ਸ਼ਹੀਦਾਂ ਦੀ ਕਤਾਰ ਵਿਚ ਜਾ ਖਲੋਤੇ ਜਸਪ੍ਰੀਤ ਸਿੰਘ ਤਲਵੰਡੀ ਮੱਲੀਆਂ ਨਮਿੱਤ ਸ਼ਰਧਾਂਜਲੀ ਸਮਾਗਮ 27 ਨੂੰ

ਮੋਗਾ,26 ਜੁਲਾਈ ((ਤੇਜਿੰਦਰ ਸਿੰਘ )-ਦੇਸ਼ ਦੇ ਮਹਾਨ ਸਪੂਤ ਸ਼ਹੀਦ ਜਸਪ੍ਰੀਤ ਸਿੰਘ ਦਾ ਜਨਮ ਤਲਵੰਡੀ ਮੱਲੀਆਂ ਵਿਖੇ 25 ਜੂਨ 1993 ਨੂੰ ਹੋਇਆ । ਪਿਤਾ ਸਰਵਣ ਸਿੰਘ ਅਤੇ ਮਾਤਾ ਹਰਜਿੰਦਰ ਕੌਰ ਦੀ ਕੁੱਖੋਂ ਜਨਮੇ ਇਸ ਸੂਰਮੇਂ ਲਾਲ ਦੀ ਬਚਪਨ ਤੋਂ ਹੀ ਫੌਜ ਵਿਚ ਨੌਕਰੀ ਕਰਨ ਦੀ ਇੱਛਾ ਸੀ। ਜਸਪ੍ਰੀਤ ਸਿੰਘ ਨੇ ਮੁੱਢਲੀ ਸਿੱਖਿਆ ਪਿੰਡ ਦੇ ਹੀ ਸਰਕਾਰੀ ਤੋਂ ਹਾਸਲ ਕੀਤੀ ਅਤੇ ਗਿਆਰਵੀਂ ਅਤੇ ਬਾਹਰਵੀਂ ਜਮਾਤ ਉਸਨੇ ਕੋਕਰੀ ਕਲਾਂ ਦੇ ਸਰਕਾਰੀ ਸਕੂਲ ਤੋਂ ਪਾਸ ਕੀਤੀ।  ਖੇਡਾਂ ਵਿਚ ਵਿਸ਼ੇਸ਼ ਦਿਲਚਸਪੀ ਰੱਖਣ ਵਾਲੇ ਜਸਪ੍ਰੀਤ ਸਿੰਘ ਨੇ ਕਈ ਮੈਡਲ ਵੀ ਪ੍ਰਾਪਤ ਕੀਤੇ। ਜਸਪ੍ਰੀਤ ਸਿੰਘ ਪੜਾਈ ਅਤੇ ਖੇਡਾਂ ਵਿਚ ਵਿਸ਼ੇਸ਼ ਦਿਲਚਸਪੀ ਰੱਖਦਾ ਸੀ । ਉਹ ਬਹੁਤ ਹੀ ਮਿਹਨਤੀ ਸੀ ਆਪਣੇ ਘਰ ਦੇ ਹਾਲਾਤ ਨੂੰ ਦੇਖਦਿਆਂ ਉਹ ਛੁੱਟੀ ਵਾਲੇ ਦਿਨ ਆਪਣੇ ਪਿਤਾ ਨਾਲ ਮਜ਼ਦੂਰੀ ਕਰਨ ਵੀ ਚਲਾ ਜਾਂਦਾ ਸੀ । ਪਰਿਵਾਰ ਨਾਲ ਅੰਤਾਂ ਦਾ ਮੋਹ ਕਰਨ ਵਾਲਾ ਜਸਪ੍ਰੀਤ ਕਦੇ ਵੀ ਵਿਹਲਾ ਨਹੀਂ ਸੀ ਬਹਿੰਦਾ। ਦੋ ਭੈਣਾਂ ਅਤੇ ਦੋ ਭਰਾਵਾਂ ਦੇ ਵੀਰ ਜਸਪ੍ਰੀਤ ਸਿੰਘ ਨੂੰ ਆਸ ਸੀ ਕਿ ਉਸ ਦੇ ਫੌਜ ਵਿਚ ਜਾਣ ਨਾਲ ਘਰ ਦੇ ਆਰਥਿਕ ਹਾਲਾਤ ਸੁਧਰਨਗੇ । ਜਸਪ੍ਰੀਤ ਅਕਸਰ ਆਪਣੇ ਮਾਂ ਬਾਪ ਨੂੰ ਕਹਿੰਦਾ ਸੀ ਕਿ ਜਦੋਂ ਉਹ ਫੌਜ ਵਿਚ ਭਰਤੀ ਹੋ ਗਿਆ ਘਰ ਦੀਆਂ ਸਾਰੀਆਂ ਮੁਸ਼ਕਿਲਾਂ ਹੱਲ ਹੋ ਜਾਣਗੀਆਂ ਅਤੇ ਉਹ ਆਪਣੇ ਦੋਸਤਾਂ ਨਾਲ ਅਕਸਰ ਭਰਤੀ ਪਰਿਕਿਰਿਆ ਵਿਚ ਆਪਣੀ ਕਿਸਮਤ ਅਜਮਾਉਣ ਜ਼ਰੂਰ ਜਾਂਦਾ ਸੀ । ਉਸ ਨੂੰ ਫੌਜ ਵਿਚ ਭਰਤੀ ਹੋਣ ਦਾ ਚਾਅ ਸੀ ਅਤੇ ਉਹ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨ ਲਈ ਅਕਸਰ ਦੌੜ ਲਗਾਉਂਦਾ ਸੀ ਤਾਂ ਕਿ ਉਹ ਸ਼ਰੀਰਕ ਪੱਖੋਂ ਤੰਦਰੁਸਤ ਰਹੇ ਅਤੇ ਭਰਤੀ ਪਰਿਕਿਰਆ ਵਿਚ ਸਫਲ ਹੋ ਸਕੇ। ਭਰਤੀ ਦੇ ਪਰਕਰਣ ਦੌਰਾਨ ਉਹ ਰੇਸ ਤਾਂ ਕੱਢ ਜਾਂਦਾ ਸੀ ਪਰ ਅਣਕਿਆਸੇ ਮਾਪਦੰਡਾਂ ਵਿਚ ਉਹ ਕਈ ਵਾਰ ਰਹਿ ਜਾਂਦਾ ਸੀ , ਪਰ ਫੇਰ ਵੀ ਉਸ ਨੇ ਹਿੰਮਤ ਨਹੀਂ ਹਾਰੀ। ਪਹਿਲਾਂ ਉਹ ਫਰੀਦਕੋਟ ਭਰਤੀ ਹੋਣ ਲਈ ਗਿਆ ਤੇ ਫੇਰ ਲੁਧਿਆਣਾ ਢੋਲੇਆਣਾ ਵਿਖੇ ਹੋਈ ਭਰਤੀ ਦੌਰਾਨ ਉਸਦੀ ਸਿਲੈਕਸ਼ਨ ਹੋ ਗਈ ਅਤੇ ਉਸ ਨੇ ਘਰ ਆ ਕੇ ਖੁਸ਼ੀ ਵਿਚ ਦੋਸਤਾਂ ਨੂੰ ਮਠਿਆਈ ਵੰਡੀ ਅਤੇ ਉਹਨਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਜਸਪ੍ਰੀਤ ਸਿੰਘ ਭਰਤੀ ਹੋਣ ਤੋਂ ਬਾਅਦ ਛੇਤੀ ਹੀ ਡਿੳੂਟੀ ’ਤੇ ਹਾਜ਼ਰ ਹੋ ਗਿਆ ਤੇ ਪਹਿਲਾਂ ਉਸ ਦੀ ਟ੍ਰੇਨਿੰਗ ਯੂ ਪੀ ’ਚ ਹੋਈ ਅਤੇ 6 ਮਹੀਨਿਆਂ ਦੀ ਸਿਖਲਾਈ ਉਪਰੰਤ ਉਹ ਘਰ ਛੁੱਟੀ ਆਇਆ ਅਤੇ ਬੇਹੱਦ ਖੁਸ਼ ਹੋ ਕੇ ਉਹ ਆਪਣੇ ਦੋਸਤਾਂ ਨੂੰ ਮਿਲਣ ਤੋਂ ਬਾਅਦ ਫੇਰ ਤੋਂ ਟੇ੍ਰਨਿੰਗ ਪੂੁਰੀ ਕਰਨ ਲਈ ਚਲਾ ਗਿਆ । ਟ੍ਰੇਨਿੰਗ ਪੂਰੀ ਹੋਣ ਉਪਰੰਤ ਉਸ ਦੀ ਡਿੳੂਟੀ ਨੌਸ਼ਹਿਰਾ ਸੈਕਟਰ ’ਚ ਬਾਰਡਰ ਤੇ ਲੱਗੀ ,ਉੱਥੇ ਅਕਸਰ ਪਾਕਿਸਤਾਨ ਵਾਲੇ ਪਾਸਿਓਂ ਗੋਲੀਬਾਰੀ ਹੰੁਦੀ ਰਹਿੰਦੀ ਸੀ ਜਿਸ ਬਾਰੇ ਉਹ ਆਪਣੇ ਦੋਸਤਾਂ ਨਾਲ ਅਕਸਰ ਜ਼ਿਕਰ ਕਰਦਾ ਸੀ ਪਰ ਨਾਲ ਹੀ ਉਹ ਆਪਣੇ ਮਿੱਤਰਾਂ ਨੂੰ ਕਹਿੰਦਾ ਸੀ ਕਿ ਡਰਨ ਦੀ ਕੋਈ ਗੱਲ ਨਹੀਂ ਆਪਣੀ ਫਤਿਹ ਹੀ ਰਹੂ। ਇਸ ਉਪਰੰਤ ਉਹ ਆਪਣੀ ਵੱਡੀ ਭੈਣ ਦੇ ਵਿਆਹ ਲਈ ਤਿੰਨ ਦਿਨ ਦੀ ਐਮਰਜੈਂਸੀ ਛੁੱਟੀ ਆਇਆ ਤੇ ਵਿਆਹ ਉਪਰੰਤ ਡਿੳੂਟੀ ’ਤੇ ਹਾਜ਼ਰ ਹੋ ਗਿਆ।  ਜਸਪ੍ਰੀਤ ਸਿੰਘ ਆਪਣੇ ਮਿਸ਼ਨ ’ਤੇ ਡੱਟ ਗਿਆ । ਉਹ ਪਿਛਲੇ 9 ਮਹੀਨਿਆਂ ਤੋਂ ਡਿੳੂਟੀ ‘ਤੇ ਸੀ । 18 ਜੂਨ ਨੂੰ ਨੌਸ਼ਹਿਰਾ ਸੈਕਟਰ ਵਿਖੇ ਪਾਕਿਸਤਾਨ ਵੱਲੋਂ ਜ਼ਿਆਦਾ ਗੋਲੀਬਾਰੀ ਹੋਈ ਜਿਸ ਦੀ ਲਪੇਟ ਵਿਚ ਇਕ ਸਕੂਲ ਵੀ ਆ ਗਿਆ ਜਿਸ ਕਾਰਨ ਉੱਥੇ ਸਕੂਲੀ ਬੱਚੇ ਫਸ ਗਏ। ਜਸਪ੍ਰੀਤ ਸਿੰਘ ਨੇ ਬਹੁਤ ਬਹਾਦਰੀ ਨਾਲ ਸਰਚ ਆਪਰੇਸ਼ਨ ਵਿਚ ਭਾਗ ਲੈਦਿਆਂ ਕਈ ਬੱਚਿਆਂ ਦੀਆਂ ਜਾਨਾਂ ਬਚਾਈਆਂ ਅਤੇ ਆਪਰੇਸ਼ਨ ਖਤਮ ਹੋਣ ਤੋਂ ਬਾਅਦ ਸਾਰੀ ਟੀਮ ਨੇ ਆਰਾਮ ਕਰਨ ਲਈ ਬੁਲੇਟ ਪਰੂਫ਼ ਜੈਕਟਾਂ ਉਤਾਰ ਦਿੱਤੀਆਂ ਕੇ ਅਜੇੇ ਕੁਝ ਸਮਾਂ ਗੱਲਾਂ ਬਾਤਾਂ ਹੀ ਕੀਤੀਆਂ ਸਨ ਕਿ ਇਨੇ ਨੂੰ ਜਸਪ੍ਰੀਤ ਨੂੰ ਸਕੂਲ ਵਿਚ ਇਕ ਟੇਬਲ ਦੇ ਥੱਲੇ ਲੁੱਕੀ ਹੋਈ ਬੱਚੀ ਦਿੱਸ ਪਈ , ਉਸ ਨੇ ਆਪਣੇ ਕਮਾਂਡਰ ਨੂੰ ਦੱਸਿਆ ਅਤੇ ਦੁਬਾਰਾ ਸਰਚ ਆਪਰੇਸ਼ਨ ਲਈ ਸਮਾਂ ਬਹੁਤ ਥੋੜਾ ਹੋਣ ਕਰਕੇ ਜਸਪ੍ਰੀਤ ਬੜੀ ਬਹਾਦਰੀ ਨਾਲ ਬੱਚੀ ਨੂੰ ਬਚਾਉਣ ਲਈ ਉਸ ਵੱਲ ਦੌੜ ਪਿਆ ਅਤੇ ਉਸ ਨਾਲ ਦੋ ਜਵਾਨ ਵੀ  ਜੱਸੀ ਦੀ ਮਦਦ ਲਈ ਦੌੜੇ ਅਤੇ ਜਦੋਂ ਜੱਸੀ ਬੱਚੀ ਨੂੰ ਚੁੱਕ ਕੇ ਵਾਪਸ ਭੱਜ ਰਿਹਾ ਸੀ ਤਾਂ ਉਹਨਾਂ ’ਤੇ ਦੁਸ਼ਮਣ ਨੇ ਗੋਲੀਆਂ ਦੀ ਬੌਛਾਰ ਕਰ ਦਿੱਤੀ । ਗੋਲੀ ਵੱਜਣ ਤੋਂ ਬਾਅਦ ਵੀ ਜਸਪ੍ਰੀਤ ਸਿੰਘ ਰੁੱਕਿਆ ਨਹੀਂ ਫਿਰ ਪਾਕਿਸਤਾਨ ਨੇ ਉਹਨਾਂ ਤੇ ਬੰਬ ਸੁੱਟ ਦਿੱਤਾ ਜਿਸ ਕਾਰਨ ਜਸਪ੍ਰੀਤ ਸਿੰਘ , ਗੋਦ ਵਿਚ ਚੁੱਕੀ ਬੱਚੀ ਤੇ ਦੋ ਹੋਰ ਜਵਾਨਾਂ ਦੇ ਲੱਗਿਆ । ਇਸ ਘਟਨਾ ਦੌਰਾਨ  18 ਜੁਲਾਈ ਨੂੰ ਜਸਪ੍ਰੀਤ ਸ਼ਹੀਦ ਹੋ ਗਿਆ ਅਤੇ ਰਹਿੰਦੀ ਦੁਨੀਆਂ ’ਤੇ ਨਾਮ ਬਣਾ ਗਿਆ। ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੀ ਚੀਫ਼ ਐਡੀਟਰ ਅਤੇ ਦੂਰਦਰਸ਼ਨ ਜਲੰਧਰ ਦੀ ਪ੍ਰਤੀਨਿੱਧ ਜਸ਼ਨ ਨਾਲ ਗੱਲਬਾਤ ਕਰਦਿਆਂ ਜਸਪ੍ਰੀਤ ਦੇ ਭਰਾ ਕੁਲਦੀਪ ਨੇ ਦੱਸਿਆ ਕਿ ਸ਼ਹੀਦ ਜਸਪ੍ਰੀਤ ਸਿੰਘ ਦੀ ਛੁੱਟੀ 1 ਅਗਸਤ ਲਈ ਮਨਜ਼ੂਰ ਹੋਈ ਸੀ ਉਸ ਨੇ ਆਪਣੀ ਮਾਤਾ ਨੂੰ ਫੋਨ ’ਤੇ ਦੱਸਿਆ ਸੀ ਕਿ ਉਹ ਪੂਰੀ ਯੂਨਿਟ ਨਾਲ 25 ਤਾਰੀਖ ਨੂੰ ਜਲੰਧਰ  ਆਵੇਗਾ ਅਤੇ ਇਸ ਤੋਂ ਬਾਅਦ ਉਹ ਆਪਣੇ ਘਰ ਪਰਤੇਗਾ ਪਰ ਪਰਮਾਤਮਾਂ ਨੂੰ ਕੁਝ ਹੋਰ ਹੀ ਮਨਜੂਰ ਸੀ ਤੇ ਉਸ ਦੇ ਮਾਤਾ ਪਿਤਾ ਨੂੰ 18 ਜੁਲਾਈ ਨੂੰ ਫੋਨ ਆ ਗਿਆ ਕਿ ਜਸਪ੍ਰੀਤ ਸਿੰਘ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਰਣਭੂਮੀਂ ’ਚ ਸ਼ਹੀਦ ਹੋ ਗਿਆ ਹੈ।  ਸ਼ਹੀਦ ਜਸਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ 19 ਜੁਲਾਈ ਨੂੰ ਸਰਕਾਰੀ ਸਨਮਾਨਾਂ ਨਾਲ ਹੋਇਆ ਸੀ। ਜਸਪ੍ਰੀਤ ਦੀ ਰੂਹ ਦੀ ਸ਼ਾਂਤੀ ਲਈ 27 ਜੁਲਾਈ ਦਿਨ ਵੀਰਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਮੱਲੀਆਂ ਵਿਖੇ ਦੁਪਿਹਰ 1 ਵਜੇ ਭੋਗ ਪਵੇਗਾ ਉਪਰੰਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੋਵੇਗਾ।