ਸੂਚਨਾ ਅਧਿਕਾਰ ਐਕਟ ਸਬੰਧੀ ਜਾਣਕਾਰੀ ਦੇਣ ਲਈ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ

ਮੋਗਾ 24 ਜੁਲਾਈ(ਜਸ਼ਨ)-ਸੂਚਨਾ ਅਧਿਕਾਰ ਐਕਟ-2005 ਸਰਕਾਰੀ ਕੰਮਾਂ ‘ਚ ਪਾਰਦਰਸ਼ਤਾ ਅਤੇ ਜਵਾਬਦੇਹੀ ਦਾ ਸੁਮੇਲ ਹੈ ਅਤੇ ਇਸ ਐਕਟ ਤਹਿਤ ਮੰਗੀ ਗਈ ਸੂਚਨਾ ਨਿਸ਼ਚਿਤ ਸਮੇਂ ਵਿੱਚ ਮੁਹੱਈਆ ਕਰਵਾਉਣਾ ਹਰੇਕ ਲੋਕ ਸੂਚਨਾ ਅਫ਼ਸਰ ਦੀ ਜ਼ਿੰਮੇਵਾਰੀ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ ਚੰਡੀਗੜ ਦੇ ਖੇਤਰੀ ਕੇਂਦਰ ਬਠਿੰਡਾ ਵੱਲੋਂ ਸੂਚਨਾ ਐਕਟ 2005 ਵਿਸ਼ੇ ‘ਤੇ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਦੌਰਾਨ ਸੰਬੋਧਨ ਕਰਦਿਆਂ ਕੀਤਾ। ਸ. ਦਿਲਰਾਜ ਸਿੰਘ ਨੇ ਦੱਸਿਆ ਕਿ ਸੂਚਨਾ ਪ੍ਰਾਪਤੀ ਦਾ ਅਧਿਕਾਰ ਐਕਟ-2005 ਨਾਗਰਿਕਾਂ ਨੂੰ ਕਿਸੇ ਵੀ ਜਨਤਕ ਅਥਾਰਟੀ ਕੋਲੋਂ ਜਾਣਕਾਰੀ ਹਾਸਲ ਕਰਨ ਦਾ ਅਖ਼ਤਿਆਰ ਦਿੰਦਾ ਹੈ।  ਉਨਾਂ ਇਸ ਸਿਖਲਾਈ ਵਰਕਸ਼ਾਪ ‘ਚ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਐਕਟ ਤਹਿਤ ਮੰਗੀ ਗਈ ਸੂਚਨਾ ਨਿਰਧਾਰਿਤ ਸਮੇਂ ‘ਚ ਦੇਣੀ ਯਕੀਨੀ ਬਣਾਉਣ ਅਤੇ ਮੰਗੀ ਗਈ ਪੂਰੀ ਸੂਚਨਾ ਬਿਨੈ-ਕਰਤਾ ਨੂੰ ਦਿੱਤੀ ਜਾਵੇ। ਉਨਾਂ ਜ਼ਿਲੇ ਦੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਮੈਗਸੀਪਾ ਦੇ ਖੇਤਰੀ ਕੋ-ਆਰਡੀਨੇਟਰ ਸ੍ਰੀ ਮਨਦੀਪ ਸਿੰਘ ਨੇ ਦੱਸਿਆ ਕਿ ਇਹ ਸਿਖਲਾਈ ਵਰਕਸ਼ਾਪ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਗਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸ ਦਾ ਮੁੱਖ ਮਕਸਦ ਸੂਚਨਾ ਅਧਿਕਾਰ ਐਕਟ ਅਧੀਨ ਲੋਕ ਸੂਚਨਾ ਅਫ਼ਸਰਾਂ ਤੇ ਸਹਾਇਕ ਲੋਕ ਸੂਚਨਾ ਅਫ਼ਸਰਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਨਿਪਟਾਰੇ ਬਾਰੇ ਜਾਣੂ ਕਰਵਾਉਣਾ ਹੈ ਅਤੇ ਇਸ ਐਕਟ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ ਜ਼ੋਰ ਦੇਣਾ ਹੈ। ਇਸ ਮੌਕੇ ਟ੍ਰੇਨਿੰਗ ਪ੍ਰੋਗਰਾਮ ਦੇ ਰਿਸੋਰਸ ਪਰਸਨ ਐਡਵੋਕੇਟ ਦਰਸ਼ਨ ਸਿੰਘ ਬਜਾਜ਼ ਨੇ ਬਿਨੈਕਾਰ ਵੱਲੋਂ ਸੂਚਨਾ ਪ੍ਰਾਪਤ ਕਰਨ ਦੇ ਅਧਿਕਾਰ ਅਤੇ ਅਧਿਕਾਰੀਆਂ/ਕ੍ਰਮਚਾਰੀਆਂ ਨੂੰ ਸੁਚਾਰੂ ਢੰਗ ਨਾਲ ਰਿਕਾਰਡ ਮੇਨਟੇਨ ਕਰਨ ਬਾਰੇ ਵਿਸਥਾਰ-ਪੂਰਵਿਕ ਚਾਨਣਾ ਪਾਇਆ। ਪ੍ਰੋਗਰਾਮ ਦੇ ਅੰਤ ਵਿੱਚ ਭਾਗੀਦਾਰਾਂ ਦੀ ਗਰੁੱਪ ਡਿਸਕਸ਼ਨ ਵੀ ਕਰਵਾਈ ਗਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ ਹਰਪ੍ਰੀਤ ਸਿੰਘ ਅਟਵਾਲ, ਜ਼ਿਲਾ ਮਾਲ ਅਫ਼ਸਰ ਮੋਗਾ ਮੈਡਮ ਸਵਿਤਾ, ਐਸ.ਡੀ.ਐਮ ਧਰਮਕੋਟ ਨਰਿੰਦਰ ਸਿੰਘ, ਐਸ.ਪੀ.(ਹੈਡ) ਬਲਬੀਰ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕ੍ਰਮਚਾਰੀ ਹਾਜ਼ਰ ਸਨ।