ਆਮ ਆਦਮੀ ਪਾਰਟੀ ਨੇ ਰਾਜ ਪੱਧਰੀ ਕਿਸਾਨ ਸੰਘਰਸ਼ ਕਮੇਟੀ ਦਾ ਕੀਤਾ ਗਠਨ

ਕੋਟਕਪੂਰਾ/ਸਮਾਲਸਰ26 ਜੁਲਾਈ (ਜਸਵੰਤ ਗਿੱਲ)-ਆਰਥਿਕ ਮੰਦਹਾਲੀ ਅਤੇ ਸਰਕਾਰਾਂ ਦੇ ਬੇਰੁਖੀ ਕਾਰਨ ਆਤਮਹੱਤਿਆ ਕਰ ਰਹੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਹੱਕ ਵਿੱਚ ਸੜਕ ਤੋਂ ਲੈ ਕੇ ਸੰਸਦ ਤੱਕ ਸੰਘਰਸ਼ ਕਰਨ ਲਈ ਆਮ ਆਦਮੀ ਪਾਰਟੀ ਨੇ ਰਾਜ ਪੱਧਰੀ ਕਿਸਾਨ ਸੰਘਰਸ਼ ਕਮੇਟੀ ਦਾ ਗਠਨ ਕਰਦਿਆਂ ਇਸ ਦੀ ਕਮਾਨ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੂੰ ਸੌਂਪੀ ਹੈ। ਸੰਧਵਾ ਨੇ ਦੱਸਿਆ ਕਿ ਸੰਘਰਸ਼ ਕਮੇਟੀ 15 ਅਗਸਤ ਤੋਂ ਪੂਰੇ ਪੰਜਾਬ ਵਿੱਚ ਕਿਸਾਨਾਂ ਦੀ ਰਜਿਸਟ੍ਰੇਸ਼ਨ ਕਰਨੀ ਸ਼ੁਰੂ ਕਰੇਗੀ ਅਤੇ 2 ਸਤੰਬਰ ਤੋਂ ਲੈ ਕੇ 6 ਸਤੰਬਰ ਤੱਕ ਕਿਸਾਨਾਂ ਦੀਆਂ ਮੰਗਾਂ ’ਤੇ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਪੈਦਲ ਯਾਤਰਾਵਾਂ ਕਰੇਗੀ। ਉਨਾਂ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਚੋਣਾਂ ਮੌਕੇ ਕਿਸਾਨਾਂ ਦੇ ਨਾਲ ਕੀਤੇ ਗਏ ਲਿਖਤੀ ਵਾਅਦਿਆਂ ਤੋਂ ਮੁੱਕਰ ਜਾਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਕੈਪਟਨ ਨੇ ਕਿਸਾਨਾਂ ਦਾ ਮਨੋਬਲ ਡੇਗ ਦਿੱਤਾ ਹੈ ਅਤੇ ਅੰਮਿ੍ਰਤਸਰ ਜ਼ਿਲੇ ਵਿੱਚ ਇੱਕ ਕਿਸਾਨ ਵੱਲੋਂ ਕੈਪਟਨ ਦਾ ਨਾਂਅ ਲੈ ਕੇ ਕੀਤੀ ਖ਼ੁਦਕੁਸ਼ੀ ਇਸ ਦੀ ਤਾਜ਼ੀ ਮਿਸਾਲ ਹੈ। ਸੰਧਵਾਂ ਨੇ ਕਿਹਾ ਕਿ ਪਾਰਟੀ ਕੈਪਟਨ ਅਮਰਿੰਦਰ ਸਿੰਘ ’ਤੇ ਲਿਖਤੀ ਚੋਣ ਵਾਆਦਿਆਂ ਤੋਂ ਮੁਕਰਨ ਦੇ ਇਲਜ਼ਾਮ ਵਿੱਚ ਕਾਨੂੰਨੀ ਚਾਰਾਜੋਈ ਵੀ ਆਰੰਭੇਗੀ।ਇਸ ਮੌਕੇ ਦਲਜੀਤ ਸਿੰਘ ਸਦਰਪੁਰਾ ਨੇ ਦੱਸਿਆ ਕਿ ਗਊ ਰੱਖਿਅਕ ਅਤੇ ਕੇਂਦਰ ਸਰਕਾਰ ਦੀ ਕਿਸਾਨ ਵਿਰੋਧੀ ਨੀਤੀਆਂ ਦੇ ਕਾਰਨ ਪੰਜਾਬ ਵਿੱਚ ਸਹਾਇਕ ਖੇਤੀਬਾੜੀ ਧੰਦਾ ਡੇਅਰੀ ਫ਼ਾਰਮ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।