੱਠੀ ਵਿਖੇ ਮਲੇਰੀਆ ਡੇਂਗੂ ਜਾਗਰੂਕਤਾ ਕੈਂਪ ਲਗਾਇਆ

ਸਮਾਲਸਰ, 27 ਜੁਲਾਈ (ਪੱਤਰ ਪ੍ਰੇਰਕ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਸਿਵਲ ਸਰਜਨ ਮੋਗਾ ਡਾ. ਮਨਿੰਦਰ ਕੌਰ ਮਿਨਹਾਸ ਜੀ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਜਸਪ੍ਰੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਠੱਠੀ ਭਾਈ ਮਲੇਰੀਆ/ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਰੇਸ਼ਮ ਸਿੰਘ ਹੈਲ਼ਥ ਸੁਪਰਵਾਈਜਰ ਵੱਲੋਂ ਮਲੇਰੀਆ, ਡੇਂਗੂ ਅਤੇ ਗਰਮੀਆਂ ਨਾਲ ਹੋਣ ਵਾਲੀਆਂ ਬੀਮਾਰੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।ਉਹਨਾਂ ਨੇ ਆਪਣੇ ਸੰਬੋਧਨ ਵਿੱਚ ਲੋਕਾਂ ਦੇ ਭਰਵੇਂ ਇਕੱਠ ਨੂੰ ਦੱਸਿਆ ਕਿ ਮਲੇਰੀਆ ਅਤੇ ਡੇਂਗੂ ਇੱਕ ਜਾਨਲੇਵਾ ਬੀਮਾਰੀ ਹੈ ਜੋ ਕਿ ਮੱਛਰ ਦੁਆਰਾ ਫੈਲਾਈ ਜਾਂਦੀ ਹੈ।ਉਹਨਾਂ ਦੱਸਿਆ ਕਿ ਇਸ ਤੋਂ ਬਚਣ ਲਈ ਇਹ ਜਰੂਰੀ ਹੈ ਕਿ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਆਪਣੇ ਘਰਾਂ ਵਿੱਚ ਅਤੇ ਆਲੇ ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ, ਹਰ ਸ਼ੁੱਕਰਵਾਰ ਹਰ ਘਰ ਵਿੱਚ ਸੁੱਕਾ ਦਿਨ ਮਨਾਇਆ ਜਾਵੇ ਜਿਸ ਵਿੱਚ ਘਰ ਵਿੱਚ ਜਿੱਥੇ ਜਿੱਥੇ ਪਾਣੀ ਇਕੱਤਰ ਹੈ ਉਸ ਨੂੰ ਖਾਲੀ ਕਰ ਕੇ ਦੁਬਾਰਾ ਭਰਿਆ ਜਾਵੇ।ਉਹਨਾ ਕਿਹਾ ਕਿ ਇਸ ਤੋਂ ਇਲਾਵਾ ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਮੱਛਰਦਾਨੀ,ਤੇਲ ਭਜਾਊ ਕਰੀਮਾਂ, ਜਾਲੀਦਾਰ ਮਕਾਨ ਅਤੇ ਪੂਰਾ ਤਨ ਢਕਣ ਵਾਲੇ ਕੱਪੜਿਆਂ ਦੀ ਵਰਤੋਂ ਕੀਤੀ ਜਾਵੇ ਅਤੇ ਆਸ ਪਾਸ ਦੇ ਵੱਡੇ ਟੋਇਆਂ ਵਿੱਚ ਮੱਚਿਆ ਤੇਲ ਪਾ ਕੇ ਮੱਛਰ ਦੀ ਪਦਾਇਸ਼ ਨੂੰ ਰੋਕਿਆਂ ਜਾ ਸਕਦਾ ਹੈ।ਇਸ ਤੋਂ ਇਲਾਵਾ ਉਹਨਾ ਦੱਸਿਆ ਕਿ ਗਰਮੀ ਵਿੱਚ ਲੱਗਣ ਵਾਲੀਆਂ ਦਸਤ ਦੀਆਂ ਬੀਮਾਰੀਆਂ ਤੋਂ ਬਚਣ ਲਈ ਆਪਣੀ ਸਫਾਈ, ਹਰ ਤਰਾਂ ਦੇ ਖਾਣੇ ਦੀ ਸਫਾਈ ਰੱਖੀ ਜਾਵੇ ਅਤੇ ਖਾਣ ਵਾਲੀਆਂ ਚੀਜਾਂ ਨੂੰ ਮੱਖੀਆਂ ਤੋਂ ਬਚਾਅ ਕੇ ਰੱਖਣਾ ਚਾਹੀਦਾ ਹੈ, ਬਹੁਤੇ ਕੱਚੇ ਜਾਂ ਪੱਕੇ ਹੋਏ ਫਲ ਨਹੀ ਖਾਣੇ ਚਾਹੀਦੇ।ਇਸ ਤੋਂ ਇਲਾਵਾ ਘਰਾਂ ਵਿੱਚ ਢੱਕਣ ਵਾਲੇ ਡਸਟਬੀਨ ਰੱਖੇ ਜਾਣ ਅਤੇ ਕੂੜਾ ਦਾ ਹਰ ਰੋਜ ਨਿਪਟਾਰਾ ਕੀਤਾ ਜਾਵੇ। ਇਸ ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਛਿੰਦਰ ਕੌਰ, ਰਜਿੰਦਰ ਕੌਰ, ਗੁਰਜੀਤ ਕੌਰ ਤੋਂ ਇਲਾਵਾ ਸਮੁੱਚਾ ਸਟਾਫ ਹਾਜਰ ਸਨ।