ਅਪੰਗ ਵਿਅਕਤੀਆਂ ਲਈ ਸਿਵਲ ਹਸਪਤਾਲ ਮੋਗਾ ਵਿਖੇ ਸੇਵਾ ਕੈਂਪ 25 ਜੁਲਾਈ ਨੂੰ-ਮਨਿੰਦਰ ਕੌਰ ਮਿਨਹਾਸ
ਮੋਗਾ 24 ਜੁਲਾਈ(ਜਸ਼ਨ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਪੰਗ ਵਿਅਕਤੀਆਂ ਨੂੰ ਵੱਖ-ਵੱਖ ਸਹੂਲਤਾਂ ਪ੍ਰਦਾਨ ਕਰਨ ਲਈ ਜ਼ਿਲੇ ‘ਚ ਵਿਸ਼ੇਸ਼ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਅੱਜ ਮਿਤੀ 25 ਜੁਲਾਈ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਇਹ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮੋਗਾ ਡਾ: ਮਨਿੰਦਰ ਕੌਰ ਮਿਨਹਾਸ ਨੇ ਦੱਸਿਆ ਕਿ ਇਸ ਕੈਂਪ ਵਿੱਚ ਲੋੜਵੰਦ ਅੰਗਹੀਣ ਵਿਅਕਤੀਆਂ ਦੇ ਬੱਸ ਪਾਸ, ਰੇਲਵੇ ਸ਼ਨਾਖਤੀ ਕਾਰਡ ਅਤੇ ਅਪੰਗਤਾ ਸਰਟੀਫ਼ੀਕੇਟ ਬਣਾਏ ਜਾਣਗੇ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲੇ ਵਿੱਚ ਢੁੱਡੀਕੇ, ਧਰਮਕੋਟ, ਡਰੋਲੀ ਭਾਈ ਅਤੇ ਬਾਘਾਪੁਰਾਣਾ ਵਿਖੇ ਕੈਂਪ ਲਗਾਏ ਜਾ ਚੁੱਕੇ ਹਨ ਅਤੇ 27 ਜੁਲਾਈ ਨੂੰ ਕਮਿਊਨਿਟੀ ਹੈਲਥ ਸੈਂਟਰ ਨਿਹਾਲ ਸਿੰਘ ਵਾਲਾ ਵਿਖੇ ਕੈਂਪ ਲਗਾਇਆ ਜਾਵੇਗਾ। ਉਨਾਂ ਦੱਸਿਆ ਕਿ ਇੰਨਾਂ ਕੈਂਪਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ ਅਤੇ ਇੰਨਾਂ ਕੈਂਪਾਂ ‘ਚ ਸਿਵਲ ਹਸਪਤਾਲ ਮੋਗਾ ਤੋਂ ਡਾਕਟਰਾਂ ਦੀ ਟੀਮ ਵੱਲੋਂ ਅੰਗਹੀਣ ਵਿਅਕਤੀਆਂ ਨੂੰ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨਾਂ ਕਿਹਾ ਕਿ ਕੈਂਪ ਵਿੱਚ ਆਉਣ ਵਾਲੇ ਲਾਭਪਾਤਰੀਆਂ ਲਈ ਆਪਣਾ ਅਧਾਰ ਕਾਰਡ, ਰਿਹਾਇਸ਼ੀ ਸਬੂਤ ਵਜੋਂ ਦਸਤਾਵੇਜ਼ ਅਤੇ ਛੇ ਪਾਸਪੋਰਟ ਸਾਈਜ਼ ਦੀਆਂ ਅੰਗਹੀਣਤਾ ਦਰਸਾਉਂਦੀਆਂ ਫੋਟੋਆਂ ਨਾਲ ਲੈ ਕੇ ਆਉਣਾ ਲਾਜ਼ਮੀ ਹੈ। ਉਨਾਂ ਇਹ ਵੀ ਦੱਸਿਆ ਕਿ ਜਿੰਨਾਂ ਵਿਅਕਤੀਆਂ ਦੇ ਪਹਿਲਾਂ ਅੰਗਹੀਣ ਸਰਟੀਫ਼ੀਕੇਟ ਬਣੇ ਹੋਏ ਹਨ, ਉਨਾਂ ਦੇ ਦੁਬਾਰਾ ਸਰਟੀਫੀਕੇਟ ਨਹੀਂ ਬਣਾਏ ਜਾਣਗੇ। ਇਸ ਮੌਕੇ ਅੰਗਹੀਣਾਂ ਲਈ ਕੰਮ ਕਰਦੀ ਜੱਥੇਬੰਦੀ ਦੇ ਮੈਂਬਰ ਪਰੇਮ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿੱਚ ਅਸੂਲ ਮੰਚ ਦੇ ਵਲੰਟੀਅਰਾਂ ਦੀ ਮੱਦਦ ਨਾਲ ਰੇਲਵੇ ਟਿਕਟ ਮੁਆਫ਼ੀ ਦੇ ਫ਼ਾਰਮ ਵੀ ਭਰੇ ਜਾਣਗੇ ਅਤੇ ਮੋਗਾ ਜ਼ਿਲੇ ਦੇ ਬਾਕੀ ਕੈਂਪਾਂ ਵਿੱਚ ਜੋ ਲਾਭਪਾਤਰੀ ਆਪਣੇ ਦਸਤਾਵੇਜ਼ ਨਹੀਂ ਬਣਾ ਸਕੇ, ਉਹ ਵੀ ਇਸ ਕੈਂਪ ‘ਚ ਆ ਕੇ ਲਾਭ ਉਠਾ ਸਕਦੇ ਹਨ। ਪ੍ਰੇਮ ਭੂਸ਼ਨ ਗੁਪਤਾ ਜੋ ਖੁਦ ਨੇਤਰਹੀਣ ਹਨ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਨੂੰ ਇੰਨਾਂ ਕੈਂਪਾਂ ਸਬੰਧੀ ਆਸ-ਪਾਸ ਦੇ ਅੰਗਹੀਣ ਵਿਅਕਤੀਆਂ ਨੂੰ ਜਾਣਕਾਰੀ ਦੇਣ ਦੀ ਅਪੀਲ ਕੀਤੀ, ਤਾਂ ਜੋ ਲੋੜਵੰਦ ਅੰਗਹੀਣ ਵਿਅਕਤੀ ਲਾਭ ਉਠਾ ਸਕਣ। ਡਾ: ਹਰਨੇਕ ਸਿੰਘ ਰੋਡੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਗਹੀਣ ਵਿਅਕਤੀਆਂ ਦੇ ਮੁੱਢਲੇ ਤੌਰ ‘ਤੇ ਅੰਗਹੀਣਤਾ ਸਰਟੀਫਿਕੇਟ ਬਣਾਏ ਜਾਣੇ ਅਤੀ ਜ਼ਰੂਰੀ ਹਨ, ਤਾਂ ਜਂੋ ਉਹ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਉਠਾ ਸਕਣ।