ਰਾਸ਼ਟਰਪਤੀ ਅਤੇ ਕੇਂਦਰੀ ਵਿੱਤ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਦੁੱਖ ਸਾਂਝਾ ਕੀਤਾ 

ਪਟਿਆਲਾ, 26 ਜੁਲਾਈ: (ਜਸ਼ਨ)-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫੋਨ ਕਰਕੇ ਰਾਜਮਾਤਾ ਮੋਹਿੰਦਰ ਕੌਰ ਦੇ ਦੇਹਾਂਤ ’ਤੇ ਅਫਸੋਸ ਦਾ ਪ੍ਰਗਟਾਵਾ ਕੀਤਾ। ਰਾਸ਼ਟਰਪਤੀ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਆਖਿਆ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਸ਼ਰੀਕ ਹੁੰਦੇ ਹਨ। ਕੋਵਿੰਦ ਨੇ ਸਾਲ 1977 ਵਿਚ ਮੋਰਾਰਜੀ ਦੇਸਾਈ ਨਾਲ ਪਟਿਆਲਾ ਫੇਰੀ ਦੌਰਾਨ ਮੋਤੀ ਬਾਗ ਪੈਲੇਸ ਵਿੱਚ ਪਰਿਵਾਰ ਨਾਲ ਕੀਤੀ ਠਹਿਰ ਦੇ ਸਮੇਂ ਨੂੰ ਚੇਤੇ ਕੀਤਾ। ਉਨਾਂ ਨੇ ਪੈਲੇਸ ਵਿੱਚ ਠਹਿਰ ਦੌਰਾਨ ਰਾਜਮਾਤਾ ਵੱਲੋਂ ਕੀਤੀ ਮਹਿਮਾਨਨਿਵਾਜ਼ੀ ਨੂੰ ਵੀ ਯਾਦ ਕੀਤਾ। ਇਹ ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਨਾਲ ਨੇੜਤਾ ਦੇ ਬਾਵਜੂਦ ਰਾਜਮਾਤਾ ਨੇ ਐਮਰਜੈਂਸੀ ਤੋਂ ਬਾਅਦ ਕਾਂਗਰਸ ਦੇ ਦੋਫਾੜ ਹੋਣ ’ਤੇ ਮੋਰਾਰਜੀ ਦੇਸਾਈ ਦੀ ਅਗਵਾਈ ਵਿੱਚ ਖੜਣ ਦਾ ਫੈਸਲਾ ਲਿਆ ਸੀ। ਉਹ ਜਨਤਾ ਪਾਰਟੀ ਵਿਚ ਸ਼ਾਮਲ ਹੋਏ ਜਿਨਾਂ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਸਾਲ 1977 ਵਿੱਚ ਇਸ ਸਮੇਂ ਦੌਰਾਨ ਸ੍ਰੀ ਕੋਵਿੰਦ ਮੋਰਾਰਜੀ ਦੇਸਾਈ ਨਾਲ ਮੋਤੀ ਬਾਗ ਪੈਲੇਸ ਵਿਚ ਆਏ ਸਨ। ਰਾਸ਼ਟਰਪਤੀ ਵੱਲੋਂ ਦੁੱਖ ਦਾ ਇਜ਼ਹਾਰ ਕਰਨ ਲਈ ਉਨਾਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਬੀਤੇ ਦਿਨ ਰਾਸ਼ਟਰਪਤੀ ਭਵਨ ਵਿਖੇ ਉਨਾਂ ਦੇ ਹਲਫ਼ਦਾਰੀ ਸਮਾਰੋਹ ਵਿੱਚ ਸ਼ਾਮਲ ਨਾ ਹੋ ਸਕਣ ’ਤੇ ਅਫਸੋਸ ਪ੍ਰਗਟਾਇਆ। ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਕੋਵਿੰਦ ਨੂੰ ਰਾਸ਼ਟਰਪਤੀ ਚੁਣੇ ਜਾਣ ’ਤੇ ਵਧਾਈ ਦਿੱਤੀ। ਸ੍ਰੀ ਜੇਤਲੀ ਨੇ ਵੀ ਮੁੱਖ ਮੰਤਰੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਰਾਜਮਾਤਾ ਦੇ ਅਕਾਲ ਚਲਾਣੇ ’ਤੇ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਨਾਂ ਨੇ ਦੁੱਖ ਦੀ ਇਸ ਘੜੀ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।