ਵਿਜੀਲੈਂਸ ਨੇ ਪੰਜਾਬ ਪੁਲਿਸ ਦੇ ਏ ਐੱਸ ਆਈ ਦਲਜੀਤ ਸਿੰਘ ਨੂੰ ਰਿਸ਼ਵਤ ਲੈਂਦਿਆਂ ਕੀਤਾ ਗਿ੍ਰਫਤਾਰ
ਮੋਗਾ ,24 ਜੁਲਾਈ (ਜਸ਼ਨ)- ਪੰਜਾਬ ਸਰਕਾਰ ਵੱਲੋਂ ਰਿਸ਼ਵਤ ਖਿਲਾਫ ਵਿੱਢੀ ਮੁਹਿੰਮ ਤਹਿਤ ਪੁਲਿਸ ਵਿਜੀਲੈਂਸ ਬਿੳੂਰੋ ਮੋਗਾ ਦੇ ਉਪ ਕਪਤਾਨ ਪਲਵਿੰਦਰ ਸਿੰਘ ਸੰਧੂ ਵੱਲੋਂ ਅੱਜ ਮੋਗਾ ਦੇ ਥਾਣਾ ਸਿਟੀ 1 ਵਿਚ ਤੈਲਾਤ ਏ ਐੱਸ ਆਈ ਦਲਜੀਤ ਸਿੰਘ ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੀ ਹੱਥ ਕਾਬੂ ਕਰ ਲਿਆ । ਜਾਣਕਾਰੀ ਮੁਤਾਬਕ ਮੋਗਾ ਸ਼ਹਿਰ ਦੇ ਗੁਰੂ ਅੰਗਦ ਨਗਰ ਦੇ ਵਾਸੀ ਠਾਣਾ ਸਿੰਘ ਜੌਹਲ ਨੇ ਆਪਣਾ ਮੋਬਾਈਲ ਚੋਰੀ ਹੋਣ ਸੰਬਧੀ ਲਿਖਤੀ ਦਰਖਾਸਤ ਥਾਣਾ ਸਿਟੀ-1 ਵਿਖੇ ਦਰਜ ਕਰਵਾਈ ਗਈ ਸੀ । ਇਸ ਸ਼ਿਕਾਇਤ ਦਾ ਤਫਤੀਸ਼ੀ ਅਫਸਰ ਦਲਜੀਤ ਸਿੰਘ ਸੀ ਜਿਸ ਨੇ ਠਾਣਾ ਸਿੰਘ ਜੌਹਲ ਤੋਂ 5 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ । ਵਿਜੀਲੈਂਸ ਬਿੳੂਰੋ ਮੋਗਾ ਦੇ ਉਪ ਕਪਤਾਨ ਪਲਵਿੰਦਰ ਸਿੰਘ ਸੰਧੂ ਨੇ ਅੱਜ ਪੁਲਿਸ ਪਾਰਟੀ ਸਮੇਤ ਸਰਕਾਰੀ ਗਵਾਹਾਂ ਰਾਜਵਿੰਦਰ ਸਿੰਘ ਗੱਡੂ ਸੀ ਡੀ ਪੀ ਓ ਬਲਾਕ-1 ਮੋਗਾ ਅਤੇ ਦਵਿੰਦਰ ਕੌਰ ਬੀ ਡੀ ਪੀ ਓ ਬਲਾਕ 2 ਮੋਗਾ ਦੀ ਹਾਜ਼ਰੀ ਵਿਚ ਦਲਜੀਤ ਸਿੰਘ ਏ ਐੱਸ ਆਈ ਨੂੰ ਥਾਣਾ ਸਿਟੀ ਦੇ ਸਾਹਮਣੇ 5 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ ਗਿ੍ਰਫਤਾਰ ਕਰ ਲਿਆ। ਦਲਜੀਤ ਸਿੰਘ ਖਿਲਾਫ ਕਰੱਪਸ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।