ਕੌਮੀਂ ਸ਼ਾਹ ਮਾਰਗ ਨੇ ਲਈ ਇਕ ਹੋਰ ਬਲੀ,ਟਰੱਕ ਪਲਟਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ ਪੰਜ ਜ਼ਖਮੀ
ਮੋਗਾ, 24 ਜੁਲਾਈ (ਜਸ਼ਨ)- ਅੱਜ ਦੇਰ ਸ਼ਾਮ ਮੋਗਾ ਫਿਰੋਜ਼ਪੁਰ ਰੋਡ ’ਤੇ ਲੋਹੇ ਦੀ ਸ਼ਟਰਿੰਗ ਨਾਲ ਭਰੇ ਟਰੱਕ ਦੇ ਪਲਟਣ ਕਾਰਨ ਪੰਜ ਮਜ਼ਦੂਰ ਜ਼ਖਮੀ ਹੋ ਗਏ ਜਦਕਿ ਇਕ ਮਜ਼ਦੂਰ ਦੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਨਵੀਂ ਬਣ ਰਹੀ ਬਿਲਡਿੰਗ ਲਈ ਵਰਤੇ ਗਏ ਸ਼ਟਰਿੰਗ ਦੇ ਸਮਾਨ ਨੂੰ ਟਰੱਕ ਵਿਚ ਲੱਦ ਕੇ ਇਹ ਮਜ਼ਦੂਰ ਵਾਪਸ ਜਾ ਰਹੇ ਸਨ ਤਾਂ ਚਾਰ ਮਾਰਗੀ ਸੜਕ ਦੇ ਨਿਰਮਾਣ ਦੇ ਚੱਲਦਿਆਂ ਸੜਕ ’ਤੇ ਪੁੱਟੇ ਹੋਏ ਖੱਡੇ ਵਿੱਚ ਇਹ ਟਰੱਕ ਅਚਾਨਕ ਪਲਟ ਗਿਆ ਅਤੇ ਟਰੱਕ ’ਤੇ ਬੈਠੇ ਇਹ ਮਜ਼ਦੂਰ ਸ਼ਟਰਿੰਗ ਦੇ ਸਮਾਨ ਦੀ ਲਪੇਟ ਵਿਚ ਆ ਗਏ। ਮੌਕੇ ’ਤੇ ਮੌਜੂਦ ਲੋਕਾਂ ਅਤੇ ਪੁਲਿਸ ਕਰਮੀਆਂ ਨੇ ਜਖ਼ਮੀ ਹੋਏ ਮਜ਼ਦੂਰਾਂ ਨੰੂ ਟਰੱਕ ਦੇ ਹੇਠੋਂ ਕੱਢ ਕੇ ਸਮਾਜ ਸੇਵੀ ਸੁਸਾਇਟੀ ਦੀਆਂ ਐਂਬੂਲੈਂਸਾਂ ਰਾਹੀਂ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਇੱਕ ਮਜਦੂਰ ਨੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ। ਮੌਕੇ ਤੋ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੋਗਾ ਫਿਰੋਜਪੁਰ ਰੋਡ ਤੇ ਬਣ ਰਹੀ ਨਵੀਂ ਬਿਲਡਿੰਗ ਵਿੱਚੋਂ ਲੋਹੇ ਦੀਆਂ ਸ਼ਟਰਿੰਗ ਪਾਈਪਾਂ ਅਤੇ ਪਲੇਟਾਂ ਆਦਿ ਦੇ ਸਮਾਨ ਦਾ ਟਰੱਕ ਭਰਕੇ ਵਾਪਸ ਜਾ ਰਹੇ ਕਲਕੱਤਾ ਵਾਸੀ ਇਹ ਪ੍ਰਵਾਸੀ ਮਜਦੂਰ ਬੁੱਧਦੇਵ ਰਜਵਾਲ, ਸੰਤੋਸ਼ ਰਜਵਾਲ, ਸੁਫਲ ਰਾਏ, ਬੱਪੀ ਰਜਵਾਲ, ਵਿਕਾਸ ਵੇਦ ਅਤੇ ਸੁਭਾਸ਼ ਨੰਦੀ ਸਮਾਨ ਦੇ ਭਰੇ ਟਰੱਕ ਉਪਰ ਬੈਠ ਗਏ। ਜਦ ਇਹ ਟਰੱਕ ਬਿਲਡਿੰਗ ਕੋਲੋਂ ਚੱਲ ਕੇ ਅਜੇ ਥੋੜੀ ਦੂਰ ਹੀ ਪੁੱਜਾ ਸੀ ਤਾਂ ਟਰੱਕ ਚਾਰ ਮਾਰਗੀ ਬਣ ਰਹੇ ਕੌਮੀਂ ਸ਼ਾਹ ਮਾਰਗ ’ਚ ਪੁੱਟੇ ਵੱਡੇ ਖੱਡੇ ਵਿੱਚ ਪਲਟ ਗਿਆ ਜਿਸ ਨਾਲ ਉਪਰੋਕਤ ਸਾਰੇ ਮਜਦੂਰ ਟਰੱਕ ਉਪਰ ਲੱਦੇ ਸਮਾਨ ਹੇਠਾਂ ਆ ਗਏ । ਰੌਲਾ ਪੈਣ ਤੇ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਗੁਰਪ੍ਰੀਤ ਸਿੰਘ, ਟ੍ਰੈਫਿਕ ਇੰਚਾਰਜ ਵੇਦ ਪ੍ਰਕਾਸ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ। ਇਸ ਮੌਕੇ ਦੋ ਕਰੇਨਾਂ ਅਤੇ ਜੇ ਸੀ ਬੀ ਮਸ਼ੀਨਾਂ ਨਾਲ ਥੱਲੇ ਦੱਬੇ ਪ੍ਰਵਾਸੀ ਮਜਦੂਰਾਂ ਨੰੂ ਕੱਢ ਕੇ ਵੱਖ ਵੱਖ ਐਬੂਲੈਸਾਂ ਰਾਹੀਂ ਜ਼ਖਮੀਆਂ ਨੰੂ ਇਲਾਜ ਵਾਸਤੇ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਸੁਫਲ ਰਾਏ ਮਜ਼ਦੂਰ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਿਆ। ਹਾਦਸੇ ਦਾ ਪਤਾ ਚੱਲਦਿਆਂ ਹੀ ਹਲਕਾ ਵਿਧਾਇਕ ਡਾ ਹਰਜੋਤ ਕਮਲ ਅਤੇ ਕਾਂਗਰਸ ਦੇ ਸੂਬਾ ਸਕੱਤਰ ਰਵਿੰਦਰ ਸਿੰਘ ਐਡਵੋਕੇਟ ਰਵੀ ਗਰੇਵਾਲ ਨੇ ਸਿਵਲ ਹਸਪਤਾਲ ਪੁੱਜ ਕੇ ਜ਼ਖਮੀਆਂ ਦੀ ਹਾਲਤ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਉਨਾਂ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਵੀ ਦਿੱਤਾ। ਕਾਂਗਰਸ ਦੇ ਜਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮਜ਼ਦੂਰਾਂ ਨਾਲ ਵਾਪਰਿਆ ਇਹ ਹਾਦਸਾ ਬੇਹੱਦ ਦੁਖਦਾਈ ਹੈ ਅਤੇ ਕਾਂਗਰਸ ਪਾਰਟੀ ਵੱਲੋਂ ਇਹਨਾਂ ਮਜ਼ਦੂਰਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।