ਪੰਜਾਬ ’ਚ ਹਰ ਘਰ ਪਖਾਨਾ ਮੁਹੱਈਆ ਕਰਵਾਉਣ ਦਾ ਟੀਚਾ 31 ਦਸੰਬਰ ਤੱਕ ਪੂਰਾ ਕਰ ਲਿਆ ਜਾਵੇਗਾ: ਤਿ੍ਰਪਤ ਬਾਜਵਾ
ਚੰਡੀਗੜ, 26 ਜੁਲਾਈ(ਜਸ਼ਨ)- ਪੰਜਾਬ ਵਿਚ ਹਰ ਘਰ ਪਖਾਨਾ ਮੁਹੱਈਆ ਕਰਵਾਉਣ ਦਾ ਟੀਚਾ ਇਸ ਸਾਲ 31 ਦਸੰਬਰ ਤੱਕ ਪ੍ਰਾਪਤ ਕਰ ਲਿਆ ਜਾਵੇਗਾ।ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਆਪਣੇ ਦਫਤਰ ਵਿਖੇ ਵਿਭਾਗ ਦੇ ਕੰਮ ਕਾਜ ਲਈ ਰੱਖੀ ਸਮੀਖਿਆ ਮੀਟਿੰਗ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਹ ਟੀਚਾ ਪੂਰਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।ਮੀਟਿੰਗ ਉਪਰੰਤ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਇਸ ਕੰਮ ਨੂੰ 100 ਫੀਸਦੀ ਨੇਪਰੇ ਚਾੜਨ ਲਈ ਹੇਠਲੇ ਪੱਧਰ ‘ਤੇ ਨਿਗਰਾਨੀ ਕੀਤੀ ਜਾਵੇ ਅਤੇ ਹਰ ਸਬੰਧਤ ਅਧਿਕਾਰੀ ਤੋਂ ਪ੍ਰਗਤੀ ਰਿਪੋਰਟ ਲਈ ਜਾਵੇ। ਸ. ਬਾਜਵਾ ਨੇ ਇਸ ਮੌਕੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰੀ ਪੈਸੇ/ਗ੍ਰਾਂਟਾ ਦੀ ਪਾਰਦਰਸ਼ੀ ਢੰਗ ਨਾਲ ਵਰਤੋ ਕੀਤੀ ਜਾਵੇ ਅਤੇ ਪੈਸੇ ਦੀ ਦੁਰਵਰਤੋ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨਾਂ ਨਾਲ ਹੀ ਕਿਹਾ ਕਿ ਕੰਮ ਦੀ ਕੁਆਲਟੀ ਯਕੀਨੀ ਬਣਾਈ ਜਾਵੇ ਅਤੇ ਕੁਤਾਹੀ ਕਰਨ ਵਾਲਿਆਂ ਦੇ ਖਿਲਾਫ ਪੁਰੀ ਸਖਤੀ ਵਰਤੀ ਜਾਵੇ।ਇਸ ਦੇ ਨਾਲ ਹੀ ਉਨਾਂ ਕਿਹਾ ਕਿ ਸਾਰੇ ਕੰਮ ਸਮਾਂਬੱਧ ਪੂਰੇ ਕੀਤੇ ਜਾਣੇ ਯਕੀਨੀ ਬਣਾਏ ਜਾਣ। ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਬੰਦ ਪਏ ਪਏ ਆਰ.ਓ ਸਿਸਟਮਾਂ ਦਾ ਗੰਭੀਰ ਨੋਟਿਸ ਲੈਂਦਿਆਂ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਬੰਦ ਪਏ ਆਰ.ਓ ਸਿਸਟਮ ਤੁਰੰਤ ਠੀਕ ਕਰਵਾ ਕੇ ਚਾਲੂ ਕਰਵਾਏ ਜਾਣ ਤਾਂ ਜੋ ਲੋਕਾਂ ਨੂੰ ਸਾਫ ਪੀਣ ਵਾਲਾ ਪਾਣੀ ਮਿਲ ਸਕੇ।ਇਸ ਮੌਕੇ ਉਨਾਂ ਨਾਲ ਹੀ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਵਿਭਾਗ ਦੇ ਅਧੀਨ ਆਉਣ ਵਾਲੀਆਂ ਪਾਣੀ ਦੀਆਂ ਟੈਂਕੀਆਂ ਦੀ ਹਾਲਤ ਦੀ ਨਿੱਜੀ ਜਾਂਚ ਕੀਤੀ ਜਾਵੇ ਅਤੇ ਮਾੜੀ ਹਾਲਤ ਵਾਲੀਆਂ ਟੈਂਕੀਆਂ ਨੂੰ ਪਹਿਲ ਦੇ ਅਧਾਰ ‘ਤੇ ਠੀਕ ਕਰਵਾਇਆ ਜਾਵੇ। ਸ. ਬਾਜਵਾ ਨੇ ਇਸ ਮੌਕੇ ਕਿਹਾ ਕਿ ਪਾਣੀ ਵਾਲੀਆਂ ਟੈਂਕੀਆਂ ਦੇ ਪੰਪਾਂ ਨੂੰ ਚਲਾਉਣ ਲਈ ਕੀਤੀ ਜਾਂਦੀ ਕੁਲੈਕਸ਼ਨ ਦੀ ਰਸੀਦ ਪੈਸੇ ਦੇਣ ਵਾਲੇ ਨੂੰ ਦੇਣੀ ਯਕੀਨੀ ਬਣਾਈ ਜਾਵੇ ਅਤੇ ਇਕੱਤਰ ਕੀਤੇ ਗਏ ਪੈਸੇ ਨੂੰ ਪਾਰਦਰਸ਼ੀ ਢੰਗ ਨਾਲ ਖਰਚਣ ਦਾ ਪ੍ਰਬੰਧ ਕੀਤਾ ਜਾਵੇ।ਉਨਾਂ ਕਿਹਾ ਕਿ ਇਸ ਫੈਸਲੇ ਨੂੰ ਤੁਰੰਤ ਬਿਨਾਂ ਕਿਸੇ ਦੇਰੀ ਦੇ ਲਾਗੂ ਕੀਤਾ ਜਾਵੇ। ਸ. ਬਾਜਵਾ ਨੇ ਇਸ ਮੌਕੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰੀ ਸਪਲਾਈ ਵਾਲੇ ਪਾਣੀ ਦੀ ਦੁਰਵਰਤੋ ਨਾ ਕਰਨ ਅਤੇ ਦੁਰਵਰਤੋ ਕਰਨ ਵਾਲਿਆਂ ਦੀ ਸ਼ਿਕਾਇਤ ਵਿਭਾਗ ਵਲੋਂ ਸਥਾਪਿਤ ਸ਼ਿਕਾਇਤ ਨਿਵਾਰਨ ਕੇਂਦਰ ਦੇ ਟੋਲ ਫ੍ਰੀ ਨੰਬਰ 18001802468 ‘ਤੇ ਕਰਨ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਹਰ ਸ਼ਿਕਾਇਤ ਦੀ ਜਾਂਚ ਯਕੀਨੀ ਬਣਾਈ ਜਾਵੇ ਤਾਂ ਜੋ ਪਾਣੀ ਦੀ ਦੁਰਵਰਤੋ ਪੂਰੀ ਤਰਾਂ ਨਾਲ ਰੋਕੀ ਜਾ ਸਕੇ। ਇਸ ਮੌਕੇ ਵਿਭਾਗ ਦੀ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾੜ ਨੇ ਵਿਭਾਗ ਵੱਲੋਂ ਮਿੱਥੇ ਟੀਚਿਆਂ ਬਾਰੇ ਦੱਸਿਆ।ਉਨਾਂ ਦੱਸਿਆ ਕਿ ਖੁੱਲੇ ਵਿਚ ਲੈਟਰੀਨ ਤੋਂ ਸੂਬੇ ਦੇ 9 ਜ਼ਿਲੇ ਹੁਣ ਤੱਕ ਮੁਕਤ ਹੋ ਚੱੁਕੇ ਹਨ ਅਤੇ ਬਾਕੀ ਜ਼ਿਲਿਆਂ ਵਿਚ ਵੀ ਨਿਰਧਾਰਤ ਸਮੇਂ ਵਿਚ ਇਹ ਟੀਚਾ ਪੂਰਾ ਕਰ ਲਿਆ ਜਾਵੇਗਾ।ਉਨਾਂ ਨਾਲ ਹੀ ਦੱਸਿਆ ਕਿ ਵਿਭਾਗ ਵਲੋਂ 10 ਘੰਟੇ ਪਾਣੀ ਸਪਲਾਈ ਕਰਨ ਵਾਲੀ ਸਕੀਮ ਵੀ ਹੋਰ ਤੇਜੀ ਨਾਲ ਲਾਗੂ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾੜ, ਵਿਭਾਗ ਦੇ ਮੁੱਖੀ ਸ੍ਰੀ ਅਸ਼ਵਨੀ ਕੁਮਾਰ, ਕੈਬਨਿਟ ਮੰਤਰੀ ਸ. ਬਾਜਵਾ ਦੇ ਓ.ਐਸ.ਡੀ ਸ. ਗੁਰਦਰਸ਼ਨ ਸਿੰਘ ਬਾਹੀਆ, ਚੀਫ ਇੰਜਨੀਅਰ ਸ੍ਰੀ ਐਸ.ਕੇ ਜੈਨ, ਚੀਫ ਇੰਜਨੀਅਰ ਏ.ਕੇ ਕਲਸੀ, ਡਾਇਰੈਕਟਰ ਸੈਨੀਟੇਸ਼ਨ ਸ੍ਰੀ ਮੁਹੰਮਦ ਇਸ਼ਫਾਕ, ਡਾਇਰੈਕਟਰ ਵਾਟਰ ਕੁਆਲਟੀ ਸ੍ਰੀਮਤੀ ਵੀਨਾਕਸ਼ੀ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।