ਸਰਬੱਤ ਦਾ ਭਲਾ ਟਰੱਸਟ ਵੱਲੋਂ ਵਜ਼ੀਫ਼ਾ ਵੰਡ ਸਮਾਰੋਹ ਕਰਵਾਇਆ ਗਿਆ

ਮੋਗਾ, 24 ਜੁਲਾਈ (ਜਸਵੰਤ ਗਿੱਲ)-ਮੋਗਾ ਜ਼ਿਲੇ ਦੇ ਪਿੰਡ ਸੇਖਾ ਕਲਾਂ ਵਿਖੇ ਸਰਬੱਤ ਦਾ ਭਲਾ ਵਿਦਿਆਰਥੀ ਭਲਾਈ ਯੋਜਨਾ ਤਹਿਤ ਦਸ਼ਮੇਸ਼ ਡੈਂਟਲ ਕਾਲਜ ਫਰੀਦਕੋਟ ਵੱਲੋਂ ਵਜ਼ੀਫ਼ਾ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਸਮਾਗਮ ਦੌਰਾਨ ਬਠਿੰਡਾ,ਫਰੀਦਕੋਟ ਅਤੇ ਮੁਕਤਸਰ ਸਾਹਿਬ ਜ਼ੋਨਾਂ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਸਰਬੱਤ ਦਾ ਭਲਾ ਵਿਦਿਆਰਥੀ ਭਲਾਈ ਯੋਜਨਾ ਤਹਿਤ ਵੰਡੇ ਜਾਂਦੇ ਇਸ ਵਜ਼ੀਫੇ ਨੂੰ ਪ੍ਰਾਪਤ ਕਰਨ ਵਿਚ ਕੇਵਲ ਸਿੰਘ ਸਰਕਾਰੀ ਹਾਈ ਸਕੂਲ ਸੇਖਾ ਕਲਾਂ ਮੋਗਾ ਦਾ ਵਿਦਿਆਰਥੀ ਦਵਿੰਦਰ ਸਿੰਘ ਸਪੁੱਤਰ ਸ: ਪ੍ਰਗਟ ਸਿੰਘ ਸਫਲ ਰਿਹਾ। ਇਸ ਮੌਕੇ ਹੋਏ ਸਮਾਗਮ ਦੌਰਾਨ ਸਰਬੱਤ ਦਾ ਭਲਾ ਟਰੱਸਟ ਦੇ ਅਹੁਦੇਦਾਰਾਂ ਨੇ 2 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਕੁੱਲ 178 ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦਿੱਤੀ। ਸਰਕਾਰੀ ਹਾਈ ਸਕੂਲ ਦੇ ਮਾਸਟਰ ਸੁਖਚੈਨ ਸਿੰਘ  ਨੇ ਇਸ ਵਿਦਿਆਰਥੀ ਭਲਾਈ ਯੋਜਨਾ ਸੰਬਧੀ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਕੀਮ ਜਿੱਥੇ ਬੱਚਿਆਂ ਵਿਚ ਨੈਤਿਕ ਗੁਣਾਂ ਦਾ ਵਿਕਾਸ ਕਰੇਗੀ ਉੱਥੇ ਬੱਚਿਆਂ ਦੀ ਆਰਥਿਕ ਤੌਰ ’ਤੇ ਮਦਦ ਵਿਚ ਵੀ ਸਹਾਈ ਹੋਵੇਗੀ ।